‘ਕਿਸਕੋ ਥਾ ਪਤਾ’: ਪਿਆਰ, ਰਿਸ਼ਤੇ ਅਤੇ ਵਿਆਹ ਦੀ ਮੁਸ਼ਕਲ ਕਹਾਣੀ ਨੂੰ ਆਸਾਨ ਤਰੀਕੇ ਨਾਲ ਕੀਤਾ ਪੇਸ਼

Thursday, Dec 19, 2024 - 03:19 PM (IST)

‘ਕਿਸਕੋ ਥਾ ਪਤਾ’: ਪਿਆਰ, ਰਿਸ਼ਤੇ ਅਤੇ ਵਿਆਹ ਦੀ ਮੁਸ਼ਕਲ ਕਹਾਣੀ ਨੂੰ ਆਸਾਨ ਤਰੀਕੇ ਨਾਲ ਕੀਤਾ ਪੇਸ਼

ਜਲੰਧਰ- ਪਿਆਰ, ਵਿਆਹ, ਧੋਖਾ ਤੇ ਬਦਲਾ ਵਰਗੇ ਵਿਸ਼ਿਆਂ ’ਤੇ ਬਣੀਆਂ ਫਿਲਮਾਂ ਨੂੰ ਦਰਸ਼ਕਾਂ ਨੇ ਖ਼ੂਬ ਪਿਆਰ ਦਿੱਤਾ। ‘ਸ਼ਾਦੀ ਮੇਂ ਜ਼ਰੂਰ ਆਨਾ’ ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਨਿਰਦੇਸ਼ਕ ਰਤਨਾ ਸਿਨਹਾ ਇਕ ਵਾਰ ਫਿਰ ਦਿਲ ਛੂਹ ਲੈਣ ਵਾਲੀ ਕਹਾਣੀ ‘ਕਿਸਕੋ ਥਾ ਪਤਾ’ ਲੈ ਕੇ ਆ ਰਹੀ ਹੈ। ਇਸ ਫਿਲਮ ’ਚ ਅਕਸ਼ੈ ਓਬਰਾਏ ਅਤੇ ਆਦਿਲ ਖ਼ਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਬਤੌਰ ਬਾਲ ਕਲਾਕਾਰ ਕੰਮ ਕਰ ਚੁੱਕੀ ਅਭਿਨੇਤਰੀ ਅਸ਼ਨੂਰ ਕੌਰ ਲੀਡ ਹੀਰੋਇਨ ਦੇ ਰੋਲ ’ਚ ਨਜ਼ਰ ਆਵੇਗੀ। ਫਿਲਮ ਬਾਰੇ ਆਦਿਲ ਖ਼ਾਨ, ਰਤਨਾ ਸਿਨਹਾ ਤੇ ਅਸ਼ਨੂਰ ਕੌਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਰਤਨਾ ਸਿਨਹਾ

ਫਿਲਮ ਲਿਖਣ ਤੋਂ ਪਹਿਲਾਂ ਇਸ ਨੂੰ ਲੈ ਕੇ ਤੁਹਾਡਾ ਪਹਿਲਾ ਆਈਡੀਆ ਕੀ ਸੀ?

ਫਿਲਮ ਦੀ ਕਹਾਣੀ ਹੀ ਇਹੀ ਹੈ ਕਿ ਜਦੋਂ ਤੁਸੀਂ ਕਿਸੇ ਦੇ ਪਿਆਰ ’ਚ ਪਏ ਹੋ ਤੇ ਉਸ ਨਾਲ ਵਿਆਹ ਕਰਨ ਜਾ ਰਹੇ ਹੋ ਅਤੇ ਅਚਾਨਕ ਵਿਆਹ ਦੇ ਦਿਨ ਕੋਈ ਤੁਹਾਨੂੰ ਆ ਕੇ ਕਹੇ ਕਿ ਇਸ ਨਾਲ ਵਿਆਹ ਨਾ ਕਰਨਾ ਵਰਨਾ ਕੁਝ ਗ਼ਲਤ ਹੋ ਜਾਵੇਗਾ ਤਾਂ ਤੁਸੀਂ ਕੀ ਕਰੋਗੇ, ਵਿਆਹ ਕਰੋਗੇ ਜਾਂ ਨਹੀਂ। ਇਹੀ ਸਵਾਲ ਕਹਾਣੀ ਦੀ ਸ਼ੁਰੂਆਤ ਹੈ। ਬਸ, ਇਸੇ ਗੱਲ ’ਤੇ ਆਧਾਰਿਤ ਹੈ ਪੂਰੀ ਫਿਲਮ ਤੇ ਉਸ ਦੀ ਕਹਾਣੀ।

ਇਕ ਨਿਰਦੇਸ਼ਕ ਹੋਣ ਦੇ ਨਾਤੇ ਕਿਸੇ ਵੀ ਫਿਲਮ ਨੂੰ ਲੈ ਕੇ ਤੁਹਾਡਾ ਵਿਜ਼ਨ ਕੀ ਹੁੰਦਾ ਹੈ?

ਐਕਸ਼ਨ, ਡਰਾਮਾ ਜਾਂ ਰੋਮਾਂਸ ਕੁਝ ਵੀ ਹੋਵੇ, ਉਹ ਰਿਲੇਟਬਲ ਰਹਿੰਦਾ ਹੈ ਜੇ ਦਰਸ਼ਕ ਉਹੀ ਦੇਖਣਾ ਚਾਹੁੰਦੇ ਹਨ ਤਾਂ। ਇਸ ਸਮੇਂ ਦੱਖਣ ਦੀਆਂ ਫਿਲਮਾਂ ਦਾ ਵੀ ਇਕ ਪ੍ਰਭਾਵ ਆਇਆ ਹੈ, ਜੋ ਮੈਨੂੰ ਲੱਗਦਾ ਹੈ ਕਿ ਥੋੜ੍ਹੇ ਦਿਨਾਂ ਤੱਕ ਰਹੇਗਾ। ਦਰਸ਼ਕ ਜਿਸ ਤਰ੍ਹਾਂ ਦਾ ਸਿਨੇਮਾ ਦੇਖਣਾ ਪਸੰਦ ਕਰਦੇ ਹਨ, ਅੱਜਕਲ ਉਸੇ ਤਰ੍ਹਾਂ ਦੀਆਂ ਹੀ ਫਿਲਮਾਂ ਬਣ ਰਹੀਆਂ ਹਨ। ਦਰਸ਼ਕਾਂ ਲਈ ਚੰਗੀ ਕਹਾਣੀ ਲਿਆਉਣੀ ਚਾਹੀਦੀ ਹੈ।

ਪਹਿਲੇ ਦਿਨ ਤੋਂ ਲੈ ਕੇ ਆਖ਼ਰੀ ਦਿਨ ਤੱਕ ਸੈੱਟ ’ਤੇ ਕਿਸ ਤਰ੍ਹਾਂ ਦਾ ਮਾਹੌਲ ਰਿਹਾ?

ਪਹਿਲੇ ਦਿਨ ਤਾਂ ਮੈਂ, ਅਸ਼ਨੂਰ, ਕੋ-ਪ੍ਰੋਡਿਊਸਰ ਹੀ ਸੈੱਟ ’ਤੇ ਸੀ ਅਤੇ ਪਹਿਲਾ ਦਿਨ ਥੋੜ੍ਹਾ ਮੁਸ਼ਕਲ ਰਿਹਾ। ਇਸ ਤੋਂ ਇਕ ਦਿਨ ਪਹਿਲਾਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਮੈਂ ਇਸ ਨੂੰ ਨਿਰਦੇਸ਼ਤ ਕਰਾਂਗੀ। ਇਸ ਤੋਂ ਪਹਿਲਾਂ ਅਸੀਂ ਸਭ ਦੇਖ ਕੇ ਆਏ ਸੀ ਕਿ ਕਿੱਥੇ ਸ਼ੂਟਿੰਗ ਕਰਾਂਗੇ। ਉਸ ਤੋਂ ਬਾਅਦ ਕੰਮ ’ਤੇ ਲੱਗ ਗਏ। ਇਸ ਦਰਮਿਆਨ ਮੈਨੂੰ ਪਹਿਲੇ ਦਿਨ ਸਮਝ ਹੀ ਨਹੀਂ ਆ ਰਿਹਾ ਸੀ ਕਿ ਮੈਂ ਕਰਨਾ ਕੀ ਹੈ। ਜਦੋਂ ਤੁਹਾਨੂੰ 2 ਦਿਨ ’ਚ ਹੀ ਆਪਣੇ ਅਦਾਕਾਰ ’ਤੇ ਭਰੋਸਾ ਹੋ ਜਾਂਦਾ ਹੈ ਤਾਂ ਨਾਲ ਕੰਮ ਕਰਨਾ ਵੀ ਆਸਾਨ ਹੋ ਜਾਂਦਾ ਹੈ। ਇਸ ਤਰ੍ਹਾਂ ਆਖ਼ਰ ਤੱਕ ਤਾਂ ਅਸੀਂ ਸਾਰੇ ਇਕ ਪਰਿਵਾਰ ਦੀ ਤਰ੍ਹਾਂ ਬਣ ਜਾਂਦੇ ਹਾਂ।

ਅਸ਼ਨੂਰ ਕੌਰ

ਫਿਲਮ ’ਚ ਤੁਸੀਂ ਕਾਫ਼ੀ ਧਾਰਮਿਕ ਹੋ ਤਾਂ ਅਸਲ ਜ਼ਿੰਦਗੀ ’ਚ ਭਗਵਾਨ ਨਾਲ ਤੁਹਾਡਾ ਕਿਵੇਂ ਦਾ ਜੁੜਾਅ ਹੈ?

ਮੈਨੂੰ ਲੱਗਦਾ ਹੈ ਕਿ ਉਹ ਇਕ ਸੁਪਰੀਮ ਪਾਵਰ ਹੈ ਤੇ ਸਭ ਦੇ ਕਰਤਾ-ਧਰਤਾ ਉਹੀ ਹਨ, ਜਿਸ ਨੂੰ ਜੋ ਦੇਣਾ ਹੈ, ਜਦੋਂ ਦੇਣਾ ਹੈ, ਉਹੀ ਦੇਣਗੇ ਤੇ ਉਹ ਪਹਿਲਾਂ ਤੋਂ ਤੈਅ ਹਨ। ਤੁਸੀਂ ਬਸ ਆਪਣਾ ਕੰਮ ਰਹੋ। ਕਿਸੇ ਵੀ ਰੂਪ ’ਚ ਬਸ ਇਕ ਕੁਨੈਕਸ਼ਨ ਤੇ ਉਨ੍ਹਾਂ ’ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਇਕ ਵਿਸ਼ਵਾਸ ਹੁੰਦਾ ਹੈ ਕਿ ਤੁਸੀਂ ਉਨ੍ਹਾਂ ਨਾਲ ਗੱਲ ਕਰ ਸਕਦੇ ਹੋ, ਕੁਝ ਮੰਗ ਸਕਦੇ ਹੋ। ਫਿਰ ਤੁਸੀਂ ਉਸ ਲਈ ਕੁਝ ਕਰੋ ਨਾ ਕਰੋ, ਤੁਹਾਨੂੰ ਉਹ ਚੀਜ਼ ਮਿਲ ਵੀ ਸਕਦੀ ਹੈ।

ਫਿਲਮ ਤੋਂ ਪਹਿਲਾਂ ਤੁਸੀਂ ਇਸ ਲਈ ਕਿਵੇਂ ਤਿਆਰੀ ਕੀਤੀ ਸੀ ਤੇ ਸ਼ੂਟਿੰਗ ਸਮੇਂ ਇਹ ਕਿੰਨੀ ਬਦਲੀ?

ਮੈਨੂੰ ਫਿਲਮ ਲਈ ਤਿਆਰੀ ਕਰਨ ’ਚ ਬਹੁਤ ਘੱਟ ਸਮਾਂ ਮਿਲਿਆ। ਫਲੋਰ ’ਤੇ ਜਾਣ ਤੋਂ ਪਹਿਲਾਂ ਮੈਨੂੰ ਬਸ 8 ਦਿਨ ਮਿਲੇ ਸਨ। ਤਿਆਰੀ ’ਚ ਵੀ ਕਈ ਵਾਰ ਨਰੇਸ਼ਨ ਅਤੇ ਡਾਇਲਾਗ ਨੂੰ ਲੈ ਕੇ ਗੱਲਬਾਤ ਹੋਈ। ਰਤਨਾ ਮੈਮ ਨੇ ਮੈਨੂੰ ਸਮਝਾਇਆ ਕਿ ਕਿਵੇਂ ਗੱਲ ਕਰਨੀ ਹੈ, ਕਿਵੇਂ ਆਵਾਜ਼ ਨੂੰ ਮਚਿਓਰ ਬਣਾਉਣਾ ਹੈ। ਘੱਟ ਸਮੇਂ ’ਚ ਵੀ ਅਸੀਂ ਕਾਫ਼ੀ ਤਿਆਰੀ ਕੀਤੀ। ਮੈਂ ਇਹ ਕਹਾਂਗੀ ਕਿ ਜਦੋਂ ਤੁਹਾਡੇ ਕੋਲ ਰਤਨਾ ਮੈਮ ਵਰਗੀ ਡਾਇਰੈਕਟਰ ਹੈ ਤਾਂ ਚੀਜ਼ਾਂ ਆਸਾਨ ਹੋ ਜਾਂਦੀਆਂ ਹਨ। ਉਹ ਤੁਹਾਨੂੰ ਸ਼ੇਪ ਕਰ ਕੇ ਟ੍ਰੈਕ ’ਤੇ ਲਿਆਉਂਦੇ ਹਨ। ਕਈ ਵਾਰ ਤੁਸੀਂ ਖ਼ੂਬ ਤਿਆਰੀ ਕੀਤੀ ਹੁੰਦੀ ਹੈ ਪਰ ਸੀਨ ਸਮੇਂ ਉਹ ਦੱਸਦੇ ਹਨ ਕਿ ਤੁਸੀਂ ਉਸ ਨੂੰ ਹੋਰ ਬਿਹਤਰ ਤਰੀਕੇ ਨਾਲ ਕਰ ਸਕਦੇ ਹੋ। ਉਹ ਤੁਹਾਨੂੰ ਇਕ ਸੇਫ ਸਪੇਸ ਦਿੰਦੇ ਹਨ, ਜਿਸ ਨਾਲ ਤੁਹਾਡਾ ਆਤਮਵਿਸ਼ਵਾਸ ਹੋਰ ਵਧਦਾ ਹੈ।

ਸ਼ੋਅ ਤੇ ਫਿਲਮ ਨੂੰ ਇਕੱਠਿਆਂ ਬੈਲੇਂਸ ਕਰਨਾ ਕਿੰਨਾ ਮੁਸ਼ਕਲ ਰਿਹਾ?

ਇਹ ਮੇਰੇ ਲਈ ਥੋੜ੍ਹਾ ਮੁਸ਼ਕਲ ਰਿਹਾ ਕਿਉਂਕਿ ਜ਼ਾਹਿਰ ਹੈ ਕਿ ਉਸ ਸਮੇਂ ਸ਼ੋਅ ’ਚ ਮੇਰੀ ਜਗ੍ਹਾ ਕਿਸੇ ਹੋਰ ਦਾ ਡੁਪਲੀਕੇਟ ਸ਼ੂਟ ਹੋ ਰਿਹਾ ਹੈ, ਭਾਵ ਬਾਡੀ ਡਬਲ ਦੀ ਵਰਤੋਂ ਹੋ ਰਹੀ ਹੈ। ਲੋਕ ਹਮੇਸ਼ਾ ਕਹਿੰਦੇ ਹਨ ਕਿ ਤੁਸੀਂ ਇਕੱਠਿਆਂ ਦੋ ਕੰਮ ਨਹੀਂ ਕਰ ਸਕਦੇ ਜਾਂ ਇਕ ਸਮੇਂ ’ਚ ਇਕ ਹੀ ਕੰਮ ਕਰ ਸਕਦੇ ਹੋ ਪਰ ਮੈਨੂੰ ਅਜਿਹਾ ਨਹੀਂ ਲੱਗਦਾ। ਮੇਰੇ ਹਿਸਾਬ ਨਾਲ ਤੁਹਾਨੂੰ ਬਸ ਉਸ ਨੂੰ ਸਹੀ ਤਰ੍ਹਾਂ ਬੈਲੇਂਸ ਕਰਨਾ ਹੁੰਦਾ ਹੈ। ਤੁਸੀਂ ਦੋਵੇਂ ਕੰਮ ਕਰ ਸਕਦੇ ਹੋ। ਉਨ੍ਹਾਂ ਨੂੰ ਚੰਗੀ ਤਰ੍ਹਾਂ ਮੈਨੇਜ ਕਰਨਾ ਜ਼ਰੂਰੀ ਹੈ।

ਆਦਿਲ ਖ਼ਾਨ

ਤੁਸੀਂ ਸੀਨ ਕਰਨ ਤੋਂ ਬਾਅਦ ਉਸ ਨੂੰ ਦੇਖਦੇ ਹੋ ਜਾਂ ਉਸੇ ਤਰ੍ਹਾਂ ਫਾਈਨਲ ਕਰ ਦਿੰਦੇ ਹੋ?

ਮੈਂ ਸੀਨ ਨੂੰ ਲੈ ਕੇ ਕਾਫ਼ੀ ਸੀਰੀਅਸ ਰਹਿੰਦਾ ਹਾਂ। ਖ਼ਾਸ ਕਰ ਕੇ ਜੇ ਸੀਨ ਬਹੁਤ ਪਰਫਾਰਮੈਂਸ ਵਾਲਾ ਹੈ ਤਾਂ ਮੈਨੂੰ ਇਸ ਦੀ ਪਰਵਾਹ ਨਹੀਂ ਹੁੰਦੀ ਕਿ ਕਿਵੇਂ ਦਿਸ ਰਿਹਾ ਹਾਂ ਪਰ ਜਦੋਂ ਮੈਂ ਅਜਿਹੇ ਸ਼ਾਟ ਦੇ ਰਿਹਾ ਹਾਂ, ਜਿਨ੍ਹਾਂ ’ਚ ਸਟਾਈਲ ਵੀ ਮੈਟਰ ਕਰਦਾ ਹੈ, ਜੋ ਫਿਲਮ ਮੇਕਿੰਗ ਦਾ ਪਾਰਟ ਹੈ ਜਾਂ ਮੇਰਾ ਕੋਈ ਕਲੋਜ਼ਅੱਪ ਹੈ ਤਾਂ ਮੈਨੂੰ ਹੁੰਦਾ ਹੈ ਕਿ ਇਕ ਵਾਰ ਜਾ ਕੇ ਦੇਖ ਲਵੋ ਕਿ ਤੁਸੀਂ ਕੀ ਕਰ ਰਹੇ ਹੋ, ਕਿੰਨਾ ਬਿਹਤਰ ਕਰ ਸਕਦੇ ਹੋ। ਫਿਲਮ ਮੇਕਿੰਗ ਇਕ ਅਜਿਹੀ ਚੀਜ਼ ਹੈ, ਜਿਸ ’ਚ ਤੁਹਾਨੂੰ ਵਿਅਕਤੀਗਤ ਤੌਰ ’ਤੇ ਕਈ ਚੀਜ਼ਾਂ ਕਰਨੀਆਂ ਪੈਂਦੀਆਂ ਹਨ। ਮੇਰੇ ਲਈ ਇਹ ਮਿਕਸ ਪ੍ਰੋਸੈੱਸ ਹੈ। ਜੇ ਪਰਫਾਰਮੈਂਸ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਕੈਮਰੇ ਨਾਲ ਫ਼ਰਕ ਨਹੀਂ ਪੈਂਦਾ, ਮੈਂ ਬਸ ਉਸ ਪਲ ਨੂੰ ਜਿਉਂਦਾ ਹਾਂ। ਉਸ ਸਮੇਂ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਆਪ ਨੂੰ ਜਾ ਕੇ ਦੇਖਾਂ ਕਿਉਂਕਿ ਉਹ ਇਕ ਰੁਕਾਵਟ ਦੀ ਤਰ੍ਹਾਂ ਹੋਵੇਗਾ।

ਦਰਸ਼ਕਾਂ ਨੂੰ ਫਿਲਮ ’ਚ ਕੀ ਖ਼ਾਸ ਦੇਖਣ ਨੂੰ ਮਿਲੇਗਾ? ਤੁਸੀਂ ਦੱਸੋ ਕਿ ਦਰਸ਼ਕ ਇਸ ਨੂੰ ਕਿਉਂ ਦੇਖਣ?

ਬਹੁਤ ਸਮੇਂ ਬਾਅਦ ਕੋਈ ਅਜਿਹੀ ਫਿਲਮ ਆ ਰਹੀ ਹੈ। ਇਕ ਚੰਗੀ ਕਹਾਣੀ ਹੈ। ਰਤਨਾ ਮੈਮ ਨੇ ਇਕ ਮੁਸ਼ਕਲ ਕਹਾਣੀ ਨੂੰ ਸਰਲ ਤਰੀਕੇ ਨਾਲ ਨਰੇਟ ਕੀਤਾ ਹੈ। ਇੱਥੇ ਗੱਲ ਸੀਨ ਜਾਂ ਵਿਜ਼ੂਅਲ ਦੀ ਨਹੀਂ ਹੈ, ਤੁਹਾਡੇ ਅੰਤਰਮਨ ਨੂੰ ਛੂਹ ਲਵੇ, ਇਹ ਅਜਿਹੀ ਕਹਾਣੀ ਹੈ। ਤੁਹਾਡੇ ਦਿਲ ਨੂੰ ਛੂਹ ਜਾਵੇਗੀ ਇਹ ਫਿਲਮ। ਭਾਵਨਾਵਾਂ ਤੇ ਰਿਸ਼ਤੇ, ਪਿਆਰ ਦੀ ਗੱਲ ਕਰੀਏ ਤਾਂ ਤੁਸੀਂ ਇਸ ਨਾਲ ਰਿਲੇਟ ਵੀ ਕਰ ਸਕੋਗੇ। ਇਹ ਇਕ ਨਾਵਲ ਦੀ ਕਹਾਣੀ ਦੀ ਤਰ੍ਹਾਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News