ਪ੍ਰਧਾਨ ਮੰਤਰੀ ਮੋਦੀ ਦੇ ਨਾਮਜ਼ਦਗੀ ਦਾਖਲ ਕਰਨ ਮੌਕੇ ਸ਼ਾਮਲ ਹੋਣਗੇ 12 ਸੂਬਿਆਂ ਦੇ CM

Thursday, May 09, 2024 - 02:30 PM (IST)

ਪ੍ਰਧਾਨ ਮੰਤਰੀ ਮੋਦੀ ਦੇ ਨਾਮਜ਼ਦਗੀ ਦਾਖਲ ਕਰਨ ਮੌਕੇ ਸ਼ਾਮਲ ਹੋਣਗੇ 12 ਸੂਬਿਆਂ ਦੇ CM

ਨੈਸ਼ਨਲ ਡੈਸਕ- ਵਾਰਾਣਸੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਮਜ਼ਦਗੀ ਦਾਖਲ ਕਰਨ ਸਮੇਂ ਦੇਸ਼ ਦੇ 12 ਸੂਬਿਆਂ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ 14 ਮਈ ਨੂੰ ਵਾਰਾਣਸੀ ਲੋਕ ਸਭਾ ਸੀਟ ਤੋਂ ਤੀਜੀ ਵਾਰ ਨਾਮਜ਼ਦਗੀ ਦਾਖ਼ਲ ਕਰਨ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਰੱਖਿਆ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਥੇ ਹੀ ਸਿਹਤ ਵਿਭਾਗ ਨੇ ਸਾਰਿਆਂ ਲਈ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਡਿਊਟੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਨਾਮਜ਼ਦਗੀ ਵਾਲੀ ਥਾਂ ’ਤੇ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਨਿਗਰਾਨੀ ਲਈ 85 ਸੀ. ਸੀ. ਕੈਮਰਿਆਂ ਦੀ ਮਦਦ ਲਈ ਜਾਵੇਗੀ। ਇਸ ਤੋਂ ਇਲਾਵਾ 125 ਕਾਂਸਟੇਬਲ, ਹੈੱਡ ਕਾਂਸਟੇਬਲ, ਸਬ-ਇੰਸਪੈਕਟਰ ਅਤੇ ਏ. ਸੀ. ਪੀਜ਼ ਤਾਇਨਾਤ ਕੀਤੇ ਜਾਣਗੇ। ਏ. ਡੀ. ਸੀ. ਪੀ. ਵਰੁਣਾ ਜ਼ੋਨ ਸਰਵਣਨ ਟੀ ਨੇ ਦੱਸਿਆ ਕਿ ਉਮੀਦਵਾਰਾਂ ਅਤੇ ਉਨ੍ਹਾਂ ਦੇ ਪ੍ਰਸਤਾਵਕਾਂ ਦੇ ਵਾਹਨ ਪੁਲਸ ਕਮਿਸ਼ਨਰ ਦਫ਼ਤਰ ਅਤੇ ਕਲੈਕਟਰ ਦਫ਼ਤਰ ਦੇ ਮੁੱਖ ਗੇਟ ਤੱਕ ਹੀ ਪਹੁੰਚ ਸਕਣਗੇ। ਉਥੋਂ, ਉਮੀਦਵਾਰ ਅਤੇ ਉਨ੍ਹਾਂ ਦੇ ਚਾਰ ਪ੍ਰਸਤਾਵਕ ਨਾਮਜ਼ਦਗੀ ਹਾਲ ਤੱਕ ਲੱਗਭਗ 100 ਮੀਟਰ ਦੀ ਦੂਰੀ ’ਤੇ ਪੈਦਲ ਜਾਣਗੇ।

ਪ੍ਰਧਾਨ ਮੰਤਰੀ ਦੀ ਨਾਮਜ਼ਦਗੀ ’ਚ ਭਾਜਪਾ ਸ਼ਾਸਿਤ ਅਤੇ ਸਹਿਯੋਗੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸ਼ਾਮਲ ਕਰਨ ਲਈ ਸੱਦਾ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿਚ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ, ਛੱਤੀਸਗੜ੍ਹ ਦੇ ਵਿਸ਼ਨੂੰ ਦੇਵ ਸਾਈ, ਮਹਾਰਾਸ਼ਟਰ ਦੇ ਏਕਨਾਥ ਸ਼ਿੰਦੇ, ਰਾਜਸਥਾਨ ਦੇ ਭਜਨ ਲਾਲ ਸ਼ਰਮਾ ਅਤੇ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ, ਹਰਿਆਣਾ ਦੇ ਨਾਇਬ ਸਿੰਘ ਸੈਣੀ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸ਼ਾਹ ਨਾਮਜ਼ਦਗੀ ਵਿਚ ਸ਼ਾਮਲ ਹੋਣਗੇ।

ਪ੍ਰਧਾਨ ਮੰਤਰੀ ਦੀ ਨਾਮਜ਼ਦਗੀ ਵਿਚ ਲੋਜਪਾ ਮੁਖੀ ਚਿਰਾਗ ਪਾਸਵਾਨ, ਆਪਣਾ ਦਲ ਐੱਸ ਦੀ ਪ੍ਰਧਾਨ ਅਨੁਪ੍ਰਿਆ ਪਟੇਲ, ਸੁਭਾਸਪਾ ਪ੍ਰਧਾਨ ਓਮਪ੍ਰਕਾਸ਼ ਰਾਜਭਰ ਅਤੇ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਅਤੇ ਪੂਰਵਾਂਚਲ ਅਤੇ ਆਸ-ਪਾਸ ਦੇ ਖੇਤਰਾਂ ਦੇ ਉਮੀਦਵਾਰ ਵੀ ਨਾਮਜ਼ਦਗੀ ਤੋਂ ਪਹਿਲਾਂ ਰੋਡ ਸ਼ੋਅ ਅਤੇ ਨਾਮਜ਼ਦਗੀ ਵਾਲੇ ਦਿਨ ਬਨਾਰਸ ’ਚ ਮੌਜੂਦ ਰਹਿਣਗੇ।


author

Tanu

Content Editor

Related News