ਮੰਗੇਤਰ ਨਾਲ ਮੁੰਬਈ ਪਹੁੰਚੀ ਅਫਸਾਨਾ ਖ਼ਾਨ, ਕਾਮੇਡੀਅਨ ਭਾਰਤੀ ਸਿੰਘ ਨੇ ਦਿੱਤੀ ਸ਼ਾਨਦਾਰ ਦਾਵਤ (ਵੀਡੀਓ)
Thursday, Mar 25, 2021 - 01:03 PM (IST)
ਚੰਡੀਗੜ੍ਹ (ਬਿਊਰੋ) - ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਪਿਛਲੇ ਕੁਝ ਦਿਨਾਂ ਤੋਂ ਅਫਸਾਨਾ ਖ਼ਾਨ ਆਪਣੇ ਮੰਗੇਤਰ ਸਾਜ਼ ਨੂੰ ਲੈ ਕੇ ਕਾਫ਼ੀ ਚਰਚਾ 'ਚ ਹੈ। ਦਰਅਸਲ, ਸਾਜ਼ ਨਾਲ ਕੁੜਮਾਈ ਤੋਂ ਬਾਅਦ ਅਫਸਾਨਾ ਅਕਸਰ ਆਪਣੀਆਂ ਰੋਮਾਂਟਿਕ ਤਸਵੀਰਾਂ ਤੇ ਵੀਡੀਓਜ਼ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ, ਜਿਸ ਕਰਕੇ ਉਹ ਲਾਈਮਲਾਈਟ 'ਚ ਛਾਈ ਹੋਈ ਹੈ। ਹਾਲ ਹੀ 'ਚ ਅਫਸਾਨਾ ਖ਼ਾਨ ਆਪਣੇ ਮੰਗੇਤਰ ਸਾਜ਼ ਨਾਲ 'ਮਾਇਆ ਨਗਰੀ' ਪਹੁੰਚੀ, ਜਿੱਥੇ ਉਹ ਆਪਣੇ ਨਵੇਂ ਮਿਊਜ਼ਿਕ ਪ੍ਰੋਜੈਕਟ ਲਈ ਨਾਮੀ ਮਿਊਜ਼ਿਕ ਡਾਇਰੈਕਟਜ਼ ਨੂੰ ਮਿਲੇ। ਇਸ ਦੌਰਾਨ ਅਫਸਾਨਾ ਖ਼ਾਨ ਤੇ ਸਾਜ਼ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚਿਆ ਦੇ ਘਰ ਵੀ ਪਹੁੰਚੇ । ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਵੀਡੀਓਜ਼ ਪੋਸਟ ਕੀਤੇ ਹਨ, ਜਿਨ੍ਹਾਂ 'ਚ ਉਹ ਕਾਫ਼ੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਤੋਂ ਇਲਾਵਾ ਇਕ ਵੀਡੀਓ 'ਚ ਅਫਸਾਨਾ ਖ਼ਾਨ, ਸਾਜ਼, ਕਾਮੇਡੀ ਕੁਈਨ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਹਰਸ਼ 'ਤਿੱਤਲੀਆਂ' ਗੀਤ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਵੱਡੀ ਗਿਣਤੀ 'ਚ ਲੋਕ ਦੇਖ ਚੁੱਕੇ ਹਨ।
ਜੇ ਗੱਲ ਕਰੀਏ ਗਾਇਕਾ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। 'ਤਿੱਤਲੀਆਂ', 'ਵਫਾ', 'ਵੈਲਪੁਣਾ', 'ਜਿੰਨੇ ਦੁੱਖ', 'ਧੱਕਾ' ਵਰਗੇ ਗੀਤਾਂ ਨਾਲ ਖ਼ੂਬ ਵਾਹ ਵਾਹੀ ਖੁੱਟ ਚੁੱਕੀ ਹੈ। ਇਸ ਤੋਂ ਇਲਾਵਾ ਅਫਸਾਨਾ ਖ਼ਾਨ ਪੰਜਾਬੀ ਫ਼ਿਲਮਾਂ 'ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਵੀ ਅਫਸਾਨਾ ਖ਼ਾਨ ਦੀ ਚੰਗੀ ਫੈਨ ਫਾਲੋਵਿੰਗ ਹੈ।
ਨੋਟ - ਅਫਸਾਨਾ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।