26 ਜਨਵਰੀ ਮੌਕੇ ਦਲੇਰ ਮਹਿੰਦੀ ਕਰਨਗੇ ਭਾਰਤ ਦਾ ਪਹਿਲਾ ਵਰਚੂਅਲ ਲਾਈਵ ਕੰਸਰਟ

01/22/2022 10:35:25 AM

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਤੇ ਹਿੰਦੀ ਪੌਪ ਗਾਇਕ ਦਲੇਰ ਮਹਿੰਦੀ 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਭਾਰਤ ਦਾ ਪਹਿਲਾ ਵਰਚੂਅਲ ਕੰਸਰਟ ਕਰਨ ਜਾ ਰਹੇ ਹਨ। ਦਲੇਰ ਮਹਿੰਦੀ ਆਪਣੇ ਇਸ ਕੰਸਰਟ ਦੌਰਾਨ ‘ਨਮੋ ਨਮੋ’ ਤੇ ‘ਜਾਗੋ ਇੰਡੀਆ’ ਵਰਗੇ ਗੀਤਾਂ ’ਤੇ ਪੇਸ਼ਕਾਰੀ ਦੇਣਗੇ। ਇਸ ਦੇ ਨਾਲ ਹੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਿਸ਼ੇਸ਼ ਟਰੈਕ ਵੀ ਸਮਰਪਿਤ ਕਰਨਗੇ।

ਦੱਸ ਦੇਈਏ ਕਿ ਮੈਟਾਵਰਸ ਕੰਸਰਟ ਇਕ ਨਵੀਂ ਚੀਜ਼ ਲੋਕਾਂ ਸਾਹਮਣੇ ਲਿਆਂਦੀ ਗਈ ਹੈ, ਜਿਸ ’ਚ ਕਿਸੇ ਦਾ ਵਰਚੂਅਲ ਅਵਤਾਰ ਸਕ੍ਰੀਨ ’ਤੇ ਦਿਖਾਈ ਦਿੰਦਾ ਹੈ ਤੇ ਉਹ ਵਰਚੂਅਲ ਪੇਸ਼ਕਾਰੀ ਦਿੰਦਾ ਹੈ। ਦਲੇਰ ਮਹਿੰਦੀ ਅਜਿਹਾ ਵਰਚੂਅਲ ਕੰਸਰਟ ਕਰਨ ਵਾਲੇ ਪਹਿਲੇ ਭਾਰਤੀ ਗਾਇਕ ਬਣ ਗਏ ਹਨ।

ਇਸ ਤੋਂ ਪਹਿਲਾਂ ਟ੍ਰੈਵਿਸ ਸਕਾਟ, ਜਸਟਿਨ ਬੀਬਰ, ਮਾਰਸ਼ਮੈਲੋ ਤੇ ਅਰਿਆਨਾ ਗ੍ਰਾਂਡੇ ਵਰਗੇ ਮਸ਼ਹੂਰ ਹਾਲੀਵੁੱਡ ਸਿਤਾਰੇ ਵਰਚੂਅਲ ਕੰਸਰਟ ’ਚ ਪੇਸ਼ਕਾਰੀ ਦੇ ਚੁੱਕੇ ਹਨ।

ਦੱਸ ਦੇਈਏ ਕਿ ਇਕ ਪੀਅਰ-ਟੂ-ਪੀਅਰ ਨੈੱਟਵਰਕ ਦੇ ਆਧਾਰ ’ਤੇ ਮੇਟਾਵਰਸ ਕਲਾਕਾਰਾਂ ਨੂੰ ਦੁਨੀਆ ’ਚ ਕਿਤੇ ਵੀ ਲਾਈਵ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੰਦਾ ਹੈ, ਜਦਕਿ ਦਰਸ਼ਕ ਉਨ੍ਹਾਂ ਨੂੰ ਆਪਣੇ ਘਰ ’ਚ ਆਰਾਮ ਨਾਲ ਬੈਠ ਕੇ ਆਪਣੇ ਟੀ. ਵੀ. ਸਕ੍ਰੀਨ ’ਤੇ ਦੇਖ ਸਕਦੇ ਹਨ।

ਇਹੀ ਨਹੀਂ, ਕੰਸਰਟ ਦੌਰਾਨ ਨੌਨ ਫੰਜੀਬਲ ਟੋਕਨਜ਼ (ਐੱਨ. ਐੱਫ. ਟੀ.) ਨੂੰ ਵੀ ਲਾਂਚ ਕੀਤਾ ਜਾਵੇਗਾ। ਗੇਮੀਟ੍ਰੋਨਿਕਸ ਨਾਂ ਦੇ ਇਕ ਹੈਦਰਾਬਾਦ ਆਧਾਰਿਤ ਗੇਮ ਸਟੂਡੀਓ ਨੇ ਇਹ ਬਲਾਕਚੇਨ ਸੰਚਾਲਿਤ ਮੇਟਾਵਰਸ ਬਣਾਇਆ ਹੈ, ਜੋ ਖੇਡਣਯੋਗ ਐੱਨ. ਐੱਫ. ਟੀ. ਦੀ ਪੇਸ਼ਕਸ਼ ਕਰਦਾ ਹੈ। ਇਹ ਇਕ ਕਿਸਮ ਦੀਆਂ ਟਿਕਟਾਂ ਹੁੰਦੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News