ਯੂ. ਕੇ. : ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੂੰ ਮਾਲਕ ਨੇ ਪੱਬ ’ਚੋਂ ਕੱਢਿਆ ਬਾਹਰ

Tuesday, Apr 20, 2021 - 12:25 PM (IST)

ਯੂ. ਕੇ. : ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੂੰ ਮਾਲਕ ਨੇ ਪੱਬ ’ਚੋਂ ਕੱਢਿਆ ਬਾਹਰ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੂੰ ਇੱਕ ਪੱਬ ਮਾਲਕ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਸਿੱਟੇ ਵਜੋਂ ਪੱਬ ਮਾਲਕ ਨੇ ਕੀਰ ਨੂੰ ਪੱਬ ’ਚੋਂ ਬਾਹਰ ਕੱਢ ਕੇ ਸਾਹ ਲਿਆ। ਬਾਥ ’ਚ ‘ਦਿ ਰੈਵਨ’ ਪੱਬ ਚਲਾਉਂਦਾ ਰੋਡ ਹੰਫ੍ਰਿਸ ਦੇਸ਼ ’ਚ ਤਾਲਾਬੰਦੀ ਪਾਬੰਦੀਆਂ ਖਿਲਾਫ ਲੇਬਰ ਪਾਰਟੀ ਦੇ ਰਵੱਈਏ ਤੋਂ ਦੁਖੀ ਸੀ। ਰੋਡ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਲੇਬਰ ਪਾਰਟੀ ਦਾ ਹਮਾਇਤੀ ਹੈ ਪਰ ਲੇਬਰ ਪਾਰਟੀ ਲੀਡਰ ਦੇ ਕਾਰਜਾਂ ਤੋਂ ਸੰਤੁਸ਼ਟ ਨਹੀਂ। ਪੱਬ ਮਾਲਕ ਇੰਨੀ ਭੜਕਾਹਟ ’ਚ ਸੀ ਕਿ ਉਸ ਨੂੰ ਸੁਰੱਖਿਆ ਗਾਰਡਾਂ ਵੱਲੋਂ ਫੜਨਾ ਪਿਆ।

ਪੱਬ ਮਾਲਕ ਨੇ ਦੱਸਿਆ ਕਿ ਉਹ ਲੇਬਰ ਨੇਤਾ ਨਾਲ ਤਾਲਾਬੰਦੀ ਦੇ ਸਬੰਧ ’ਚ ਨਾਰਾਜ਼ ਹੈ ਕਿਉਂਕਿ ਉਹ ਸਰਕਾਰ ਵੱਲੋਂ ਥੋਪੀ ਤਾਲਾਬੰਦੀ ਬਾਰੇ ਇਹ ਪੁੱਛਣ ’ਚ ਅਸਫਲ ਰਿਹਾ ਹੈ ਕਿ ਤਾਲਾਬੰਦੀ ਕਿਵੇਂ ਅਸਰਦਾਇਕ ਰਹੀ ਹੈ ? ਕੀਰ ਨੇ ਕਾਲੇ ਰੰਗ ਦਾ ਮਾਸਕ ਪਾਇਆ ਹੋਇਆ ਸੀ ਤੇ ਟਕਰਾਅ ਤੋਂ ਬਚਣ ਲਈ ਉਹ ਆਪਣੀ ਟੀਮ ਦੇ ਮੈਂਬਰਾਂ ਨਾਲ ਪੱਬ ਛੱਡ ਗਿਆ ਸੀ। ਕੀਰ ਸਟਾਰਮਰ ਆਗਾਮੀ ਚੋਣਾਂ ਤੋਂ ਪਹਿਲਾਂ ਵੈਸਟ ਆਫ ਇੰਗਲੈਂਡ ਦੇ ਮੈਟਰੋ ਮੇਅਰ ਦੇ ਉਮੀਦਵਾਰ ਡੈਨ ਨੌਰਿਸ ਦਾ ਸਮਰਥਨ ਕਰਨ ਲਈ ਬਾਥ ’ਚ ਮੁਹਿੰਮ ’ਤੇ ਸੀ। ਇਸ ਸਬੰਧੀ ਕੀਰ ਨੇ ਦਲੀਲ ਦਿੱਤੀ ਕਿ ਐੱਨ. ਐੱਚ. ਐੱਸ. ਸਟਾਫ ਜਨਤਕ ਸਿਹਤ ਦੀ ਰੱਖਿਆ ਲਈ ਅਣਥੱਕ ਮਿਹਨਤ ਕਰ ਰਿਹਾ ਹੈ ਅਤੇ ਇਹ ਤਾਲਾਬੰਦੀ ਪਾਬੰਦੀਆਂ ਜਾਨਾਂ ਬਚਾਉਣ ਲਈ ਪੂਰੀ ਤਰ੍ਹਾਂ ਜ਼ਰੂਰੀ ਹੋ ਗਈਆਂ ਸਨ।


author

Manoj

Content Editor

Related News