ਨਵਾਂਸ਼ਹਿਰ ਵਿਖੇ ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ''ਤੇ ਚਲਾ ਦਿੱਤੀ ਗੋਲ਼ੀ
Thursday, Feb 15, 2024 - 02:27 PM (IST)
![ਨਵਾਂਸ਼ਹਿਰ ਵਿਖੇ ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ''ਤੇ ਚਲਾ ਦਿੱਤੀ ਗੋਲ਼ੀ](https://static.jagbani.com/multimedia/2023_7image_15_10_010625710gun.jpg)
ਨਵਾਂਸ਼ਹਿਰ (ਤ੍ਰਿਪਾਠੀ)- ਮਾਮੂਲੀ ਝਗੜੇ ਤੋਂ ਬਾਅਦ ਇਕ ਨੌਜਵਾਨ ’ਤੇ ਗੋਲੀ ਚਲਾਉਣ ਵਾਲੇ ਅਣਪਛਾਤੇ ਬਾਈਕ ਸਵਾਰਾਂ ਖ਼ਿਲਾਫ਼ ਥਾਣਾ ਸਦਰ ਦੀ ਪੁਲਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਕਾਸ਼ਦੀਪ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਰਕਾਸਣ ਨੇ ਦੱਸਿਆ ਕਿ ਉਹ ਬੱਸ ਸਟੈਂਡ ਪਿੰਡ ਸ਼ੇਖੂਪੁਰ ਬਾਗ ਵਿਚ ਨਾਈਂ ਦੀ ਦੁਕਾਨ ਕਰਦਾ ਹੈ। ਬੀਤੇ ਦਿਨ ਉਹ ਆਪਣੀ ਦੁਕਾਨ ’ਤੇ ਮੌਜੂਦ ਸੀ, ਜਦੋਂ ਜਸਕਰਨ ਕੁਮਾਰ ਪੁੱਤਰ ਪਰਸ਼ੋਤਮ ਲਾਲ ਵਾਸੀ ਸ਼ੇਖੂਪੁਰ ਬਾਗ ਅਤੇ ਗਗਨਦੀਪ ਪੁੱਤਰ ਕੁਲਵੰਤ ਸਿੰਘ ਵਾਸੀ ਮੁਜ਼ੱਫਰਪੁਰ ਉਸ ਦੀ ਦੁਕਾਨ ’ਤੇ ਆਏ।
ਉਸ ਨੇ ਦੱਸਿਆ ਕਿ ਉਹ ਦੇਰ ਰਾਤ ਤੱਕ ਇਕੱਠੇ ਬੈਠੇ ਰਹੇ। ਇਸ ਤੋਂ ਬਾਅਦ ਉਹ ਜਸਕਰਨ ਦੇ ਮੋਟਰਸਾਈਕਲ ’ਤੇ ਬੈਠ ਕੇ ਪਿੰਡ ਨਾਈ ਮਜਾਰਾ ’ਚ ਧਾਰਮਿਕ ਸਮਾਗਮ ’ਚ ਆ ਗਿਆ, ਜਿੱਥੇ ਉਹ ਆਪਣੇ ਇਕ ਹੋਰ ਦੋਸਤ ਕੁਲਵਿੰਦਰ ਨੂੰ ਵੀ ਮਿਲਿਆ। ਉਸ ਨੇ ਦੱਸਿਆ ਕਿ ਇਸ ਦੌਰਾਨ ਉਹ ਸੰਗਤ ਤੋਂ ਥੋੜ੍ਹੀ ਦੂਰੀ ’ਤੇ ਸਿਗਰਟ ਪੀਣ ਲਈ ਗਿਆ ਸੀ। ਇਸ ਦੌਰਾਨ ਦੋ ਨੌਜਵਾਨ ਬਾਈਕ ’ਤੇ ਸਵਾਰ ਹੋ ਕੇ ਉੱਥੇ ਆਏ ਅਤੇ 2-3 ਗੇੜੇ ਮਾਰ ਕੇ ਉਨ੍ਹਾਂ ਕੋਲੋਂ ਲੰਘ ਗਏ। ਉਸ ਨੇ ਦੱਸਿਆ ਕਿ ਜਸਕਰਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਉਸ ਦੇ ਆਲੇ-ਦੁਆਲੇ ਕਿਉਂ ਚੱਕਰ ਲਗਾ ਰਹੇ ਹਨ ਅਤੇ ਉਹ ਕਿਸ ਪਿੰਡ ਦੇ ਹਨ। ਬਾਈਕ ਦੇ ਅੱਗੇ ਬੈਠੇ ਨੌਜਵਾਨ ਨੇ ਕਿਹਾ ਕਿ ਉਹ ਉਸ ਨੂੰ ਦੱਸੇਗਾ ਕਿ ਉਹ ਚੱਕਰ ਕਿਉਂ ਲਗਾ ਰਹੇ ਹਨ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨੇ ਇਕ ਹਫ਼ਤੇ ’ਚ ਬਦਲੀ ਪੰਜਾਬ ਦੀ ਸਿਆਸੀ ਤਸਵੀਰ, ਪਹਿਲੀ ਵਾਰ ਬਹੁਕੋਣੀ ਮੁਕਾਬਲੇ ਦੇ ਆਸਾਰ
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਚਾਰੇ ਬਾਈਕ ’ਤੇ ਬੈਠ ਕੇ ਨਵਾਂਸ਼ਹਿਰ ਵੱਲ ਚੱਲ ਪਏ। ਜਦੋਂ ਉਹ ਸਨਾਵਾ ਤੋਂ ਕਰੀਬ 200 ਮੀਟਰ ਦੀ ਦੂਰੀ ’ਤੇ ਆਇਆ ਤਾਂ ਉਕਤ ਬਾਈਕ ਸਵਾਰ ਨੌਜਵਾਨਾਂ ਨੇ ਆਪਣਾ ਬਾਈਕ ਉਸ ਦੇ ਬਰਾਬਰ ਖਡ਼੍ਹਾ ਕਰ ਦਿੱਤਾ ਅਤੇ ਬਾਈਕ ਚਲਾ ਰਹੇ ਨੌਜਵਾਨਾਂ ’ਚੋਂ ਇਕ ਨੇ ਆਪਣੀ ਡੱਬ ’ਚੋਂ ਪਿਸਤੌਲ ਕੱਢ ਕੇ ਗੋਲ਼ੀ ਮਾਰ ਦਿੱਤੀ, ਜੋ ਜਸਕਰਨ ਦੇ ਪੇਟ ’ਚ ਜਾ ਲੱਗੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਜ਼ਖ਼ਮੀ ਜਸਕਰਨ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਚੰਡੀਗਡ਼੍ਹ ਰੈਫਰ ਕਰ ਦਿੱਤਾ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਕਤ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਅਣਪਛਾਤੇ ਵਾਹਨ ਸਵਾਰਾਂ ਖ਼ਿਲਾਫ਼ ਧਾਰਾ 307, 34 ਆਈ. ਪੀ. ਸੀ. ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ NRI ਨੇ ਚੰਨ 'ਤੇ ਖ਼ਰੀਦੇ ਦੋ ਪਲਾਟ, ਇਕ ਪਤਨੀ ਨੂੰ ਤੇ ਦੂਜਾ ਜਿਗਰੀ ਦੋਸਤ ਨੂੰ ਕੀਤਾ ਗਿਫ਼ਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।