ਸੰਗੀਤ ਜਗਤ 'ਚ ਛਾਇਆ ਮਾਤਮ, ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ
Wednesday, Nov 06, 2024 - 05:36 AM (IST)
ਨਵੀਂ ਦਿੱਲੀ- ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਬਿਹਾਰ ਦੀ ਮਸ਼ਹੂਰ ਲੋਕ ਗਾਇਕਾ ਸ਼ਾਰਦਾ ਸਿਨਹਾ (72) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਮੰਗਲਵਾਰ ਦੇਰ ਸ਼ਾਮ ਦਿੱਲੀ ਏਮਜ਼ ’ਚ ਆਖਰੀ ਸਾਹ ਲਿਆ। ਸੋਮਵਾਰ ਸ਼ਾਮ ਨੂੰ ਉਨ੍ਹਾਂ ਦੀ ਸਿਹਤ ਹੋਰ ਵਿਗੜ ਗਈ ਸੀ। ਉਹ 2017 ਤੋਂ ਮਲਟੀਪਲ ਮਾਈਲੋਮਾ (ਬਲੱਡ ਕੈਂਸਰ ਦੀ ਇਕ ਕਿਸਮ) ਤੋਂ ਪੀੜਤ ਸੀ।
ਸ਼ਾਰਦਾ ਸਿਨਹਾ ਆਪਣੇ ਪ੍ਰਸ਼ੰਸਕਾਂ ਵਿਚ ‘ਕਾਰਤਿਕ ਮਾਸ ਇਜੋਰੀਆ’ ਅਤੇ ‘ਕੋਇਲ ਬਿਨ’ ਵਰਗੇ ਲੋਕ ਗੀਤਾਂ ਦੇ ਨਾਲ-ਨਾਲ ਫਿਲਮ ‘ਗੈਂਗਸ ਆਫ ਵਾਸੇਪੁਰ-2’ ਦੇ ਬਾਲੀਵੁੱਡ ਗੀਤ ‘ਤਾਰ ਬਿਜਲੀ’ ਅਤੇ ਫਿਲਮ ‘ਹਮ ਆਪਕੇ ਹੈਂ ਕੌਨ’ ਦੇ ‘ਬਾਬੁਲ’ ਗੀਤਾਂ ਲਈ ਜਾਣੀ ਜਾਂਦੀ ਹੈ।
'ਬਿਹਾਰ ਕੋਕਿਲਾ' ਦੇ ਨਾਂ ਨਾਲ ਮਸ਼ਹੂਰ ਸ਼ਾਰਦਾ ਸਿਨਹਾ ਛੱਠ ਪੂਜਾ ਅਤੇ ਵਿਆਹ ਦੇ ਮੌਕਿਆਂ 'ਤੇ ਗਾਏ ਜਾਣ ਵਾਲੇ ਲੋਕ ਗੀਤਾਂ ਕਾਰਨ ਆਪਣੇ ਗ੍ਰਹਿ ਰਾਜ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਪ੍ਰਸਿੱਧ ਹੈ।