ਪਿਓ ਦੀ ਮੌਤ ਤੇ ਮਾਂ ਨੇ ਵੀ ਛੱਡਿਆ, 10 ਸਾਲਾ ਜਸਪ੍ਰੀਤ ਸਕੂਲੋਂ ਆ ਲਾਉਂਦਾ ਰੇਹੜੀ, ਸੋਨੂੰ ਸੂਦ ਨੇ ਵਧਾਇਆ ਮਦਦ ਦਾ ਹੱਥ

Monday, May 06, 2024 - 06:13 PM (IST)

ਪਿਓ ਦੀ ਮੌਤ ਤੇ ਮਾਂ ਨੇ ਵੀ ਛੱਡਿਆ, 10 ਸਾਲਾ ਜਸਪ੍ਰੀਤ ਸਕੂਲੋਂ ਆ ਲਾਉਂਦਾ ਰੇਹੜੀ, ਸੋਨੂੰ ਸੂਦ ਨੇ ਵਧਾਇਆ ਮਦਦ ਦਾ ਹੱਥ

ਮੁੰਬਈ (ਬਿਊਰੋ) : ਅਦਾਕਾਰ ਸੋਨੂੰ ਸੂਦ ਕੋਰੋਨਾ ਦੇ ਦੌਰ 'ਚ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਸਨ। ਲੋਕਾਂ ਨੇ ਉਨ੍ਹਾਂ ਨੂੰ ਮਸੀਹਾ ਅਤੇ ਭਗਵਾਨ ਦਾ ਦਰਜਾ ਦੇਣਾ ਸ਼ੁਰੂ ਕਰ ਦਿੱਤਾ। ਦੇਸ਼ ਭਰ ਦੇ ਲੋਕ ਸੋਨੂੰ ਸੂਦ ਦੀ ਬਹੁਤ ਇੱਜ਼ਤ ਕਰਦੇ ਹਨ। ਹਾਲ ਹੀ 'ਚ ਸੋਨੂੰ ਸੂਦ ਨੇ ਐਕਸ (ਟਵਿੱਟਰ ਅਕਾਊਂਟ) 'ਤੇ ਇਕ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਟਵੀਟ 'ਚ ਸੋਨੂੰ ਸੂਦ ਨੇ ਲਿਖਿਆ ਹੈ- ਚੱਲ ਪਹਿਲਾਂ ਪੜ੍ਹ ਲੈਂਦੇ ਹਾਂ ਦੋਸਤ, ਬਿਜਨੈੱਸ ਵੱਡੇ ਹੋ ਕੇ ਇਸ ਤੋਂ ਥੋੜ੍ਹਾ ਵੱਡਾ ਕਰਾਂਗੇ। ਇਸ ਦੇ ਨਾਲ ਹੀ ਸੋਨੂੰ ਸੂਦ ਨੇ ਹਾਰਟ ਤੇ ਥਮ੍ਹ (ਅੰਗੂਠੇ) ਵਾਲਾ ਇਮੋਜ਼ੀ ਸਾਂਝਾ ਕੀਤਾ ਹੈ। 

ਦੱਸ ਦਈਏ ਕਿ ਕਰਨ ਗਿੱਲਹੋਤਰਾ ਨਾਂ ਦੇ ਵਿਅਕਤੀ ਨੇ ਦਿੱਲੀ ਦੇ ਤਿੱਲਕ ਨਗਰ ਦੇ ਜਸਪ੍ਰੀਤ ਸਿੰਘ ਦੀ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਸ ਨੇ ਸੋਨੂੰ ਸੂਦ ਨੂੰ ਟੈਗ ਕਰਦਿਆਂ ਮਦਦ ਮੰਗੀ ਹੈ। ਇਸ ਸਭ ਵੇਖ ਕੇ ਸੋਨੂੰ ਸੂਦ ਨੇ ਰਿਪਲਾਈ 'ਚ ਇਕ ਟਵੀਟ ਕੀਤਾ।

PunjabKesari

ਦੱਸਣਯੋਗ ਹੈ ਕਿ ਕਰਨ ਗਿੱਲਹੋਤਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਜਸਪ੍ਰੀਤ ਨਾਂਅ ਦੇ 10 ਸਾਲਾ ਬੱਚੇ ਨੂੰ ਐੱਗ ਰੋਲ ਬਣਾਉਂਦੇ ਦੇਖਿਆ ਜਾ ਸਕਦਾ ਹੈ। ਪੁੱਛਣ 'ਤੇ, ਲੜਕੇ ਨੇ ਦੱਸਿਆ ਕਿ ਉਸਦੇ ਪਿਤਾ ਦੀ ਹਾਲ ਹੀ 'ਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਮਾਂ ਨੇ ਵੀ ਉਨ੍ਹਾਂ ਨੂੰ ਛੱਡ ਦਿੱਤਾ ਤੇ ਪੰਜਾਬ ਚਲੀ ਗਈ। ਜਸਪ੍ਰੀਤ ਦੀ ਇੱਕ 14 ਸਾਲਾ ਦੀ ਭੈਣ ਵੀ ਹੈ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਜਸਪ੍ਰੀਤ ਸਵੇਰੇ ਸਕੂਲ ਜਾਂਦਾ ਹੈ ਤੇ ਸ਼ਾਮ ਨੂੰ ਆ ਕੇ ਰੇਹੜੀ ਲਾਉਂਦਾ ਹੈ। ਅੰਡੇ ਦੇ ਰੋਲ ਤੋਂ ਇਲਾਵਾ, ਜਸਪ੍ਰੀਤ ਚਿਕਨ ਰੋਲ, ਕਬਾਬ ਰੋਲ, ਪਨੀਰ ਰੋਲ, ਚਾਉਮੀਨ ਰੋਲ ਅਤੇ ਸੀਖ ਕਬਾਬ ਰੋਲ ਵੀ ਵੇਚਦਾ ਹੈ। ਜਦੋਂ ਜਸਪ੍ਰੀਤ ਸਿੰਘ ਤੋਂ ਪੁੱਛਿਆ ਗਿਆ ਕਿ ਇਹ ਸਭ ਕਰਨ ਦੀ ਹਿੰਮਤ ਕਿੱਥੋਂ ਆਉਂਦੀ ਹੈ ਤਾਂ ਉਸ ਨੇ ਪਿਆਰ ਨਾਲ ਜਵਾਬ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ ਜਦੋਂ ਤੱਕ ਹਿੰਮਤ ਹੈ ਲੜਾਂਗਾ। 

ਜਾਣਕਾਰੀ ਮੁਤਾਬਕ, ਜਸਪ੍ਰੀਤ ਨੇ ਆਪਣੇ ਪਿਤਾ ਤੋਂ ਰੋਲ ਬਣਾਉਣ ਦੀ ਕਲਾ ਸਿੱਖੀ ਅਤੇ ਬਾਅਦ 'ਚ ਆਪਣੀ ਭੈਣ ਦੇ ਨਾਲ ਦਿੱਲੀ 'ਚ ਆਪਣੇ ਚਾਚੇ ਦੀ ਦੇਖ-ਰੇਖ 'ਚ ਕਾਰੋਬਾਰ ਜਾਰੀ ਰੱਖਿਆ, ਜਦੋਂ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਛੱਡਕੇ ਪੰਜਾਬ ਆ ਗਈ।


author

sunita

Content Editor

Related News