ਘੱਗਰ ਦਰਿਆ ''ਚ ਪਾਣੀ ਦਾ ਪੱਧਰ 750.6 ਬਰਕਰਾਰ, ਅਜੇ ਵੀ ਨਹੀਂ ਘਟਿਆ ਖ਼ਤਰਾ

Tuesday, Sep 09, 2025 - 03:27 PM (IST)

ਘੱਗਰ ਦਰਿਆ ''ਚ ਪਾਣੀ ਦਾ ਪੱਧਰ 750.6 ਬਰਕਰਾਰ, ਅਜੇ ਵੀ ਨਹੀਂ ਘਟਿਆ ਖ਼ਤਰਾ

ਪਾਤੜਾਂ (ਸੁਖਦੀਪ ਸਿੰਘ ਮਾਨ) : ਘੱਗਰ ਦੇ ਖਨੌਰੀ ਹੈੱਡਵਰਕਸ ’ਤੇ ਬੁਰਜੀ ਨੰਬਰ ਆਰਡੀ 460 ਉੱਤੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ 748 ਨੂੰ ਪਾਰ ਕਰਕੇ 750.6 ’ਤੇ 14450 ਕਿਊਸਿਕ ਚੱਲ ਰਿਹਾ ਹੈ। ਭਾਵੇਂ ਕਿ ਸਰਕਾਰੀ ਰਿਪੋਰਟ ਅਨੁਸਾਰ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਇਕ ਇੰਚ ਘਟਿਆ ਦੱਸਿਆ ਜਾ ਰਿਹਾ ਹੈ ਪਰ ਲੋਕਾਂ ਵੱਲੋਂ ਲਾਈਆਂ ਨਿਸ਼ਾਨੀਆਂ ਤਹਿਤ ਅਜੇ ਪਾਣੀ ਘਟਣਾ ਸ਼ੁਰੂ ਨਹੀਂ ਹੋਇਆ। ਉਹ ਅਜੇ ਵੀ ਬੰਨ੍ਹਿਆਂ ਦੀ ਮਜ਼ਬੂਤੀ ਲਈ ਨਿਗਰਾਨੀ ਕਰ ਰਹੇ ਹਨ ਕਿਉਂਕਿ ਖਨੌਰੀ ਸੈਫਨ 'ਤੇ ਅੱਜ ਸਵੇਰੇ 8 ਵਜੇ ਵੀ 750.6 ਫੁੱਟ ਪਾਣੀ ਦਾ ਪੱਧਰ ਅਤੇ 14450 ਕਿਊਸਿਕ ਪਾਣੀ ਬੀਤੇ ਦੋ ਦਿਨਾਂ ਤੋਂ ਸਥਿਰ ਚੱਲ ਰਿਹਾ ਹੈ, ਘੱਟ ਕਿਉਂ ਨਹੀਂ ਰਿਹਾ? ਜਦੋਂਕਿ ਇਸ ਸਮੇਂ ਪਟਿਆਲਾ ਦੀ ਵੱਡੀ ਨਦੀ ਖਾਲੀ ਹੈ, ਡੇਰਾਬੱਸੀ, ਸ਼ੰਭੂ, ਸਰਾਲਾ ਕੋਲ ਘੱਗਰ 'ਚ ਪਾਣੀ ਘੱਟ ਗਿਆ, ਫਿਰ ਵੀ ਅੱਗੇ ਪਾਣੀ ਕਿਥੋਂ?

ਦੱਸਣਾ ਬਣਦਾ ਹੈ ਕਿ ਹਰਿਆਣਾ ਦੇ ਭਾਗਲ ਪਿੰਡ ਕੋਲ ਟਾਂਗਰੀ ਅਤੇ ਮਾਰਕੰਡਾ ਘੱਗਰ 'ਚ ਆ ਡਿੱਗਦੇ ਹਨ, ਜੋ ਕਿ ਦੋਵੇਂ ਹੀ ਫੁਲ ਵਗ ਰਹੇ ਹਨ। ਇਸ ਕਰਕੇ ਇਥੋਂ ਅੱਗੇ ਘੱਗਰ ਦਰਿਆ ਵੱਡੀ ਮਾਰ ਕਰ ਰਿਹਾ ਹੈ। ਇਹ ਪਾਣੀ ਅੰਬਾਲਾ, ਕਾਲੇ ਅੰਬ ਤੋਂ ਉਪਰੋਂ ਆ ਰਿਹਾ ਹੈ। ਪਿੰਡ ਸ਼ੁਤਰਾਣਾ ਦੇ ਖੇਤਾਂ ਵਿਚ ਪੁਰਾਣੀ ਪਾਈਪ ਲਾਈਨ ਲੀਕ ਹੋਣ ਕਾਰਨ ਸੌ ਏਕੜ ਵਿਚ ਪਾਣੀ ਭਰ ਗਿਆ। ਪਿੰਡ ਵਾਸੀਆਂ ਨੇ ਕਾਫ਼ੀ ਜੱਦੋ-ਜਹਿਦ ਮਗਰੋਂ ਪਾਣੀ ਬੰਦ ਕੀਤਾ। ਇਸੇ ਤਰ੍ਹਾਂ ਪਿੰਡ ਅਰਨੇਟੂ ਦਾ ਕਾਫੀ ਰਕਬੇ ਵਿਚ ਬਰਸਾਤੀ ਪਾਣੀ ਭਰਿਆ ਹੋਣ ਕਰਕੇ ਫਸਲਾਂ ਕਈ ਦਿਨਾਂ ਤੋਂ ਡੁੱਬੀਆਂ ਪਈਆਂ ਹਨ।

ਪਿੰਡ ਮਤੌਲੀ ਦੇ ਵਸਨੀਕਾਂ ਨੇ ਦੱਸਿਆ ਕਿ ਐਕਸਪ੍ਰੈੱਸਵੇਅ ਦੇ ਥੱਲਿਓਂ ਲੰਘਦੇ ਘੱਗਰ ਦਰਿਆ ਦਾ ਸਰਕਾਰੀ ਅਤੇ ਪ੍ਰਾਈਵੇਟ ਬੰਨ੍ਹ ਐਕਸਪ੍ਰੈੱਸਵੇਅ ਦੇ ਨਿਰਮਾਣ ਦੌਰਾਨ ਨੁਕਸਾਨਿਆ ਗਿਆ ਸੀ। ਸਮਾਂ ਰਹਿੰਦੇ ਜੇਕਰ ਪਿੰਡਾਂ ਦੇ ਲੋਕ ਬੰਨਿਆਂ ਨੂੰ ਆਪਣੇ ਸਾਧਨਾਂ ਰਾਹੀਂ ਮਜ਼ਬੂਤ ਨਾ ਕਰਦੇ ਤਾਂ ਵੱਡੀ ਬਰਬਾਦੀ ਹੋ ਜਾਣੀ ਸੀ। ਉਨ੍ਹਾਂ ਦੱਸਿਆ ਕਿ ਭਾਵੇਂ ਸਰਕਾਰੀ ਰਿਪੋਰਟ ’ਚ ਪਾਣੀ ਘਟਣਾ ਸ਼ੁਰੂ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਪਾਣੀ ਅਜੇ ਘਟਨਾ ਸ਼ੁਰੂ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਪਿੰਡ ਸ਼ੁਤਰਾਣਾ ਦੇ ਡੇਰਾ ਲਾਹੌਰੀਆਂ ਦੇ ਖੇਤਾਂ ਵਿਚ ਸਿੰਚਾਈ ਲਈ ਘੱਗਰ ਵਿਚ ਪਾਈ ਪੁਰਾਣੀ ਪਾਈਪ ਲਾਈਨ ਲੀਕ ਹੋ ਜਾਣ ਕਰਕੇ ਦਵਿੰਦਰ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ, ਪ੍ਰਗਟ ਸਿੰਘ, ਨਿਰਮਲ ਸਿੰਘ, ਬਲਿਹਾਰ ਸਿੰਘ, ਰਾਜ ਸਿੰਘ, ਵਿਕਰਮਜੀਤ ਸਿੰਘ, ਨਾਨਕ ਸਿੰਘ, ਗੁਲਾਬ ਸਿੰਘ, ਸੁਰਜੀਤ ਸਿੰਘ, ਹਰਮਨ ਸਿੰਘ ਦੇ 100 ਦੇ ਏਕੜ ਰਕਬੇ ਵਿਚ ਘੱਗਰ ਦਾ ਪਾਣੀ ਭਰ ਗਿਆ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਹੈ ਕਿ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਕਈ ਦਿਨਾਂ ਤੋਂ ਘਟ ਨਹੀਂ ਰਿਹਾ ਜਿਸ ਕਾਰਨ ਘੱਗਰ ਦਰਿਆ ਦੇ ਬੰਨ੍ਹ ਕਮਜ਼ੋਰ ਪੈਣੇ ਸ਼ੁਰੂ ਹੋ ਚੁੱਕੇ ਹਨ। ਪਿੰਡ ਅਰਨੇਟੂ ਘੱਗਰ ਦਰਿਆ ਨਾਲ ਲੱਗਦੇ ਕਾਫੀ ਰਕਬੇ ਵਿਚ ਬਰਸਾਤਾਂ ਦਾ ਪਾਣੀ ਭਰ ਜਾਣ ਕਾਰਨ ਵੱਡੀ ਪੱਧਰ ’ਤੇ ਫਸਲਾਂ ਬਰਬਾਦ ਹੋਈਆਂ ਹਨ। 


author

Gurminder Singh

Content Editor

Related News