ਪਾਕਿਸਤਾਨ ''ਚ ''ਕਪੂਰ ਹਵੇਲੀ'' ਦੀ ਖ਼ਸਤਾ-ਹਾਲ, ਡਿੱਗਣ ਦਾ ਖ਼ਤਰਾ
Monday, Jul 13, 2020 - 10:35 AM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੀ ਇਤਿਹਾਸਕ ਖ਼ਾਨਦਾਨੀ ਹਵੇਲੀ ਇੰਨ੍ਹੀਂ ਖਸਤਾਹਾਲ ਹੋ ਚੁੱਕੀ ਹੈ ਕਿ ਕਿਸੇ ਵੀ ਸਮੇਂ ਖ਼ੁਦ ਹੀ ਡਿੱਗ ਸਕਦੀ ਹੈ। ਪਾਕਿਸਤਾਨ ਸਰਕਾਰ ਦਾ ਇਰਾਦਾ ਇਸ ਨੂੰ ਮਿਊਜ਼ੀਅਮ ਬਣਾਉਣ ਦਾ ਹੈ ਪਰ ਹਵੇਲੀ ਦੇ ਮਾਲਕ ਨਾਲ ਸੌਦਾ ਨਹੀਂ ਹੋ ਸਕਿਆ ਹੈ। ਰਿਸ਼ੀ ਕਪੂਰ ਨੇ ਪਿਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਸਥਿਤ 'ਕਪੂਰ ਹਵੇਲੀ' ਨੂੰ ਮਿਊਜ਼ੀਅਮ 'ਚ ਬਦਲਣ ਦੀ ਬੇਨਤੀ ਕੀਤੀ ਸੀ। ਸਾਲ 2018 'ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਉਨ੍ਹਾਂ ਦੀ ਇਹ ਇੱਛਾ ਪੂਰੀ ਕਰਨ ਦੀ ਗੱਲ ਵੀ ਆਖੀ ਸੀ। ਇਸ ਖ਼ੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਹਵੇਲੀ ਹੁਣ ਭੂਤ ਬੰਗਲਾ ਬਣ ਗਈ ਹੈ। ਇਸ ਦੀ ਹਾਲਤ ਇੰਨ੍ਹੀਂ ਜ਼ਿਆਦਾ ਖਸਤਾ ਹੋ ਗਈ ਹੈ ਕਿ ਕਦੇ ਵੀ ਡਿੱਗ ਸਕਦੀ ਹੈ।
ਖ਼ਬਰ ਪਖਤੂਨਖਵਾ ਦੀ ਸੂਬਾਈ ਸਰਕਾਰ ਹਵੇਲੀ ਦਾ ਇਤਿਹਾਸਕ ਮਹੱਤਵ ਸਮਝਦੀ ਹੈ ਅਤੇ ਸੈਲਾਨੀਆਂ ਲਈ ਇਸ ਦੇ ਮੂਲ ਸਰੂਪ ਨੂੰ ਬਚਾਏ ਰੱਖਣਾ ਚਾਹੁੰਦੀ ਹੈ। ਸਰਕਾਰ ਨੇ ਇਸ ਨੂੰ ਖ਼ਰੀਦਣ ਦੀ ਕੋਸ਼ਿਸ਼ ਵੀ ਕੀਤੀ ਪਰ ਗੱਲ ਕੀਮਤ 'ਤੇ ਆ ਕੇ ਅਟਕ ਗਈ। ਸਰਕਾਰ ਦੀ ਸੁਸਤੀ ਨੂੰ ਦੇਖਦੇ ਹੋਏ ਸਥਾਨਕ ਲੋਕਾਂ ਨੂੰ ਇਸ ਗੱਲ ਦਾ ਡਰ ਹੈ ਕਿ ਖਸਤਾਹਾਲ ਹਵੇਲੀ ਕਿਤੇ ਖ਼ੁਦ ਹੀ ਡਿੱਗ ਨਾ ਜਾਵੇ। ਸਥਾਨਕ ਵਾਸੀ ਮੁਜੀਬ ਨੂੰ ਅੱਜ ਵੀ ਯਾਦ ਹੈ ਕਿ ਉਨ੍ਹਾਂ ਦੇ ਬਚਪਨ ਦੇ ਦਿਨਾਂ 'ਚ ਰਿਸ਼ੀ ਕਪੂਰ ਆਪਣੇ ਭਰਾ ਰਣਧੀਰ ਕਪੂਰ ਨਾਲ ਇੱਥੇ ਆਏ ਸਨ। ਕਪੂਰ ਹਵੇਲੀ ਦੇ ਮਾਲਕ ਮੁਹੰਮਦ ਇਸਰਾਰ ਸ਼ਹਿਰ ਦੇ ਅਮੀਰ ਜਿਊਲਰ ਹੈ। ਉਹ ਇੱਥੇ ਇੱਕ ਕਾਰੋਬਾਰੀ ਇਮਾਰਤ ਖੜ੍ਹੀ ਕਰਨਾ ਚਾਹੁੰਦੇ ਹਨ। ਉਹ ਤਿੰਨ-ਚਾਰ ਵਾਰ ਹਵੇਲੀ ਨੂੰ ਡੇਗਣ ਦੀ ਕੋਸ਼ਿਸ਼ ਵੀ ਕਰ ਚੁੱਕੇ ਹਨ ਪਰ ਨਾਕਾਮ ਰਹੇ। ਖ਼ੈਬਰ ਪਖਤੂਨਖਵਾ ਦੇ ਹੈਰੀਟੇਜ ਡਿਪਾਰਟਮੈਂਟ ਨੇ ਇਸ ਮਾਮਲੇ 'ਚ ਇਸਰਾਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾ ਰੱਖੀ ਹੈ।
ਦੱਸਣਯੋਗ ਹੈ ਕਿ 102 ਸਾਲ ਪਹਿਲਾਂ 'ਕਪੂਰ ਹਵੇਲੀ' ਦਾ ਨਿਰਮਾਣ ਰਿਸ਼ੀ ਕਪੂਰ ਦੇ ਦਾਦਾ ਪ੍ਰਿਥਵੀਰਾਜ ਕਪੂਰ ਦੇ ਪਿਤਾ ਬਸ਼ੇਸ਼ਵਰਨਾਥ ਕਪੂਰ ਨੇ ਕਰਵਾਇਆ ਸੀ। ਰਿਸ਼ੀ ਕਪੂਰ ਦੇ ਪਿਤਾ ਰਾਜ ਕਪੂਰ ਅਤੇ ਦਾਦਾ ਪ੍ਰਿਥਵੀਰਾਜ ਕਪੂਰ ਦਾ ਜਨਮ ਇਸੇ ਹਵੇਲੀ 'ਚ ਹੋਇਆ ਸੀ। ਸਾਲ 1947 'ਚ ਦੇਸ਼ ਦੀ ਵੰਡ ਮਗਰੋਂ ਕਪੂਰ ਪਰਿਵਾਰ ਭਾਰਤ ਚਲਾ ਗਿਆ ਸੀ।