ਮੋਦੀ ਸਰਕਾਰ ਦੇ 100 ਦਿਨਾਂ ’ਚ ਸ਼ੇਅਰ ਬਾਜ਼ਾਰ ਨੂੰ 14 ਲੱਖ ਕਰੋਡ਼ ਰੁਪਏ ਦਾ ਹੋਇਆ ਨੁਕਸਾਨ

09/10/2019 4:59:02 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੂਜੇ ਕਾਰਜਕਾਲ ਦੇ ਸ਼ੁਰੂਆਤੀ 100 ਦਿਨਾਂ ’ਚ ਕਈ ਮੋਰਚਿਆਂ ’ਤੇ ਸਫਲਤਾ ਗਿਣਾ ਰਹੇ ਹਨ ਪਰ ਇਸ ਦੌਰਾਨ ਸ਼ੇਅਰ ਬਾਜ਼ਾਰ ਨੂੰ ਵੱਡੇ ਹੀ ਸੰਕਟ ਦੇ ਦੌਰ ’ਚੋਂ ਲੰਘਣਾ ਪਿਆ ਹੈ। ਹਾਲਾਤ ਇਹ ਹਨ ਕਿ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਇਸ ਦੌਰਾਨ 14 ਲੱਖ ਕਰੋਡ਼ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਲਗਾਤਾਰ ਦੂਜੀ ਵਾਰ ਕੇਂਦਰ ’ਚ ਐੱਨ. ਡੀ. ਏ. ਦੀ ਸਰਕਾਰ ਆਉਣ ਤੋਂ ਬਾਅਦ ਬਾਜ਼ਾਰ ਉਤਸ਼ਾਹਿਤ ਸੀ ਪਰ ਕੁਝ ਹੀ ਦਿਨਾਂ ’ਚ ਇਹ ਉਤਸ਼ਾਹ ਹਵਾ ਹੋ ਗਿਆ ਅਤੇ ਲਗਾਤਾਰ ਹੋ ਰਹੀ ਬਿਕਵਾਲੀ ਨਾਲ ਨਿਵੇਸ਼ਕਾਂ ਦੀ ਪੂੰਜੀ ’ਚ 14 ਲੱਖ ਕਰੋਡ਼ ਰੁਪਏ ਦੀ ਗਿਰਾਵਟ ਆ ਗਈ। ਕੁੱਲ ਮਿਲਾ ਕੇ ਬੀਤੇ 100 ਦਿਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਲਈ ਬੇਹੱਦ ਨਿਰਾਸ਼ਾਜਨਕ ਸਾਬਤ ਹੋਏ ਹਨ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅਰਥਵਿਵਸਥਾ ’ਚ ਆਈ ਸੁਸਤੀ ਨੂੰ ਦੂਰ ਕਰਨ ਅਤੇ ਉਸ ਨੂੰ ਰਫਤਾਰ ਦੇਣ ਲਈ ਕਈ ਐਲਾਨ ਕੀਤੇ ਪਰ ਬਿਕਵਾਲੀ ਦੀ ਹਨੇਰੀ ’ਚ ਸਭ ਬੇਕਾਰ ਗਿਆ। ਬੀ. ਐੱਸ. ਈ. ’ਤੇ ਸਾਵਧਾਨੀ ਭਰਿਆ ਕਾਰੋਬਾਰ ਕਰਨ ਵਾਲੀਆਂ 2,664 ਕੰਪਨੀਆਂ ’ਚੋਂ ਲਗਭਗ 2,290 ਕੰਪਨੀਆਂ ਨੂੰ ਕੁੱਲ ਪੂੰਜੀ ਦਾ 96 ਫ਼ੀਸਦੀ ਤੱਕ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ’ਚੋਂ 422 ਕੰਪਨੀਆਂ ’ਚ 40 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ, 1,372 ਕੰਪਨੀਆਂ ’ਚ 20 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ, ਜਦੋਂ ਕਿ 1,872 ਕੰਪਨੀਆਂ ਨੂੰ 10 ਫ਼ੀਸਦੀ ਤੋਂ ਜ਼ਿਆਦਾ ਦਾ ਝਟਕਾ ਲੱਗਾ ਹੈ। ਇਨ੍ਹਾਂ 100 ਦਿਨਾਂ ਦੌਰਾਨ ਬੀ. ਐੱਸ. ਈ.’ਤੇ ਸੂਚੀਬੱਧ ਕੰਪਨੀਆਂ ਦੀ ਕੁੱਲ ਪੂੰਜੀ 14.15 ਲੱਖ ਕਰੋਡ਼ ਘਟ ਕੇ 140 ਲੱਖ ਕਰੋਡ਼ ਰੁਪਏ ਰਹਿ ਗਈ।


Related News