ਅਮਿਤ ਸ਼ਾਹ ਦੀ ਤਸਵੀਰ ਸਾਂਝੀ ਕਰਕੇ ਫਸੇ ਫ਼ਿਲਮਕਾਰ ਅਵਿਨਾਸ਼ ਦਾਸ, ਅੱਜ ਕੋਰਟ ’ਚ ਪੇਸ਼ੀ
Wednesday, Jul 20, 2022 - 03:14 PM (IST)
ਮੁੰਬਈ (ਬਿਊਰੋ)– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਸਵੀਰ ਸਾਂਝੀ ਕਰਕੇ ਉਲਝਣ ਫੈਲਾਉਣ ਦੇ ਦੋਸ਼ ’ਚ ਫ਼ਿਲਮਕਾਰ ਅਵਿਨਾਸ਼ ਦਾਸ ਨੂੰ ਮੰਗਲਵਾਰ ਨੂੰ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਮੁੰਬਈ ਤੋਂ ਹਿਰਾਸਤ ’ਚ ਲਿਆ। ਅੱਜ ਅਹਿਮਦਾਬਾਦ ਦੀ ਮੈਟਰੋ ਕੋਰਟ ’ਚ ਅਵਿਨਾਸ਼ ਦਾਸ ਦੀ ਪੇਸ਼ੀ ਹੋਵੇਗੀ।
ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਅਵਿਨਾਸ਼ ਦਾਸ ਨੂੰ ਉਸ ਦੇ ਮੁੰਬਈ ਸਥਿਤ ਘਰ ਤੋਂ ਹਿਰਾਸਤ ’ਚ ਲਿਆ ਸੀ। ਅਵਿਨਾਸ਼ ਦਾਸ ਨੇ ਜੇਲ ’ਚ ਬੰਦ ਆਈ. ਏ. ਐੱਸ. ਅਫਸਰ ਪੂਜਾ ਸਿੰਘਲ ਨਾਲ ਅਮਿਤ ਸ਼ਾਹ ਦੀ ਤਸਵੀਰ ਸਾਂਝੀ ਕੀਤੀ ਸੀ। ਤਸਵੀਰ ਸਾਹਮਣੇ ਆਉਣ ਤੋਂ ਬਾਅਦ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਅਵਿਨਾਸ਼ ਦਾਸ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਦਾਸ ਨੇ ਤਿਰੰਗੇ ਦੀ ਡਰੈੱਸ ਪਹਿਨ ਕੇ ਇਕ ਮਹਿਲਾ ਦੀ ਇਤਰਾਜ਼ਯੋਗ ਤਸਵੀਰ ਵੀ ਸਾਂਝੀ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੂੰ ਮਿਲਣ ਮਗਰੋਂ ਸਾਂਝੀ ਕੀਤੀ ਭਾਵੁਕ ਪੋਸਟ
ਪੂਜਾ ਸਿੰਘਲ ਨਾਲ ਅਮਿਤ ਸ਼ਾਹ ਦੀ ਤਸਵੀਰ ਸਾਂਝੀ ਕਰਕੇ ਅਵਿਨਾਸ਼ ਦਾਸ ਨੇ ਕੈਪਸ਼ਨ ’ਚ ਦੋਸ਼ ਲਗਾਇਆ ਸੀ ਕਿ ਇਹ ਤਸਵੀਰ ਆਈ. ਏ. ਐੱਸ. ਅਧਿਕਾਰੀ ਪੂਜਾ ਸਿੰਘਲ ਦੇ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਲਈ ਗਈ ਸੀ। ਪੂਜਾ ਸਿੰਘਲ ਨੂੰ ਈ. ਡੀ. ਨੇ ਮਨੀ ਲਾਂਡਰਿੰਗ ਕੇਸ ’ਚ ਗ੍ਰਿਫ਼ਤਾਰ ਕੀਤਾ ਹੈ।
ਦਾਸ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੁਰਾਣੀ ਤਸਵੀਰ ਸਾਂਝੀ ਕਰਕੇ ਉਲਝਣ ਫੈਲਾਉਣ ਤੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਹੈ। ਅਹਿਮਦਾਬਾਦ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ 14 ਮਈ ਨੂੰ ਅਵਿਨਾਸ਼ ਦਾਸ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਅਵਿਨਾਸ਼ ਦਾਸ ਨੇ ਸੈਸ਼ਨ ਕੋਰਟ ਰਾਹੀਂ ਅੰਤਰਿਮ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਗੁਜਰਾਤ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।