ਬਜ਼ੁਰਗ ਔਰਤ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਪਿੱਛੋਂ ਪੁਲਸ ਨੇ ਵਿਖਾਈ ਸਖ਼ਤੀ, ਪੰਚ ਨੂੰ ਕੀਤਾ ਗ੍ਰਿਫ਼ਤਾਰ

Wednesday, Jul 23, 2025 - 05:37 AM (IST)

ਬਜ਼ੁਰਗ ਔਰਤ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਪਿੱਛੋਂ ਪੁਲਸ ਨੇ ਵਿਖਾਈ ਸਖ਼ਤੀ, ਪੰਚ ਨੂੰ ਕੀਤਾ ਗ੍ਰਿਫ਼ਤਾਰ

ਫਗਵਾੜਾ (ਜਲੋਟਾ) : ਫਗਵਾੜਾ ਦੇ ਪਿੰਡ ਰਿਹਾਣਾ ਜੱਟਾਂ ਵਿਖੇ 2 ਗੁਆਂਢੀਆਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਪਿੰਡ ਦੇ ਪੰਚ ਨੇ ਆਪਣੀ ਗੁਆਂਢੀ ਬਜ਼ੁਰਗ ਔਰਤ ਨਾਲ ਬਦਸਲੂਕੀ ਕਰਦੇ ਹੋਏ ਉਸ ਦੇ ਸਿਰ 'ਤੇ ਪਹਿਨੀ ਹੋਈ ਚੁੰਨੀ ਉਤਾਰ ਉਸ ਦੀ ਮੌਕੇ 'ਤੇ ਪਏ ਸੀਮੈਂਟ ਦੀ ਕੰਨੀ ਨਾਲ ਕੁੱਟਮਾਰ ਅਤੇ ਉਸ ਨਾਲ ਗਾਲੀ-ਗਲੌਚ ਕਰਨ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਪੀੜਤਾ ਦੇ ਨਾਲ ਮੌਕੇ 'ਤੇ ਮੌਜੂਦ ਉਸ ਦੇ ਇਕ ਦਿਵਿਆਂਗ ਪਰਿਵਾਰਕ ਮੈਂਬਰ ਨਾਲ ਵੀ ਮੁਲਜ਼ਮ ਪੰਚ ਨੇ ਬਦਸਲੂਕੀ ਕੀਤੀ। ਕਰੀਬ 42 ਸੈਕਿੰਡ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਉਕਤ ਕੁੱਟਮਾਰ ਦੇ ਮਾਮਲੇ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਿੰਡ ਦਾ ਪੰਚ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਰਿਹਾਣਾ ਜੱਟਾਂ ਆਪਣੀ ਬਜ਼ੁਰਗ ਗੁਆਂਢਣ ਬਲਜੀਤ ਕੌਰ ਪਤਨੀ ਲੇਟ ਮਹਿੰਦਰ ਸਿੰਘ ਵਾਸੀ ਪਿੰਡ ਰਿਹਾਣਾ ਜੱਟਾਂ ਨਾਲ ਗਾਲੀ-ਗਲੌਚ ਕਰਦੇ ਹੋਏ ਉਸਦੀ ਕੁੱਟਮਾਰ ਕਰ ਰਿਹਾ ਹੈ। ਇਸ ਦੌਰਾਨ ਫਗਵਾੜਾ ਪੁਲਸ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਸ ਕਲਿੱਪ ਦਾ ਸਖ਼ਤ ਨੋਟਿਸ ਲੈਂਦਿਆਂ ਮੁਲਜ਼ਮ ਪੰਚ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

 ਇਹ ਵੀ ਪੜ੍ਹੋ : ਕਾਲਾ ਕੱਛਾ ਗਿਰੋਹ ਤੋਂ ਬਾਅਦ ਨਿੱਕਰ ਗੈਂਗ ਦੀ ਦਹਿਸ਼ਤ; 27 ਤੋਲੇ ਸੋਨਾ ਸਣੇ ਲੱਖਾਂ ਦਾ ਸਮਾਨ ਲੈ ਹੋ ਫ਼ਰਾਰ

ਡੀਐੱਸਪੀ ਫਗਵਾੜਾ ਭਾਰਤ ਭੂਸ਼ਣ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਪੀ ਭੱਟੀ ਫਗਵਾੜਾ ਨੇ ਦੱਸਿਆ ਕਿ ਕੁੱਟਮਾਰ ਦਾ ਸ਼ਿਕਾਰ ਹੋਈ ਬਲਜੀਤ ਕੌਰ ਦੀ ਸ਼ਿਕਾਇਤ 'ਤੇ ਦੋਸ਼ੀ ਪੰਚ ਖਿਲਾਫ ਥਾਣਾ ਰਾਵਲਪਿੰਡੀ ਵਿਖੇ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਝਗੜਾ ਪਿੰਡ ਰਿਹਾਣਾ ਜੱਟਾਂ ਦੀ ਵਸਨੀਕ ਬਲਜੀਤ ਕੌਰ ਅਤੇ ਦੋਸ਼ੀ ਪੰਚ ਗੁਰਪ੍ਰੀਤ ਸਿੰਘ ਉਰਫ ਗੋਪੀ ਨਾਲ ਉਸ ਸਮੇਂ ਹੋਇਆ, ਜਦੋਂ ਮਕਾਨ ਦੇ ਨਾਲ ਲੱਗਦੇ ਪਲਾਟ ਵਿਚ ਨੀਂਹ ਰੱਖੀ ਜਾ ਰਹੀ ਸੀ। ਇਸ ਦੌਰਾਨ ਪੀੜਤ ਬਲਜੀਤ ਕੌਰ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਮੁਲਜ਼ਮ ਪੰਚ ਗੁਰਪ੍ਰੀਤ ਉਰਫ ਗੋਪੀ ਤੋਂ ਇਲਾਵਾ ਉਸ ਦੇ ਚਾਚੇ ਨੇ ਵੀ ਉਸ ਨਾਲ ਬਦਸਲੂਕੀ ਕੀਤੀ ਹੈ? ਹਾਲਾਂਕਿ ਪੁਲਸ ਨੇ ਮਾਮਲੇ 'ਚ ਮੁਲਜ਼ਮ ਪੰਚ ਖਿਲਾਫ ਹੀ ਪੁਲਸ ਕੇਸ ਦਰਜ ਕੀਤਾ ਹੈ।

 ਇਹ ਵੀ ਪੜ੍ਹੋ : 'ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ...' ਅਦਾਕਾਰਾ ਨੇ ਰੋਂਦੇ ਹੋਏ ਵੀਡੀਓ ਕੀਤਾ ਸ਼ੇਅਰ, ਆਪਣੇ ਹੀ ਘਰ 'ਚ ਹੋਈ ਪ੍ਰੇਸ਼ਾਨ

ਪੀੜਤਾ ਦਾ ਦੋਸ਼ ਹੈ ਕਿ ਕੁੱਟਮਾਰ ਦੌਰਾਨ ਮੁਲਜ਼ਮ ਪੰਚ ਗੁਰਪ੍ਰੀਤ ਸਿੰਘ ਨੇ ਉਸ ਦੇ ਸਿਰ 'ਤੋਂ ਜ਼ਬਰਦਸਤੀ ਚੁੰਨੀ ਖਿੱਚ ਕੇ ਲਾਹੀ, ਜਿਸ ਨਾਲ ਉਸ ਦੀ ਮਾਣ-ਮਰਿਆਦਾ ਅਤੇ ਲੋਕ ਲਾਜ ਨੂੰ ਭਾਰੀ ਠੇਸ ਪਹੁੰਚੀ ਹੈ। ਉਥੇ ਹੀ ਦੋਸ਼ੀ ਪੰਚ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਦਲੀਲ ਹੈ ਕਿ ਉਸ ਦੀ ਗੁਆਂਢਣ ਬਲਜੀਤ ਕੌਰ ਨੇ ਪਹਿਲਾਂ ਉਸ ਨਾਲ ਬਦਸਲੂਕੀ ਕਰਦੇ ਹੋਏ ਗਾਲੀ-ਗਲੌਚ ਕੀਤਾ ਸੀ, ਜਿਸ ਨਾਲ ਵਿਵਾਦ ਸ਼ੁਰੂ ਹੋਇਆ ਅਤੇ ਸੋਸ਼ਲ ਮੀਡੀਆ 'ਤੇ ਜੋ ਵੀਡੀਓ ਵਾਇਰਲ ਹੋਈਆਂ ਹਨ, ਉਸ ਦੇ ਤੱਥਾਂ ਨੂੰ ਤੋੜ-ਮਰੋੜ ਕੇ ਅਤੇ ਐਡਿਟ ਕਰਕੇ ਪੇਸ਼ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਉਕਤ ਵੀਡੀਓ ਵਿਚ ਪੰਚ ਗੁਰਪ੍ਰੀਤ ਸਿੰਘ ਉਰਫ ਗੋਪੀ ਇਹ ਸਾਫ ਤੌਰ 'ਤੇ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਉਸ ਦੀ ਵੀਡੀਓ ਜਾਣਬੁੱਝ ਕੇ ਬਣਾਈ ਜਾ ਰਹੀ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਲੋਕਾਂ ਵਿੱਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News