ਭੋਗ ''ਚ ਸ਼ਾਮਲ ਹੋਣ ਆਏ ਨੌਜਵਾਨ ਦਾ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕਤਲ
Tuesday, Jul 22, 2025 - 06:17 PM (IST)

ਕੋਟਕਪੂਰਾ (ਨਰਿੰਦਰ ਬੈੜ੍ਹ) : ਕੋਟਕਪੂਰਾ ਦੇ ਨੇੜਲੇ ਪਿੰਡ ਬਾਹਮਣ ਵਾਲਾ ਵਿਖੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਇੰਡੈਵਰ ਗੱਡੀ ਵਿਚ ਸਵਾਰ ਇਕ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਮੁਹਾਲੀ ਨਿਵਾਸੀ ਯਾਦਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਸੂਚਨਾ ਤੋਂ ਬਾਅਦ ਪੁਲਸ ਨੇ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਸ ਪਿੰਡ ਦੇ ਗੁਲਜਾਰ ਸਿੰਘ ਨੰਬਰਦਾਰ ਨਾਮਕ ਵਿਅਕਤੀ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਅਤੇ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦੇ ਭੋਗ ਦੀ ਰਸਮ ਰੱਖੀ ਗਈ ਸੀ। ਭੋਗ ਤੋਂ ਬਾਅਦ ਜਦੋਂ ਰਿਸ਼ਤੇਦਾਰ ਵਾਪਸ ਪਰਤ ਰਹੇ ਸਨ ਤਾਂ ਮੋਟਰਸਾਈਕਲ ''ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਨੇ ਇੰਡੈਵਰ ਗੱਡੀ ''ਤੇ ਅੰਨੇਵਾਹ ਗੋਲੀਆਂ ਚਲਾਈਆਂ, ਜਿਸ ਦੇ ਚੱਲਦਿਆਂ ਗੱਡੀ ਦੇ ਡਰਾਈਵਰ ਯਾਦਵਿੰਦਰ ਸਿੰਘ ਦੀ ਮੌਕੇ ''ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਦੀਆਂ ਬਦਲੀਆਂ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਅਕਤੀ ਕਿਸੇ ਹੋਰ ਵਿਅਕਤੀ ਦਾ ਕਤਲ ਕਰਨ ਆਏ ਸਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਭੁਲੇਖੇ ਵਿਚ ਯਾਦਵਿੰਦਰ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਇਸ ਬਾਰੇ ਪੁਲਸ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਜਾ ਰਿਹਾ। ਸੂਚਨਾ ਤੋਂ ਬਾਅਦ ਐੱਸ.ਐੱਸ.ਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ, ਡੀ.ਐੱਸ.ਪੀ ਕੋਟਕਪੂਰਾ ਜਤਿੰਦਰ ਸਿੰਘ, ਐੱਸ.ਪੀ.ਡੀ ਸੰਦੀਪ ਵਡੇਰਾ, ਐੱਸ.ਐੱਚ.ਓ. ਚਮਕੌਰ ਸਿੰਘ ਅਤੇ ਹੋਰ ਉੱਚ ਅਧਿਕਾਰੀ ਮੌਕੇ ''ਤੇ ਪੁੱਜੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਐੱਸ.ਐੱਸ.ਪੀ ਡਾ.ਪ੍ਰਗਿਆ ਜੈਨ ਨੇ ਕਿਹਾ ਕਿ ਪੁਲਸ ਨੂੰ ਇਸ ਕਤਲ ਬਾਰੇ ਕੁੱਝ ਅਹਿਮ ਸੁਰਾਗ ਹੱਥ ਲੱਗੇ ਹਨ ਅਤੇ ਜਲਦ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੌਰਾਨ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਗੁਲਜਾਰ ਸਿੰਘ ਨੰਬਰਦਾਰ ਦੇ ਭੋਗ ਤੋਂ ਬਾਅਦ ਰਿਸ਼ਤੇਦਾਰ ਵਾਪਸ ਜਾ ਰਹੇ ਸਨ ਤਾਂ ਇਸੇ ਦੌਰਾਨ ਇਹ ਵਾਰਦਾਤ ਸਾਹਮਣੇ ਆਈ ਹੈ, ਜਿਸ ਦੀ ਪੁਲਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੀਤੀਆਂ ਬਦਲੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e