ਆਰਥਿਕ ਕੰਗਾਲੀ ਨਾਲ ਜੂਝ ਰਹੇ ਪਾਕਿਸਤਾਨ ਤੋਂ ਮਿਲ ਰਹੇ ਚੰਗੇ ''ਸੰਕੇਤ''

04/21/2024 4:07:18 AM

ਪਾਕਿਸਤਾਨ ਵਲੋਂ 14 ਫਰਵਰੀ, 2019 ਦੇ ਪੁਲਵਾਮਾ ਹਮਲੇ, ਜਿਸ ’ਚ 40 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ, ਪਿੱਛੋਂ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਹੇਠਲੇ ਪੱਧਰ ’ਤੇ ਪੁੱਜ ਗਏ। ਤਦ ਤੋਂ ਦੋਵਾਂ ਦੇਸ਼ਾਂ ’ਚ ‘ਗੱਲਬਾਤ’ ਬੰਦ ਹੈ ਅਤੇ ਵਪਾਰ ਲਗਭਗ ਠੱਪ ਹੈ।

ਫਿਲਹਾਲ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਜਿੱਥੇ 4 ਮਾਰਚ, 2024 ਨੂੰ ਸੱਤਾ ਸੰਭਾਲਦਿਆਂ ਹੀ ਆਪਣੇ ਭਾਸ਼ਣ ’ਚ ਭਾਰਤ ਸਣੇ ਸਾਰੇ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਕਾਇਮ ਕਰਨ ਦੀ ਗੱਲ ਕਹੀ, ਉੱਥੇ ਹੀ ਉਨ੍ਹਾਂ ਵਲੋਂ ਆਪਣੀ ਸਰਕਾਰ ’ਚ ਕਸ਼ਮੀਰ ਮੂਲ ਦੇ ਭਾਰਤ ਹਮਾਇਤੀ ਅਰਥ-ਸ਼ਾਸਤਰੀ ਇਸਹਾਕ ਡਾਰ (73) ਨੂੰ ਵਿਦੇਸ਼ ਮੰਤਰੀ ਨਿਯੁਕਤ ਕਰਨ ਨੂੰ ਇਸੇ ਸੰਦਰਭ ’ਚ ਦੇਖਿਆ ਗਿਆ।

ਇਸਹਾਕ ਡਾਰ ਹਮੇਸ਼ਾ ਭਾਰਤ ਨਾਲ ਆਰਥਿਕ ਅਤੇ ਵਪਾਰਕ ਸਬੰਧਾਂ ਦੀ ਬਹਾਲੀ ਦੇ ਹੱਕ ’ਚ ਰਹੇ ਹਨ ਅਤੇ 23 ਮਾਰਚ, 2024 ਨੂੰ ਉਨ੍ਹਾਂ ਨੇ ਕਿਹਾ ਕਿ ‘‘ਪਾਕਿਸਤਾਨ ਦਾ ਵਪਾਰਕ ਭਾਈਚਾਰਾ ਭਾਰਤ ਨਾਲ ਵਪਾਰ ਬਹਾਲ ਕਰਨਾ ਚਾਹੁੰਦਾ ਹੈ।’’ ਇਸ ਦੇ 10 ਦਿਨ ਪਿੱਛੋਂ 2 ਅਪ੍ਰੈਲ, 2024 ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਵੀ ਕਿਹਾ ਕਿ ‘‘ਭਾਰਤ ’ਚ ਲੋਕ ਸਭਾ ਚੋਣਾਂ ਸੰਪੰਨ ਹੋਣ ਪਿੱਛੋਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਸੁਧਰ ਸਕਦੇ ਹਨ।’’

ਇਸ ਦਰਮਿਆਨ ਦੇਸ਼ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਦੀ ਬੇਟੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਭਤੀਜੀ ਅਤੇ ਪਾਕਿਸਤਾਨ ਦੇ ਹਿੱਸੇ ਵਾਲੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਮਾਜ਼ ਨੇ ਜਿੱਥੇ ਆਪਣੇ ਮੰਤਰੀ ਮੰਡਲ ’ਚ ਇਕ ਪੰਜਾਬੀ ਰਮੇਸ਼ ਸਿੰਘ ਅਰੋੜਾ ਨੂੰ ਘੱਟਗਿਣਤੀ ਮਾਮਲਿਆਂ ਦਾ ਮੰਤਰੀ ਨਿਯੁਕਤ ਕੀਤਾ ਹੈ, ਉੱਥੇ ਹੀ ਉਨ੍ਹਾਂ ਨੇ ਸੂਬੇ ਦੇ ਸਕੂਲਾਂ ’ਚ ਪੰਜਾਬੀ ਪੜ੍ਹਾਉਣ ਦਾ ਐਲਾਨ ਵੀ ਕੀਤਾ ਹੈ।

ਇੰਨਾ ਹੀ ਨਹੀਂ, ਇਸ ਵਾਰ ਪਾਕਿਸਤਾਨ ’ਚ ਵਿਸਾਖੀ ਦਾ ਸਮਾਗਮ ਪਹਿਲੀ ਵਾਰ ਸਰਕਾਰੀ ਤੌਰ ’ਤੇ ਮਨਾਇਆ ਗਿਆ ਅਤੇ ਕਰਤਾਰਪੁਰ ਸਾਹਿਬ ਪੁੱਜੇ ਸਿੱਖ ਤੀਰਥ ਯਾਤਰੀਆਂ, ਜਿਨ੍ਹਾਂ ’ਚ ਜ਼ਿਆਦਾਤਰ ਭਾਰਤ ਤੋਂ ਸਨ, ਦੇ ਇਕ ਸਮੂਹ ਨਾਲ ਵੀ 18 ਅਪ੍ਰੈਲ, 2024 ਨੂੰ ਮਰੀਅਮ ਨਵਾਜ਼ ਨੇ ਭੇਂਟ ਕਰ ਕੇ ਉਨ੍ਹਾਂ ਨਾਲ ਲੰਗਰ ਛਕਿਆ।

ਇਸ ਮੌਕੇ ’ਤੇ ਉਨ੍ਹਾਂ ਨੇ ਖੁਦ ਨੂੰ ‘ਪੱਕੀ ਪੰਜਾਬਣ’ ਦੱਸਦਿਆਂ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪੁਰਾਣੇ ਬਿਆਨਾਂ ਦੇ ਹਵਾਲੇ ਨਾਲ ਕਿਹਾ, ‘‘ਇਹ ਮੇਰਾ ਪੰਜਾਬ ਹੈ ਅਤੇ ਅਸੀਂ ਹੋਲੀ ਅਤੇ ਵਿਸਾਖੀ ਵਰਗੇ ਸਾਰੇ ਤਿਉਹਾਰ ਇਕੱਠੇ ਮਨਾਉਂਦੇ ਹਾਂ। ਸਾਨੂੰ ਆਪਣੇ ਗੁਆਂਢੀਆਂ ਨਾਲ ਲੜਨਾ ਨਹੀਂ ਚਾਹੀਦਾ। ਸਾਨੂੰ ਉਨ੍ਹਾਂ ਲਈ ਆਪਣੇ ਦਿਲ ਖੋਲ੍ਹਣ ਦੀ ਲੋੜ ਹੈ।’’

ਉਨ੍ਹਾਂ ਨੇ ਕਿਹਾ ਕਿ, ‘‘ਜਦ ਮੈਂ ਮੁੱਖ ਮੰਤਰੀ ਬਣੀ ਤਾਂ ਮੈਨੂੰ ਭਾਰਤ ਅਤੇ ਉਥੋਂ ਦੇ ਪੰਜਾਬ ਸੂਬੇ ਤੋਂ ਵਧਾਈ ਸੰਦੇਸ਼ ਵੀ ਮਿਲੇ ਜਿਸ ਨਾਲ ਮੈਨੂੰ ਲੱਗਿਆ ਕਿ ਦੋਵਾਂ ਦੇਸ਼ਾਂ ਦਰਮਿਆਨ ਕੋਈ ਹੱਦ ਨਹੀਂ ਹੈ।’’ ਉਰਦੂ ਅਤੇ ਪੰਜਾਬੀ ’ਚ ਦਿੱਤੇ ਆਪਣੇ 10 ਮਿੰਟ ਦੇ ਭਾਸ਼ਣ ’ਚ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦਰਮਿਆਨ ਇਕ ਤੰਦ ਹੋਣ ਦੀ ਗੱਲ ਵੀ ਕਹੀ। ਖਾਸ ਕਰ ਕੇ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਪੰਜਾਬ ਸੂਬਿਆਂ ਦੇ ਆਪਸੀ ਰਿਸ਼ਤਿਆਂ ਦਾ ਜ਼ਿਕਰ ਕੀਤਾ ਅਤੇ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕੇ ਦੇ ਵਿਕਾਸ ’ਤੇ ਜ਼ੋਰ ਦਿੱਤਾ।

ਭਾਰਤ-ਪਾਕਿਸਤਾਨ ਸਬੰਧਾਂ ’ਤੇ ਨਜ਼ਰ ਰੱਖਣ ਵਾਲੇ ਪਾਲਿਟੀਕਲ ਆਬਜ਼ਰਵਰ ਮਰੀਅਮ ਨਵਾਜ਼ ਦੇ ਇਸ ਬਿਆਨ ਨੂੰ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਪਾਕਿਸਤਾਨ ਦੀ ਇੱਛਾ ਵਜੋਂ ਦੇਖ ਰਹੇ ਹਨ। ਆਸ ਕਰਨੀ ਚਾਹੀਦੀ ਹੈ ਕਿ ਪਾਕਿਸਤਾਨੀ ਆਗੂਆਂ ਦੀ ਸੋਚ ’ਚ ਦਿਖਾਈ ਦਿੰਦੇ ਸਕਾਰਾਤਮਕ ਬਦਲਾਅ ਨਾਲ ਆਰਥਿਕ ਸਥਿਤੀ ਦੇ ਨਾਲ-ਨਾਲ ਭਾਰਤ ਨਾਲ ਇਸ ਦੇ ਸਬੰਧਾਂ ’ਚ ਸੁਧਾਰਾਂ ਦੀ ਸ਼ੁਰੂਆਤ ਹੋਵੇਗੀ ਜਿਸ ਨਾਲ ਭਾਰਤ ਤੋਂ ਵੱਧ ਪਾਕਿਸਤਾਨ ਨੂੰ ਹੀ ਲਾਭ ਹੋਵੇਗਾ।

ਭਾਰਤ ਨਾਲ ਸਬੰਧ ਵਿਗਾੜਨ ਦਾ ਵੱਧ ਖਮਿਆਜ਼ਾ ਵੀ ਪਾਕਿਸਤਾਨ ਨੂੰ ਹੀ ਭੁਗਤਣਾ ਪੈ ਰਿਹਾ ਹੈ ਕਿਉਂਕਿ ਅਤੀਤ ’ਚ ਜੋ ਚੀਜ਼ਾਂ ਭਾਰਤ ਤੋਂ ਬਹੁਤ ਘੱਟ ਕੀਮਤ ’ਤੇ ਦਰਾਮਦ ਕਰ ਰਿਹਾ ਸੀ, ਉਹੀ ਹੁਣ ਦੂਜੇ ਦੇਸ਼ਾਂ ਤੋਂ ਮਹਿੰਗੇ ਭਾਅ ’ਤੇ ਖਰੀਦਣੀਆਂ ਪੈ ਰਹੀਆਂ ਹਨ। ਇਸੇ ਸਿਲਸਿਲੇ ’ਚ ਫਰਵਰੀ, 2024 ’ਚ ਭਾਰਤ ਦੀ ਵਣਜ ਤੇ ਉਦਯੋਗ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਲੋਕ ਸਭਾ ’ਚ ਦੱਸਿਆ ਸੀ ਕਿ ਪਾਕਿਸਤਾਨ ਹੋਰ ਏਸ਼ੀਆਈ ਦੇਸ਼ਾਂ ਰਾਹੀਂ ਭਾਰਤ ਨਾਲ ਵਪਾਰ ਕਰ ਰਿਹਾ ਹੈ।

ਇਸ ਲਈ ਭਾਰਤ ਨਾਲ ਸਬੰਧ ਸੁਧਾਰਨ ਅਤੇ ਵਪਾਰ ਦੀ ਬਹਾਲੀ ਨਾਲ ਨਾ ਸਿਰਫ ਮਹਿੰਗਾਈ ਨਾਲ ਜੂਝ ਰਹੀ ਪਾਕਿਸਤਾਨ ਦੀ ਜਨਤਾ ਨੂੰ ਕੁਝ ਰਾਹਤ ਮਿਲੇਗੀ ਸਗੋਂ ਦੋਵੇਂ ਦੇਸ਼ ਮਿਲ ਕੇ ਖੁਦ ਨੂੰ ਦਰਪੇਸ਼ ਸਾਂਝੀਆਂ ਮੁਸ਼ਕਿਲਾਂ, ਅੱਤਵਾਦ ਆਦਿ ਨਾਲ ਵੀ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਸਕਣਗੇ ਜੋ ਦੋਵਾਂ ਹੀ ਦੇਸ਼ਾਂ ਲਈ ਚੰਗਾ ਹੋਵੇਗਾ।

-ਵਿਜੇ ਕੁਮਾਰ


Harpreet SIngh

Content Editor

Related News