ਪੂਰੇ ਭਾਰਤ ’ਚ ਮਹਾਦੇਵ ਐਪ ਘਪਲੇ ਦੀ ਗੂੰਜ, ਨੇਹਾ ਕੱਕੜ ਤੇ ਰਣਬੀਰ ਸਣੇ ਕਈ ਫ਼ਿਲਮੀ ਸਿਤਾਰੇ ਈ. ਡੀ. ਦੀ ਰਡਾਰ ’ਤੇ

Saturday, Dec 16, 2023 - 01:07 PM (IST)

ਪੂਰੇ ਭਾਰਤ ’ਚ ਮਹਾਦੇਵ ਐਪ ਘਪਲੇ ਦੀ ਗੂੰਜ, ਨੇਹਾ ਕੱਕੜ ਤੇ ਰਣਬੀਰ ਸਣੇ ਕਈ ਫ਼ਿਲਮੀ ਸਿਤਾਰੇ ਈ. ਡੀ. ਦੀ ਰਡਾਰ ’ਤੇ

ਜਲੰਧਰ  (ਵਿਸ਼ੇਸ਼) – ਆਨਲਾਈਨ ਬੈਟਿੰਗ ਐਪ ਮਹਾਦੇਵ ਸਬੰਧੀ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਦੁਬਈ ’ਚ ਇਸ ਐਪ ਦੇ ਸੰਸਥਾਪਕ ਰਵੀ ਉੱਪਲ ਦੇ ਫੜੇ ਜਾਣ ਤੋਂ ਬਾਅਦ ਜਾਂਚ ਏਜੰਸੀਆਂ ਨੇ ਜਾਂਚ ਦੀ ਰਫਤਾਰ ਹੋਰ ਵਧਾ ਦਿੱਤੀ ਹੈ। ਪੂਰੇ ਭਾਰਤ ’ਚ ਇਸ ਘਪਲੇ ਦੀ ਗੂੰਜ ਸੁਣਾਈ ਦੇ ਰਹੀ ਹੈ। ਛੱਤੀਸਗੜ੍ਹ, ਪੰਜਾਬ ਤੇ ਮਹਾਰਾਸ਼ਟਰ ਨਾਲ ਸਿੱਧੇ ਤੌਰ ’ਤੇ ਜੁੜੇ ਇਸ ਘਪਲੇ ’ਚ ਵੱਡੇ ਪੱਧਰ ’ਤੇ ਰੀਅਲ ਅਸਟੇਟ ’ਚ ਪੈਸਾ ਲਾਇਆ ਗਿਆ ਹੈ।
ਮਹਾਰਾਸ਼ਟਰ ਵਿਧਾਨ ਸਭਾ ਦੇ ਸਰਦ ਰੁੱਤ ਦੇ ਸੈਸ਼ਨ ’ਚ ਵੀ ਇਹ ਮਾਮਲਾ ਗੂੰਜਿਆ ਹੈ। ਰੀਅਲ ਅਸਟੇਟ ’ਚ ਪੈਸਾ ਲਾਉਣ ਵਾਲੇ ਬਿਲਡਰ ਦੀ ਵੀ ਮਹਾਰਾਸ਼ਟਰ ਪੁਲਸ ਨੇ ਪਛਾਣ ਕਰ ਲਈ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਮਹਾਦੇਵ ਐਪ ਇਕ ਪੇਰੈਂਟ ਕੰਪਨੀ ਹੈ, ਜੋ ਸੌਰਵ ਚੰਦਰਾਕਰ ਤੇ ਰਵੀ ਉੱਪਲ ਵਲੋਂ ਚਲਾਈ ਜਾ ਰਹੀ ਹੈ। ਇਸ ਦੀਆਂ ਕੁਲ 67 ਸਹਿਯੋਗੀ ਐਪਸ ਹਨ ਅਤੇ ਸਾਰੀਆਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਇਸ ਐਪ ਦੀ ਰਜਿਸਟ੍ਰੇਸ਼ਨ ਦੱਖਣੀ ਅਫਰੀਕਾ ਦੇ ਵੈਨੇਜ਼ੁਏਲਾ ’ਚ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਸਾਹਿਲ ਖ਼ਾਨ 'ਤੇ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਕੱਸਿਆ ਸ਼ਿਕੰਜਾ, ਸੰਮਨ ਜਾਰੀ , ਪੜ੍ਹੋ ਪੂਰਾ ਮਾਮਲਾ

ਸਾਹਿਲ ਖ਼ਾਨ ਸਮੇਤ ਕਈ ਫ਼ਿਲਮੀ ਸਿਤਾਰੇ ਈ. ਡੀ. ਦੀ ਰਾਡਾਰ ’ਤੇ
15000 ਕਰੋੜ ਰੁਪਏ ਦੇ ਮਹਾਦੇਵ ਬੈਟਿੰਗ ਐਪ ਸਕੈਮ ’ਚ ਮੁੰਬਈ ਪੁਲਸ ਵਲੋਂ ਵਿਸ਼ੇਸ਼ ਐੱਸ. ਆਈ. ਟੀ. ਬਣਾਈ ਗਈ ਹੈ, ਜਿਸ ਵਿਚ ਸਾਈਬਰ ਸੈੱਲ ਸਹਿਯੋਗ ਦੇ ਰਿਹਾ ਹੈ। ਇਸ ਮਾਮਲੇ ’ਚ ਸਾਹਿਲ ਖਾਨ ਤੋਂ ਇਲਾਵਾ ਹੁਣ ਤਕ ਪੁਲਕਿਤ ਸਮਰਾਟ, ਵਿਸ਼ਾਲ ਡਡਲਾਨੀ, ਟਾਈਗਰ ਸ਼ਰਾਫ, ਸੰਨੀ ਲਿਓਨ, ਕ੍ਰਿਤੀ ਖਰਬੰਦਾ, ਕਾਮੇਡੀਅਨ ਭਾਰਤੀ ਸਿੰਘ, ਕ੍ਰਿਸ਼ਨਾ ਅਭਿਸ਼ੇਕ, ਅਲੀ ਅਸਗਰ, ਰਾਹਤ ਫਤਿਹ ਅਲੀ ਖਾਨ, ਆਤਿਫ ਅਸਲਮ, ਨੇਹਾ ਕੱਕੜ, ਭਾਗਿਆਸ਼੍ਰੀ ਤੇ ਰਣਬੀਰ ਕਪੂਰ ਵਰਗੇ ਮਸ਼ਹੂਰ ਸਿਤਾਰੇ ਈ. ਡੀ. ਦੀ ਰਾਡਾਰ ’ਤੇ ਹਨ। ਈ. ਡੀ. ਦੀ ਜਾਂਚ ਮੁਤਾਬਕ ਇਹ ਨਾਮਚੀਨ ਹਸਤੀਆਂ ਕਿਸੇ ਨਾ ਕਿਸੇ ਤਰ੍ਹਾਂ ਮਹਾਦੇਵ ਐਪ ਨਾਲ ਜੁੜੀਆਂ ਹੋਈਆਂ ਹਨ ਅਤੇ ਜਾਂਚ ਏਜੰਸੀ ਇਸ ਮਾਮਲੇ ’ਚ ਫਿਲਮ ਕਲਾਕਾਰਾਂ ਦੀ ਫੀਸ ਤੇ ਐਗਰੀਮੈਂਟ ਦੀ ਜਾਂਚ ਕਰ ਰਹੀ ਹੈ। ਜਾਂਚ ’ਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੁਝ ਫਿਲਮੀ ਕਲਾਕਾਰਾਂ ਨੇ ਹਵਾਲਾ ਦਾ ਪੈਸਾ ਫਿਲਮਾਂ ਤੇ ਹੋਰ ਬਿਜ਼ਨੈੱਸ ਵਿਚ ਲਾਇਆ ਹੈ, ਜੋ ਮਹਾਦੇਵ ਐਪ ਦੇ ਪ੍ਰਮੋਟਰਜ਼ ਨੇ ਉਨ੍ਹਾਂ ਨੂੰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਟੀ. ਵੀ. ਅਦਾਕਾਰਾ ਨਾਲ ਹੋਈ ਕੁੱਟਮਾਰ, CID ਸਣੇ ਕਈ ਸ਼ੋਅਜ਼ ’ਚ ਕਰ ਚੁੱਕੀ ਹੈ ਕੰਮ (ਵੀਡੀਓ)

ਮੁਲਜ਼ਮਾਂ ਦਾ ਜੁਡੀਸ਼ੀਅਲ ਰਿਮਾਂਡ 20 ਤਕ ਵਧਿਆ
ਦੁਬਈ ’ਚ ਗ੍ਰਿਫਤਾਰ ਰਵੀ ਉੱਪਲ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਉੱਧਰ ਈ. ਡੀ. ਦੇ ਅਧਿਕਾਰੀ ਵੀ ਦੁਬਈ ਤੋਂ ਰਵੀ ਉੱਪਲ ਨੂੰ ਭਾਰਤ ਲਿਆਉਣ ਲਈ ਉੱਥੋਂ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਵਰਣਨਯੋਗ ਹੈ ਕਿ ਈ. ਡੀ. ਨੇ ਇਸ ਮਾਮਲੇ ’ਚ ਏ. ਐੱਸ. ਆਈ. ਚੰਦਰਭੂਸ਼ਣ, ਸਤੀਸ਼ ਚੰਦਰਾਕਰ, ਅਨਿਲ ਦਮਾਨੀ, ਸੁਨੀਲ ਦਮਾਨੀ, ਅਸੀਮ ਦਾਸ ਅਤੇ ਭੀਮ ਸਿੰਘ ਯਾਦਵ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਹ ਲੋਕ ਹੁਣ ਜੇਲ ਵਿਚ ਬੰਦ ਹਨ। ਉੱਧਰ ਮਹਾਦੇਵ ਐਪ ਘਪਲੇ ਦੇ ਮਾਮਲੇ ’ਚ ਰਾਏਪੁਰ ਪੁਲਸ ਦੇ ਅੜਿੱਕੇ ਆਏ ਚੰਦਰਭੂਸ਼ਣ, ਭੀਮ ਸਿੰਘ ਯਾਦਵ ਤੇ ਅਸੀਮ ਦਾਸ ਦਾ ਜੁਡੀਸ਼ੀਅਲ ਰਿਮਾਂਡ 20 ਦਸੰਬਰ ਤਕ ਵਧਾ ਦਿੱਤਾ ਗਿਆ ਹੈ।

ਕ੍ਰਿਕਟ ਦੇ ਮੈਚਾਂ ਤੋਂ ਕਮਾਈ ਲਈ ਮੈਚ ਫਿਕਸਿੰਗ ਦਾ ਸਹਾਰਾ
ਇਸ ਮਾਮਲੇ ’ਚ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਰਵੀ ਉੱਪਲ ਦਾ ਸਾਥੀ ਸੌਰਵ ਚੰਦਰਾਕਰ ਸੱਟੇਬਾਜ਼ੀ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਸੀ। ਭਾਰਤ ਅਤੇ ਭਾਰਤ ਤੋਂ ਬਾਹਰ ਹੋਣ ਵਾਲੇ ਵੱਡੇ ਕ੍ਰਿਕਟ ਮੈਚਾਂ ਵਿਚ ਕਮਾਈ ਲਈ ਮੈਚ ਫਿਕਸਿੰਗ ਤੋਂ ਲੈ ਕੇ ਕਈ ਤਰ੍ਹਾਂ ਦੇ ਤੌਰ-ਤਰੀਕੇ ਅਪਣਾਏ ਜਾ ਰਹੇ ਸਨ।
ਮਾਮਲੇ ’ਚ ਇਹ ਜਾਣਕਾਰੀ ਵੀ ਮਿਲੀ ਹੈ ਕਿ ਭਾਰਤ ਵਿਚ ਉਹ ਦਿਨੇਸ਼ ਖਾਂਬਟ ਦੇ ਮਾਧਿਅਮ ਰਾਹੀਂ ਕੰਮ ਕਰ ਰਿਹਾ ਸੀ। ਉਹ ਸਿੱਧੇ ਤੌਰ ’ਤੇ ਸੌਰਵ ਚੰਦਰਾਕਰ ਦੇ ਸੰਪਰਕ ਵਿਚ ਸੀ। ਇਨ੍ਹਾਂ ਸਾਰਿਆਂ ਦੇ ਨਾਂ ਮੁੰਬਈ ਪੁਲਸ ਵਲੋਂ ਦਰਜ ਐੱਫ. ਆਈ. ਆਰ. ਵਿਚ ਸ਼ਾਮਲ ਹਨ। ਸਾਰੀਆਂ ਬੈਟਿੰਗ ਵੈੱਬਸਾਈਟਾਂ ਅਮਿਤ ਸ਼ਰਮਾ ਵਲੋਂ ਚਲਾਈਆਂ ਜਾ ਰਹੀਆਂ ਸਨ। ਇਸ ਦੀ ਜਾਂਚ ਲਈ ਅਮਿਤ ਸ਼ਰਮਾ ਨੂੰ ਸੰਮਨ ਭੇਜੇ ਗਏ ਸਨ ਪਰ ਉਹ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਨਹੀਂ ਹੋਇਆ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਕਰਾ ’ਤੀ ਬੱਲੇ-ਬੱਲੇ, ਟਾਪ 50 ਏਸ਼ੀਅਨ ਸੈਲੇਬ੍ਰਿਟੀਜ਼ ਦੀ ਲਿਸਟ ’ਚ ਹਾਸਲ ਕੀਤਾ ਚੌਥਾ ਮੁਕਾਮ

32 ਮੁਲਜ਼ਮਾਂ ’ਚ ਸ਼ਾਮਲ ਹੈ ਅਭਿਨੇਤਾ ਤੇ ਮਾਡਲ ਸਾਹਿਲ ਖਾਨ
ਮਹਾਦੇਵ ਐਪ ਮਾਮਲੇ ’ਚ ਮੁੰਬਈ ਪੁਲਸ ਨੇ ਫਿਲਮ ਅਭਿਨੇਤਾ ਤੇ ਮਾਡਲ ਸਾਹਿਲ ਖਾਨ ਨੂੰ ਤਲਬ ਕੀਤਾ ਹੈ। ਵਰਣਨਯੋਗ ਹੈ ਕਿ ਸਾਹਿਲ ਖਾਨ ਉਨ੍ਹਾਂ 32 ਮੁਲਜ਼ਮਾਂ ਵਿਚ ਸ਼ਾਮਲ ਹੈ, ਜਿਨ੍ਹਾਂ ਖਿਲਾਫ ਮੁੰਬਈ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸਾਹਿਲ ਨੂੰ ਸ਼ੁੱਕਰਵਾਰ ਨੂੰ ਮੁੰਬਈ ਦੀ ਕ੍ਰਾਈਮ ਬ੍ਰਾਂਚ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ। ਸਾਹਿਲ ਨੇ ਗ੍ਰਿਫਤਾਰੀ ਦੇ ਡਰੋਂ ਅਦਾਲਤ ਵਿਚ ਜ਼ਮਾਨਤ ਲਾਈ ਸੀ ਪਰ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ। ਇਸ ਮਾਮਲੇ ’ਚ ਇਕ ਹੋਰ ਮੁਲਜ਼ਮ ਅਮਿਤ ਸ਼ਰਮਾ ਨੂੰ ਵੀ ਵੀਰਵਾਰ ਨੂੰ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ। ਇਸ ਮਾਮਲੇ ’ਚ ਹੁਣ ਸਾਹਿਲ ਖਾਨ ਦੇ ਨਾਲ ਹੀ ਉਸ ਦੇ ਭਰਾ ਸੈਮ ਤੇ ਇਕ ਹੋਰ ਮੁਲਜ਼ਮ ਹਿਤੇਸ਼ ਖੁਸ਼ਲਾਨੀ ਨੂੰ ਸ਼ਾਮਲ ਕੀਤਾ ਗਿਆ ਹੈ।

ਮਹਾਦੇਵ ਐਪ ਨਾਲ ਜੁੜੇ ਲੋਕਾਂ ਨੂੰ ਹਾਸਲ ਹੈ ਡੌਨ ਦਾਊਦ ਇਬਰਾਹਿਮ ਦੀ ਸਰਪ੍ਰਸਤੀ
ਮਹਾਦੇਵ ਸੱਟੇਬਾਜ਼ੀ ਐਪ ਦੇ ਦੋਵਾਂ ਪ੍ਰਮੋਟਰਾਂ ਰਵੀ ਉੱਪਲ ਤੇ ਸੌਰਵ ਚੰਦਰਾਕਰ ਦੇ ਨਾਲ-ਨਾਲ ਉਸ ਦੇ ਹੋਰ ਨਜ਼ਦੀਕੀ ਲੋਕ ਬੇਹੱਦ ਸ਼ਾਤਿਰ ਦੱਸੇ ਜਾਂਦੇ ਹਨ ਅਤੇ ਇਸ ਮਾਮਲੇ ’ਚ ਮਾਫੀਆ ਡੌਨ ਦਾਊਦ ਇਬਰਾਹਿਮ ਦੇ ਭਰਾ ਦੇ ਨਾਲ ਮਿਲ ਕੇ ਅਜੇ ਵੀ ਕੁਝ ਬੈਟਿੰਗ ਐਪਸ ਚਲਾਈਆਂ ਜਾ ਰਹੀਆਂ ਹਨ। ਦੁਬਈ ’ਚ ਇਨ੍ਹਾਂ ਲੋਕਾਂ ਨੂੰ ਦਾਊਦ ਇਬਰਾਹਿਮ ਦੀ ਸਰਪ੍ਰਸਤੀ ਹਾਸਲ ਹੈ। ਆਉਣ ਵਾਲੇ ਸਮੇਂ ’ਚ ਜਾਂਚ ਤੋਂ ਬਾਅਦ ਕਈ ਨੇਤਾਵਾਂ ਤੇ ਅਧਿਕਾਰੀਆਂ ਦੇ ਨਾਵਾਂ ਦਾ ਪਰਦਾਫਾਸ਼ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News