ਨਵਾਂ ਮੋਬਾਇਲ ਵਾਰ-ਵਾਰ ਖ਼ਰਾਬ ਹੋਣ ’ਤੇ ਕੰਪਨੀ ਨੂੰ ਲੱਗਾ ਜੁਰਮਾਨਾ

Wednesday, Jul 30, 2025 - 03:22 PM (IST)

ਨਵਾਂ ਮੋਬਾਇਲ ਵਾਰ-ਵਾਰ ਖ਼ਰਾਬ ਹੋਣ ’ਤੇ ਕੰਪਨੀ ਨੂੰ ਲੱਗਾ ਜੁਰਮਾਨਾ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਵਨਪਲੱਸ ਟੈਕਨਾਲੋਜੀ ਇੰਡੀਆ ਨੂੰ ਅਨੁਚਿਤ ਵਪਾਰਕ ਵਿਵਹਾਰ ਦਾ ਦੋਸ਼ੀ ਠਹਿਰਾਉਂਦਿਆਂ ਸ਼ਿਕਾਇਤਕਰਤਾ ਨੂੰ ਮੋਬਾਇਲ ਲਈ ਅਦਾ ਕੀਤੇ 64,200 ਰੁਪਏ ਦੀ ਰਕਮ 9 ਫ਼ੀਸਦੀ ਸਲਾਨਾ ਵਿਆਜ ਦਰ ’ਤੇ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਹੈ। ਪੇਸ਼ੇ ਤੋਂ ਵਕੀਲ ਸੈਕਟਰ-4 ਵਾਸੀ ਨੇ ਦੀਪਾਲੀ ਨੇ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ’ਚ ਦੱਸਿਆ ਕਿ 4 ਜੂਨ 2021 ਨੂੰ ਸੈਕਟਰ-22 ਸਥਿਤ ਦੁਕਾਨ ਤੋਂ ਵਨਪਲੱਸ-9 ਪ੍ਰੋ ਖਰੀਦਿਆ ਸੀ, ਜਿਸ ’ਚ 2 ਮਹੀਨੇ ਬਾਅਦ ਤਕਨੀਕੀ ਸਮੱਸਿਆ ਆਉਣ ਲੱਗੀ। ਕੈਮਰਾ ਗਰਮ ਹੋ ਕੇ ਹੈਂਗ ਹੋਣ ਲੱਗਿਆ। ਮੋਬਾਇਲ ਸਰਵਿਸ ਸੈਂਟਰ ’ਚ ਦਿੱਤਾ, ਜਿੱਥੇ ਰਿਪੇਅਰ ਤੋਂ ਬਾਅਦ ਫ਼ੋਨ ਵਾਪਸ ਕਰ ਦਿੱਤਾ ਗਿਆ ਪਰ ਡਾਟਾ ਡਿਲੀਟ ਕਰ ਦਿੱਤਾ ਗਿਆ। ਫਿਰ ਵੀ ਸਮੱਸਿਆ ਖ਼ਤਮ ਨਹੀਂ ਹੋਈ। ਸ਼ਿਕਾਇਤਕਰਤਾ ਨੇ ਮੋਬਾਇਲ ਨੂੰ ਫਿਰ ਸਰਵਿਸ ਸੈਂਟਰ ’ਚ ਜਮ੍ਹਾਂ ਕੀਤਾ, ਜਿੱਥੇ ਮਦਰ ਬੋਰਡ ਤੇ ਬੈਕ ਕਵਰ ਚਿਪਕਾਉਣ ਵਾਲਾ ਭਾਗ ਬਦਲਿਆ ਗਿਆ ਪਰ ਡਾਟਾ ਫਿਰ ਡਿਲੀਟ ਕਰ ਦਿੱਤਾ।

ਇਸ ਤੋਂ ਬਾਅਦ ਨਵੰਬਰ 2021 ’ਚ ਫ਼ੋਨ ਵਾਰ-ਵਾਰ ਗਰਮ ਤੇ ਹੈਂਗ ਹੋਣ ਵਰਗੀਆਂ ਤਕਨੀਕੀ ਸਮੱਸਿਆਵਾਂ ਆਉਣ ਲੱਗੀਆਂ ਤਾਂ ਸ਼ਿਕਾਇਤਕਰਤਾ ਨੇ ਰਿਪੇਅਰ ਲਈ ਸਰਵਿਸ ਸੈਂਟਰ ’ਚ ਦੇ ਦਿੱਤਾ। ਸ਼ਿਕਾਇਤਕਰਤਾ ਨੇ ਕੰਪਨੀ ਨੂੰ ਨੋਟਿਸ ਭੇਜ ਮੋਬਾਇਲ ਬਦਲਣ ਦੀ ਬੇਨਤੀ ਕੀਤੀ। ਦੋਸ਼ੀ ਧਿਰ ਨੇ ਮੋਬਾਇਲ ਰਿਪੇਅਰ ਕਰਕੇ ਭਰੋਸਾ ਦਿੱਤਾ ਕਿ ਜੇਕਰ ਸਮੱਸਿਆ ਬਣੀ ਰਹਿੰਦੀ ਹੈ ਤਾਂ ਫ਼ੋਨ ਬਦਲ ਦਿੱਤਾ ਜਾਵੇਗਾ। ਮੋਬਾਇਲ ਡਾਟਾ ਫਿਰ ਤੋਂ ਡਿਲੀਟ ਹੋ ਗਿਆ। ਇਸ ਕਾਰਨ ਉਸ ਨੂੰ ਮਾਨਸਿਕ ਤਣਾਅ ਹੋਇਆ, ਕਿਉਂਕਿ ਉਹ ਕੰਮਕਾਜੀ ਪੇਸ਼ੇਵਰ ਹੋਣ ਦੇ ਨਾਤੇ ਉਸੇ ’ਤੇ ਨਿਰਭਰ ਸੀ। ਮਈ ’ਚ ਫਿਰ ਮੋਬਾਇਲ ’ਚ ਸਮੱਸਿਆਵਾਂ ਆਉਣ ਲੱਗੀਆਂ। ਇਸ ’ਤੇ ਸ਼ਿਕਾਇਤਕਰਤਾ ਨੇ ਮੋਬਾਇਲ ਬਦਲਣ ਦੀ ਬੇਨਤੀ ਕੀਤੀ ਪਰ ਜਵਾਬਦੇਹ ਧਿਰ ਨੇ ਨਹੀਂ ਬਦਲਿਆ। ਪੀੜਤ ਨੇ ਅਨੁਚਿਤ ਵਪਾਰਕ ਵਿਵਹਾਰ ਦਾ ਦੋਸ਼ ਲਗਾਉਂਦਿਆਂ ਸ਼ਿਕਾਇਤ ਦਰਜ ਕਰਵਾਈ।
ਕੰਪਨੀ ਨੇ ਰੱਖਿਆ ਪੱਖ
ਦੂਜੇ ਪੱਖ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਕੈਮਰਾ ਵਰਤਦੇ ਸਮੇਂ ਫ਼ੋਨ ਗਰਮ ਹੋਣ ਤੋਂ ਇਲਾਵਾ ਹੋਰ ਸਮੱਸਿਆ ਨਹੀਂ ਦੱਸੀ ਸੀ। ਇਸ ਗੱਲ ਤੋਂ ਇਨਕਾਰ ਕੀਤਾ ਜਾਂਦਾ ਹੈ ਕਿ ਸ਼ਿਕਾਇਤਕਰਤਾ ਅਗਸਤ ਤੇ ਨਵੰਬਰ 2021 ’ਚ ਕੰਪਨੀ ਦੇ ਸਰਵਿਸ ਸੈਂਟਰ ਗਈ। ਹਾਲਾਂਕਿ ਕੰਪਨੀ ਨੇ ਮੰਨਿਆ ਕਿ 3 ਅਕਤੂਬਰ 2021 ਨੂੰ ਸਿਰਫ਼ ਇਕ ਵਾਰ ਸਰਵਿਸ ਸੈਂਟਰ ’ਤੇ ਮਦਰਬੋਰਡ ਤੇ ਬੈਕ ਕਵਰ ਨੂੰ ਮੁਫ਼ਤ ’ਚ ਬਦਲਦਿਆਂ ਫੋਨ ਵਾਪਸ ਕਰ ਦਿੱਤਾ ਸੀ।
 


author

Babita

Content Editor

Related News