ਸਕਾਟਲੈਂਡ : ਟੀ. ਵੀ. ਬਹਿਸਾਂ ’ਚ ਸ਼ਾਮਿਲ ਨਾ ਕਰਨ ’ਤੇ ਅਲੈਕਸ ਸੈਲਮੰਡ ਨੇ ਕੱਢੀ ਭੜਾਸ

04/14/2021 2:38:55 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਸਾਬਕਾ ਫਸਟ ਮਨਿਸਟਰ ਅਲੈਕਸ ਸੈਲਮੰਡ ਨੇ ਹੋਲੀਰੂਡ ਚੋਣਾਂ ਦੌਰਾਨ ਨੇਤਾਵਾਂ ਦੀ ਬਹਿਸ ’ਚ ਸ਼ਾਮਿਲ ਨਾ ਕੀਤੇ ਜਾਣ ’ਤੇ ਬੀ. ਬੀ. ਸੀ. ਅਤੇ ਐੱਸ ਟੀ. ਵੀ. ’ਤੇ ਆਪਣੀ ਭੜਾਸ ਕੱਢੀ ਹੈ। ਸਾਬਕਾ ਫਸਟ ਮਨਿਸਟਰ ਨੇ ਪਿਛਲੇ ਮਹੀਨੇ ਆਪਣੀ ਨਵੀਂ ਐਲਬਾ ਪਾਰਟੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਵੱਡੀਆਂ ਟੀ. ਵੀ. ਕੰਪਨੀਆਂ ਤੋਂ ਸਕਾਟਲੈਂਡ ’ਚ ਪਾਰਟੀ ਦੇ ਮੁੱਖ ਨੇਤਾਵਾਂ ਦਰਮਿਆਨ ਬਹਿਸ ’ਚ ਉਨ੍ਹਾਂ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ।

ਸੈਲਮੰਡ ਅਨੁਸਾਰ ਉਸ ਦੀ ਨਵੀਂ ਪਾਰਟੀ ਨੂੰ ਬਹਿਸ ਤੋਂ ਪਾਸੇ ਰੱਖਣਾ ਚਿੰਤਾਜਨਕ ਹੈ । ਐਲਬਾ ਪਾਰਟੀ ਦੀ ਸਥਾਪਨਾ ਸਾਬਕਾ ਐੱਸ. ਐੱਨ. ਪੀ. ਨੇਤਾ ਨੇ 6 ਮਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਸਕਾਟਲੈਂਡ ਦੀ ਸੰਸਦ ’ਚ ਆਜ਼ਾਦੀ ਲਈ ‘ਬਹੁਮਤ’ ਬਣਾਉਣ ਦੀ ਕੋਸ਼ਿਸ਼ ਵਜੋਂ ਕੀਤੀ ਹੈ । ਚੋਣਾਂ ਸਬੰਧੀ ਨੇਤਾਵਾਂ ਦੀ ਬਹਿਸ ’ਚੋਂ ਸੈਲਮੰਡ ਨੂੰ ਬਾਹਰ ਰੱਖਿਆ ਗਿਆ ਹੈ। ਦੋ ਹਫ਼ਤੇ ਪਹਿਲਾਂ ਬੀ. ਬੀ. ਸੀ. ਦੀ ਬਹਿਸ ਦੌਰਾਨ ਵੀ ਉਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ, ਜਦਕਿ ਇਨ੍ਹਾਂ ਬਹਿਸਾਂ ’ਚ ਨਿਕੋਲਾ ਸਟਰਜਨ (ਐੱਸ. ਐੱਨ. ਪੀ.), ਡਗਲਸ ਰਾਸ (ਟੋਰੀਜ਼), ਅਨਸ ਸਰਵਰ (ਲੇਬਰ), ਵਿਲੀ ਰੇਨੀ (ਲਿਬ ਡੀਮਸ) ਅਤੇ ਪੈਟਰਿਕ ਹਾਰਵੀ (ਗਰੀਨਜ਼) ਆਦਿ ਹਿੱਸਾ ਲੈਂਦੇ ਹਨ। ਸੈਲਮੰਡ ਦਾ ਕਹਿਣਾ ਹੈ ਕਿ ਐੱਸ. ਟੀ. ਵੀ. ਅਤੇ ਬੀ. ਬੀ. ਸੀ. ਇਸ ਤਰ੍ਹਾਂ ਕੰਮ ਕਰਦੇ ਹਨ, ਜਿਵੇਂ ਕਿ ਉਨ੍ਹਾਂ ਦੀ ਨਵੀਂ ਪਾਰਟੀ ਮੌਜੂਦ ਹੀ ਨਹੀਂ ਹੈ।

ਸੈਲਮੰਡ ਅਨੁਸਾਰ ਦੋ ਹਫ਼ਤਿਆਂ ’ਚ ਐਲਬਾ ਨੇ ਲਿਬਰਲ ਡੈਮੋਕਰੇਟਸ ਤੋਂ ਵੱਧ ਅਤੇ ਲੇਬਰ ਪਾਰਟੀ ਨਾਲੋਂ ਜ਼ਿਆਦਾ ਸੰਸਦ ਮੈਂਬਰ ਬਣਨ ਦੀ ਮੈਂਬਰਸ਼ਿਪ ਹਾਸਲ ਕੀਤੀ ਹੈ। ਸਕਾਟਿਸ਼ ਪ੍ਰਸਾਰਣ ਕੰਪਨੀਆਂ ਦਾ ਵਿਖਾਵਾ ਹੈ ਕਿ ਕੰਪਨੀ ਦੀ ਹੋਂਦ ਨਹੀਂ ਹੈ। ਬੀ. ਬੀ. ਸੀ. ਦੇ ਇੱਕ ਬੁਲਾਰੇ ਅਨੁਸਾਰ ਚੋਣ ਮੁਹਿੰਮ ਦੀ ਕਵਰੇਜ ’ਚ ਕੰਪਨੀ ਰੈਗੂਲੇਟਰੀ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਪ੍ਰਤੀ ਚੇਤੰਨ ਹੈ ਅਤੇ ਬੀ. ਬੀ. ਸੀ. ਆਪਣੇ ਦਿਸ਼ਾ-ਨਿਰਦੇਸ਼ਾਂ ਅਤੇ ਆਫਕਾਮ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੀ ਰਹੇਗੀ।


Anuradha

Content Editor

Related News