ਪੰਜ ਸਾਲ ਲੱਗੇ ‘ਬ੍ਰਹਮਾਸਤਰ’ ਨੂੰ ਤਿਆਰ ਹੋਣ ’ਚ : ਅਯਾਨ ਮੁਖਰਜੀ
Tuesday, Jun 07, 2022 - 01:36 PM (IST)
ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਬ੍ਰਹਮਾਸਤਰ’ 9 ਸਤੰਬਰ, 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਬਣਾਉਣ ’ਚ ਡਾਇਰੈਕਟਰ ਅਯਾਨ ਮੁਖਰਜੀ ਨੂੰ 5 ਸਾਲ ਲੱਗੇ, ਇਸ ਲਈ ਇਹ ਉਨ੍ਹਾਂ ਲਈ ਵੀ ਬੇਹੱਦ ਖ਼ਾਸ ਹੈ। ਫ਼ਿਲਮ ’ਚ ਅਮਿਤਾਭ ਬੱਚਨ, ਨਾਗਾਰਜੁਨ, ਰਣਬੀਰ ਕਪੂਰ, ਆਲੀਆ ਭੱਟ ਤੇ ਮੌਨੀ ਰਾਏ ਮੁੱਖ ਭੂਮਿਕਾ ’ਚ ਹਨ। ਫ਼ਿਲਮ ਨੂੰ ਲੈ ਕੇ ਅਯਾਨ ਮੁਖਰਜੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
‘ਬ੍ਰਹਮਾਸਤਰ’ ਕੀ ਹੈ ਤੇ ਸਾਨੂੰ ਇਸ ’ਚ ਕੀ ਕੁਝ ਦੇਖਣ ਨੂੰ ਮਿਲਣ ਵਾਲਾ ਹੈ?
ਇਹ ਤਿੰਨ ਹਿੱਸਿਆਂ ਵਾਲੀ ਫ਼ਿਲਮ ਹੈ, ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ‘ਬ੍ਰਹਮਾਸਤਰ’ ਭਾਗ 1 ਹੈ, ਇਸ ਦਾ ਨਾਮ ਹੈ ‘ਸ਼ਿਵਾ’। ਸ਼ਿਵਾ ਇਸ ਲਈ ਕਿਉਂਕਿ ਇਸ ਫ਼ਿਲਮ ਦੇ ਨਾਇਕ ਦਾ ਨਾਮ ‘ਸ਼ਿਵਾ’ ਹੈ। ‘ਬ੍ਰਹਮਾਸਤਰ’ ਦੇਵਤਿਆਂ ਦੇ ਸਭ ਤੋਂ ਸ਼ਕਤੀਸ਼ਾਲੀ ਅਸਤਰ ਨੂੰ ਕਿਹਾ ਜਾਂਦਾ ਹੈ। ਫ਼ਿਲਮ ਲਈ ਅਸੀਂ ਇਸ ਤੋਂ ਪ੍ਰੇਰਨਾ ਲਈ ਤੇ ਇਕ ਕਹਾਣੀ ਲਿਖੀ, ਜੋ ਇਕਦਮ ਕਾਲਪਨਿਕ ਹੈ। ਸਾਡੀ ਫ਼ਿਲਮ ’ਚ ਵੀ ਇਕ ਅਸਤਰ ਹੈ, ਜਿਸ ਦਾ ਨਾਮ ਹੈ ‘ਬ੍ਰਹਮਾਸਤਰ’, ਜੋ ਅਸਲ ‘ਬ੍ਰਹਮਾਸਤਰ’ ਦੀ ਤਰ੍ਹਾਂ ਬਹੁਤ ਸ਼ਕਤੀਸ਼ਾਲੀ ਹੈ। ‘ਸ਼ਿਵਾ’ ਤੇ ‘ਬ੍ਰਹਮਾਸਤਰ’ ’ਚ ਬਹੁਤ ਹੀ ਰੋਚਕ ਕਨੈਕਸ਼ਨ ਹੈ। ਇਸ ਫ਼ਿਲਮ ’ਚ ਜਿਸ ਤਰ੍ਹਾਂ ਦਾ ਸਕੇਲ ਤੇ ਇਫੈਕਟਸ ਦਰਸ਼ਕਾਂ ਨੂੰ ਦੇਖਣ ਲਈ ਮਿਲਣਗੇ, ਉਹ ਉਨ੍ਹਾਂ ਨੇ ਭਾਰਤੀ ਸਿਨੇਮਾ ’ਚ ਪਹਿਲਾਂ ਕਦੇ ਨਹੀਂ ਵੇਖੇ ਹੋਣਗੇ।
ਇਹ ਕਾਂਸੈਪਟ ਤੁਹਾਡੇ ਜ਼ਹਿਨ ’ਚ ਕਿਵੇਂ ਤੇ ਕਦੋਂ ਆਇਆ?
ਇਸ ਫ਼ਿਲਮ ਦੀ ਸ਼ੁਰੂਆਤ 2011 ਤੋਂ ਹੀ ਹੋ ਗਈ ਸੀ। ਉਦੋਂ ਤੋਂ ਇਸ ਸੁਪਨੇ ਨੂੰ ਹਕੀਕਤ ’ਚ ਬਦਲਣ ਦੀ ਕੋਸ਼ਿਸ਼ ਜਾਰੀ ਸੀ। ‘ਬ੍ਰਹਮਾਸਤਰ’ ’ਚ ਕਈ ਪ੍ਰੇਰਨਾਵਾਂ ਹਨ ਪਰ ਜੋ ਸਭ ਤੋਂ ਮੁੱਖ ਹੈ, ਉਹ ਹੈ ਸਾਡਾ ਖ਼ੁਦ ਦਾ ਇਤਿਹਾਸ ਤੇ ਮਿਥਿਆਸ। ਮੈਂ ਇਸ ਤੋਂ ਬਹੁਤ ਪ੍ਰੇਰਨਾ ਲਈ। ਮੈਨੂੰ ਲੱਗਦਾ ਹੈ ਕਿ ਹਰ ਭਾਰਤੀ ਆਪਣੇ ਸੱਭਿਆਚਾਰ ਦੀ ਡੂੰਘਾਈ ਨਾਲ ਜੁੜਿਆ ਹੋਇਆ ਹੈ ਤੇ ਉਹੀ ਜੜ੍ਹ ਹੈ ਬ੍ਰਹਮਾਸਤਰ ਦੀ। ਮੈਂ ਉਸੇ ਤੋਂ ਪ੍ਰੇਰਨਾ ਲੈ ਕੇ ਇਕ ਕਾਲਪਨਿਕ ਕਹਾਣੀ ਲਿਖੀ। ‘ਬ੍ਰਹਮਾਸਤਰ’ ਦੀ ਪ੍ਰੇਰਨਾ ਸਾਡੇ ਮਿਥਿਆਸ ਤੋਂ ਹੈ ਪਰ ਫ਼ਿਲਮ ਦੀ ਸੈਟਿੰਗ ਅੱਜ ਦੀ ਦੁਨੀਆ ’ਚ ਹੈ। ਪ੍ਰਾਚੀਨ ਭਾਰਤ ਤੇ ਦੁਨੀਆ ਦਾ ਮਿਲਣ ‘ਬ੍ਰਹਮਾਸਤਰ’ ਹੈ।
ਨਾਗਾਰਜੁਨ ਨੂੰ ਫ਼ਿਲਮ ’ਚ ਲੈਣ ਦਾ ਕੋਈ ਖ਼ਾਸ ਕਾਰਨ?
ਫ਼ਿਲਮ ਦੀ ਕਹਾਣੀ ਲਈ ਨਾਗਾਰਜੁਨ ਬਿਲਕੁਲ ਪ੍ਰਫੈਕਟ ਸਨ। ਨਾਗਾਰਜੁਨ ਦੇ ਇਸ ਫ਼ਿਲਮ ਦਾ ਹਿੱਸਾ ਬਣਨ ਨਾਲ ਇਹ ਫ਼ਿਲਮ ਹੋਰ ਵੀ ਵੱਡੀ ਬਣ ਗਈ। ਮੇਰਾ ਮੰਨਣਾ ਹੈ ਕਿ ਕਹਾਣੀ ਮੁਤਾਬਕ ਜੇਕਰ ਐਕਟਰ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਹਨ ਤਾਂ ਫ਼ਿਲਮ ਹੋਰ ਵੀ ਜ਼ਿਆਦਾ ਅਮੀਰ ਹੋ ਜਾਵੇਗੀ। ਇਹ ਫ਼ਿਲਮ ਹਿੰਦੀ ਤੋਂ ਜ਼ਿਆਦਾ ਨੈਸ਼ਨਲ ਫ਼ਿਲਮ ਬਣ ਜਾਵੇਗੀ।
ਫ਼ਿਲਮ ਦੀ ਸਟਾਰਕਾਸਟ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਰਿਹਾ?
‘ਬ੍ਰਹਮਾਸਤਰ’ ਦੀ ਟੀਮ ਸਟਾਰਸ ਨਹੀਂ, ਸੋਲਜਰ ਹਨ। ਫ਼ਿਲਮ ਦੀ ਸ਼ੂਟਿੰਗ ਦੌਰਾਨ ਕਈ ਸਮੱਸਿਆਵਾਂ ਵੀ ਆਈਆਂ, ਜਿਨ੍ਹਾਂ ਦਾ ਸਭ ਨੇ ਮਿਲ ਕੇ ਸਾਹਮਣਾ ਕੀਤਾ। ਇਸ ਲਈ ਮੈਂ ਕਿਹਾ ਸਾਰੇ ਸੋਲਜਰ ਹਨ, ਜਿਨ੍ਹਾਂ ਨੇ ਹਰ ਹਾਲਾਤ ਦਾ ਡਟਕੇ ਮੁਕਾਬਲਾ ਕੀਤਾ ਤੇ ਫ਼ਿਲਮ ਪੂਰੀ ਕੀਤੀ।
ਕੀ ਨਵਾਂ ਦੇਖਣ ਨੂੰ ਮਿਲੇਗਾ ਦਰਸ਼ਕਾਂ ਨੂੰ?
ਸਾਡੇ ਦਰਸ਼ਕਾਂ ਨੂੰ ਵੱਖ-ਵੱਖ ਕਿਸਮ ਦੀਆਂ ਫ਼ਿਲਮਾਂ ਵੇਖਣਾ ਪਸੰਦ ਹਨ। ਮੈਂ ਦਾਅਵਾ ਕਰਦਾ ਹਾਂ ਕਿ ‘ਬ੍ਰਹਮਾਸਤਰ’ ਦੇ ਰੂਪ ’ਚ ਉਨ੍ਹਾਂ ਨੂੰ ਇਕ ਅਜਿਹੀ ਫ਼ਿਲਮ ਦੇਖਣ ਨੂੰ ਮਿਲੇਗੀ, ਜੋ ਉਨ੍ਹਾਂ ਨੇ ਹੁਣ ਤਕ ਵੇਖੀ ਨਹੀਂ ਹੋਵੇਗੀ। ਇਸ ’ਚ ਅਜਿਹੇ ਵਿਜ਼ੂਅਲਜ਼ ਤੇ ਇਫੈਕਟਸ ਦੇਖਣ ਨੂੰ ਮਿਲਣਗੇ, ਜੋ ਕਦੇ ਕਿਸੇ ਭਾਰਤੀ ਫ਼ਿਲਮ ’ਚ ਆਏ ਹੀ ਨਹੀਂ। ਨਾਲ ਹੀ ਇਹ ਫ਼ਿਲਮ ਸਾਡੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ।
ਕੀ ਇਹ ਫ਼ਿਲਮ ਕੋਈ ਸਮਾਜਿਕ ਸੰਦੇਸ਼ ਵੀ ਦਿੰਦੀ ਹੈ?
ਸਮਾਜਿਕ ਤਾਂ ਨਹੀਂ ਪਰ ਇਕ ਸੰਦੇਸ਼ ਜ਼ਰੂਰ ਹੈ ‘ਬ੍ਰਹਮਾਸਤਰ’ ’ਚ, ਉਹ ਇਹ ਕਿ ਸਾਡੀ ਹਿੰਦੂ ਫਿਲਾਸਫੀ ਦੀਆਂ ਕੁਝ ਮੁੱਖ ਗੱਲਾਂ ਫ਼ਿਲਮ ’ਚ ਬਹੁਤ ਐਂਟਰਟੇਨਿੰਗ ਤੇ ਮਾਡਰਨ ਤਰੀਕੇ ਨਾਲ ਦੇਖਣ ਲਈ ਮਿਲਣਗੀਆਂ ਲੋਕਾਂ ਨੂੰ। ਮੇਰੀ ਜ਼ਿੰਦਗੀ ’ਚ ‘ਬ੍ਰਹਮਾਸਤਰ’ ਤੋਂ ਵੱਡਾ ਡਰੀਮ ਪ੍ਰਾਜੈਕਟ ਹੋਰ ਨਹੀਂ ਹੈ।