GST ਕੌਂਸਲ ਕੱਢੇਗੀ ਸੂਬਿਆਂ ਦੇ ਬਕਾਏ ਦਾ ਰਸਤਾ, ਵਿੱਤ ਮੰਤਰੀ ਨੇ ਦਿੱਤੇ ਸੰਕੇਤ

09/19/2020 5:27:28 PM

ਨਵੀਂ ਦਿੱਲੀ— ਜੀ. ਐੱਸ. ਟੀ. ਮੁਆਵਜ਼ੇ ਦੇ ਮਾਮਲੇ 'ਤੇ ਸੂਬਿਆਂ ਦੇ ਬਕਾਏ ਨੂੰ ਲੈ ਕੇ ਮਚੇ ਬਵਾਲ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਕੇਤ ਦਿੱਤਾ ਹੈ ਕਿ ਜੀ. ਐੱਸ. ਟੀ. ਕੌਂਸਲ ਵਿਚਾਰ ਕਰਕੇ ਕੋਈ ਰਸਤਾ ਕੱਢੇਗੀ। ਗੌਰਤਲਬ ਹੈ ਕਿ ਜੀ. ਐੱਸ. ਟੀ. ਕੌਂਸਲ ਦੀ ਬੈਠਕ ਅਕਤੂਬਰ ਦੇ ਪਹਿਲੇ ਹਫ਼ਤੇ 'ਚ ਹੋਣ ਵਾਲੀ ਹੈ।

ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਜੀ. ਐੱਸ. ਟੀ. ਮੁਆਵਜ਼ੇ ਦੇ ਮਾਮਲੇ 'ਚ ਉਹ ਆਪਣੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਕੀਤੇ ਗਏ ਵਾਅਦਿਆਂ ਦਾ ਸਨਮਾਨ ਕਰੇਗੀ। ਉਨ੍ਹਾਂ ਕਿਹਾ, ''ਚਾਹੇ ਅਸੀਂ ਮੌਜੂਦਾ ਸੰਕਟ 'ਚ ਹੀ ਕਿਉਂ ਨਾ ਹੋਈਏ ਪਰ ਸੂਬਿਆਂ ਨੂੰ ਕਿਸ ਤਰ੍ਹਾਂ ਮੁਆਵਜ਼ੇ ਦਾ ਭੁਗਤਾਨ ਕੀਤਾ ਜਾਵੇ, ਕੌਂਸਲ ਦੀ ਬੈਠਕ 'ਚ ਇਸ 'ਤੇ ਚਰਚਾ ਕਰਾਂਗੇ। ਕੌਂਸਲ ਇਸ ਗੱਲ 'ਤੇ ਗੌਰ ਕਰੇਗੀ ਕਿ ਕਿਸ ਤਰ੍ਹਾਂ ਮਾਲੀਏ ਦੀ ਭਰਪਾਈ ਲਈ ਕਰਜ਼ਾ ਲਿਆ ਜਾ ਸਕਦਾ ਹੈ।''

ਵਿੱਤ ਮੰਤਰੀ ਨੇ ਕਿਹਾ ਕਿ ਇਹ ਭੁਗਤਾਨ ਮੁਆਵਜ਼ਾ ਸੈੱਸ ਫੰਡ ਤੋਂ ਹੋਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਅਸੀਂ ਜਿੰਮੇਵਾਰੀ ਤੋਂ ਪਿੱਛੇ ਨਹੀਂ ਹਟੇ ਹਾਂ, ਕੋਵਿਡ ਦੌਰਾਨ ਵੀ ਸੂਬਿਆਂ ਦਾ ਪੈਸਾ ਨਹੀਂ ਰੋਕਿਆ ਜਾ ਰਿਹਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਮਾਲੀਏ 'ਚ ਹੋਏ ਨੁਕਸਾਨ ਦੀ ਭਰਪਾਈ ਲਈ ਟੈਕਸ ਦਰਾਂ ਵਧਾਉਣ 'ਤੇ ਵਿਚਾਰ ਨਹੀਂ ਕੀਤਾ ਜਾ ਰਿਹਾ। ਦੱਸ ਦੇਈਏ ਕਿ ਚਾਲੂ ਵਿੱਤੀ ਸਾਲ ਦੌਰਾਨ ਸੂਬਿਆਂ ਨੂੰ ਜੀ. ਐੱਸ. ਟੀ. ਮਾਲੀਏ 'ਚ 2.5 ਲੱਖ ਕਰੋੜ ਰੁਪਏ ਦੀ ਕਮੀ ਰਹਿਣ ਦਾ ਅਨੁਮਾਨ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ 'ਚੋਂ 1.38 ਲੱਖ ਕਰੋੜ ਰੁਪਏ ਦੀ ਕਮੀ ਕੋਵਿਡ ਕਾਰਨ ਹੋਵੇਗੀ।


Sanjeev

Content Editor

Related News