''ਰਾਜਾ ਵੜਿੰਗ ਨੇ ਆਪ ਹੀ ਖੋਲ੍ਹ ਦਿੱਤੀ ਕਾਂਗਰਸ ਦੀ ਪੋਲ'', ਰਵਨੀਤ ਸਿੰਘ ਬਿੱਟੂ ਨੇ ਵਿੰਨ੍ਹਿਆ ਤਿੱਖਾ ਨਿਸ਼ਾਨਾ
Tuesday, Jan 20, 2026 - 06:57 PM (IST)
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਦੀ ਅੰਦਰੂਨੀ ਹਾਲਤ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸ ਇਕ "ਜੰਗਾਲ ਲੱਗੀ" ਪਾਰਟੀ ਬਣ ਚੁੱਕੀ ਹੈ, ਜਿਸ ਦੇ "ਨੱਟ-ਬੋਲਟ" ਹੁਣ ਖੁੱਲ੍ਹ ਰਹੇ ਹਨ।
ਰਵਨੀਤ ਬਿੱਟੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੜਿੰਗ ਨੇ ਖੁਦ ਹੀ ਪਾਰਟੀ ਅੰਦਰਲੇ ਲੋਕਤੰਤਰ ਦੀ ਪੋਲ ਖੋਲ੍ਹ ਦਿੱਤੀ ਹੈ। ਬਿੱਟੂ ਅਨੁਸਾਰ, ਰਾਜਾ ਵੜਿੰਗ ਨੇ ਇਹ ਕਬੂਲ ਕੀਤਾ ਹੈ ਕਿ ਜਦੋਂ ਮੁੱਖ ਮੰਤਰੀ ਦੀ ਚੋਣ ਹੋਣੀ ਸੀ, ਤਾਂ ਪੰਜਾਬ ਦੇ ਜ਼ਿਆਦਾਤਰ ਵਿਧਾਇਕ ਸੁਨੀਲ ਜਾਖੜ ਜਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸਨ, ਪਰ ਵਿਧਾਇਕਾਂ ਦੀ ਰਾਏ ਨੂੰ ਦਰਕਿਨਾਰ ਕਰਕੇ ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ਵੱਲੋਂ 'ਫਰਮਾਨ' ਜਾਰੀ ਕੀਤਾ ਗਿਆ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਲੋਕਾਂ ਦੁਆਰਾ ਚੁਣੇ ਗਏ ਵਿਧਾਇਕਾਂ ਦੀ ਵੋਟ ਦੀ ਕੋਈ ਅਹਿਮੀਅਤ ਹੀ ਨਹੀਂ ਸੀ, ਤਾਂ ਫਿਰ ਲੋਕਤੰਤਰ ਕਿੱਥੇ ਰਹਿ ਗਿਆ?
ਕਾਂਗਰਸੀਆਂ ਨੂੰ 'ਬੰਧੂਆ ਮਜ਼ਦੂਰ' ਦੱਸਿਆ
ਕਾਂਗਰਸ ਦੀ ਕਾਰਜਪ੍ਰਣਾਲੀ 'ਤੇ ਵਰ੍ਹਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪਾਰਟੀ ਵਿਚ ਕੋਈ ਆਜ਼ਾਦ ਵਰਕਰ ਜਾਂ ਲੀਡਰ ਨਹੀਂ ਹੈ, ਸਗੋਂ ਸਾਰੇ "ਬੰਧੂਆ ਮਜ਼ਦੂਰਾਂ" ਵਾਂਗ ਕੰਮ ਕਰ ਰਹੇ ਹਨ, ਜਿੱਥੇ ਸਿਰਫ਼ ਇਕੋ ਪਰਿਵਾਰ ਦਾ ਹੁਕਮ ਚੱਲਦਾ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਆਪਣੀ ਹੀ ਪਾਰਟੀ ਨੂੰ ਜਨਤਕ ਤੌਰ 'ਤੇ ਨੰਗਾ ਕਰ ਦਿੱਤਾ ਹੈ। ਰਵਨੀਤ ਬਿੱਟੂ ਨੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਾਰਟੀ ਤੋਂ ਆਪਣਾ ਪਿੱਛਾ ਛੁਡਾ ਲੈਣ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਮਿਹਨਤ 'ਤੇ ਉੱਤੋਂ ਆਏ ਹੁਕਮਾਂ ਨਾਲ ਇਕ ਮਿੰਟ ਵਿਚ ਪਾਣੀ ਫੇਰ ਦਿੱਤਾ ਜਾਂਦਾ ਹੈ, ਇਸ ਲਈ ਉਨ੍ਹਾਂ ਨੂੰ ਕਿਸੇ ਚੰਗੀ ਪਾਰਟੀ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਹੈ।
