ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

Tuesday, Jan 21, 2020 - 07:22 PM (IST)

ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

ਭੋਗਪੁਰ, (ਰਾਜੇਸ਼ ਸੂਰੀ)— ਜਲੰਧਰ ਜੰਮੂ ਰਾਸ਼ਟਰੀ ਸ਼ਾਹ ਮਾਰਗ 'ਤੇ ਪਿੰਡ ਜਲੋਵਾਲ ਨੇੜੇ ਇਕ ਕਾਰ ਅਤੇ ਇਨੋਵਾ ਵਿਚਕਾਰ ਹੋਈ ਆਹਮਣੇ ਸਾਹਮਣੇ ਟੱਕਰ 'ਚ ਇਕ ਨੌਜਵਾਨ ਦੀ ਮੌਤ ਹੋਣ ਤੇ ਇਕ ਆਦਮੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਪਲਵਿੰਦਰ ਸਿੰਘ ਟੀਟੂ ਆਪਣੀ ਕਾਰ 'ਤੇ ਸਵਾਰ ਹੋ ਕੇ ਆਪਣੇ ਪਿੰਡ ਗ੍ਹੜੀ ਬਖਸ਼ਾ ਤੋਂ ਜਲੰਧਰ ਵੱਲ ਜਾ ਰਿਹਾ ਸੀ। ਜਦੋਂ ਪਲਵਿੰਦਰ ਦੀ ਕਾਰ ਪਿੰਡ ਜਲੋਵਾਲ ਨੇੜੇ ਪੁੱਜੀ ਤਾਂ ਕਾਰ ਚਾਲਕ ਅਚਾਨਕ ਕਾਰ ਵਿਚਲੀ ਨਾਲ ਵਾਲੀ ਸੀਟ ਤੇ ਡਿੱਗ ਪਿਆ ਅਤੇ ਕਾਰ ਕੌਮੀ ਸ਼ਾਹ ਮਾਰਗ ਵਿਚਕਾਰ ਬਣੇ ਡਿਵਾਇਡਰ ਨੂੰ ਪਾਰ ਕਰਕੇ ਦੂਸਰੀ ਸੜਕ 'ਤੇ ਪੁੱਜ ਗਈ ਅਤੇ ਜਲੰਧਰ ਵੱਲੋਂ ਆ ਰਹੀ ਇਕ ਇਨੋਵਾ ਕਾਰ ਅਤੇ ਇਕ ਆਟੋ ਨਾਲ ਜਾ ਟਕਰਾਈ। ਘਟਨਾ ਦੀ ਸੂਚਨਾ ਮਿਲਦੇ ਹਾਈਵੇ ਪੈਟਰੋਲਿੰਗ ਗੱਡੀ 16 ਦੇ ਇੰਚਾਰਜ ਥਾਣੇਦਾਰ ਜੈ ਰਾਮ ਪੁਲਸ ਪਾਰਟੀ ਨਾਲ ਘਟਨਾ ਵਾਲੀ ਥਾਂ 'ਤੇ ਪੁੱਜੇ। ਹਾਦਸੇ ਦੌਰਾਨ ਪਲਵਿੰਦਰ ਸਿੰਘ ਟੀਟੂ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਗ੍ਹੜੀ ਬਖਸ਼ਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਨੋਵਾ ਗੱਡੀ ਦਾ ਚਾਲਕ ਇਸ ਹਾਦਸੇ 'ਚ ਜ਼ਖਮੀ ਹੋ ਗਿਆ। ਆਟੋ ਚਾਲਕ ਆਟੋ ਲੈ ਕੇ ਮੌਕੇ 'ਤੋਂ ਫਰਾਰ ਹੋ ਚੁੱਕਾ ਸੀ। ਪੁਲਸ ਵੱਲੋਂ ਮ੍ਰਿਤਕ ਪਲਵਿੰਦਰ ਦੀ ਲਾਸ਼ ਤੇ ਹਾਦਸੇ 'ਚ ਜ਼ਖਮੀ ਗੁਰਲਾਮ ਸਿੰਘ ਨੂੰ ਕਾਲਾ ਬੱਕਰਾ ਤੇ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ ਹੈ। ਪੁਲਸ ਚੌਂਕੀ ਪਚਰੰਗਾ ਵੱਲੋਂ ਹਾਦਸੇ ਵਾਲੀ ਥਾਂ ਪੁੱਜ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਹਾਦਸੇ ਨੇ ਖੋਹਿਆ ਮਾਪਿਆਂ ਤੋਂ ਇਕਲੋਤਾ ਪੁੱਤਰ ਅਤੇ ਮਾਸੂਮਾਂ ਤੋਂ ਪਿਤਾ
ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ਤੇ ਵਾਪਰੇ ਇਕ ਖਤਰਨਾਕ ਸੜਕ ਹਾਦਸੇ ਨੇ ਇਕ ਹੱਸਦੇ ਵਸਦੇ ਪਰਿਵਾਰ 'ਤੇ ਮੁਸੀਬਤਾਂ ਦੇ ਪਹਾੜ ਡੇਗ ਦਿੱਤਾ ਹੈ। ਜਿਸ ਇਕਲੋਤੇ ਪੁੱਤਰ ਨੂੰ ਉਸ ਦੇ ਮਾਂ ਬਾਪ ਕੁਝ ਦਿਨਾਂ ਬਾਅਦ ਦੁਬਈ ਭੇਜਣ ਦੀ ਖੁਸ਼ੀ 'ਚ ਸਨ ਉਸ ਦੀ ਅਚਾਨਕ ਮੌਤ ਨੇ ਮਾਤਾ ਪਿਤਾ ਲਈ ਸੰਸਾਰ ਸੁੰਨਾ ਕਰ ਦਿੱਤਾ ਹੈ। ਮ੍ਰਿਤਕ ਪਲਵਿੰਦਰ ਟੀਟੂ ਜੋ ਕਿ ਸ਼ਾਦੀਸ਼ੁਦਾ ਸੀ ਦੀ ਸ਼ਰਾਫਤ ਕਾਰਨ ਇਲਾਕੇ 'ਚ ਉਸ ਦੇ ਵੱਡੀ ਗਿਣਤੀ 'ਚ ਦੋਸਤ ਸਨ। ਕੁਝ ਦਿਨ ਪਹਿਲਾਂ ਹੀ ਪਲਵਿੰਦਰ ਦੇ ਪੁੱਤਰ ਦੀ ਪਹਿਲੀ ਲੋਹੜੀ ਪਾਈ ਗਈ ਸੀ। ਪਲਵਿੰਦਰ ਜੋ ਕਿ ਕੁਝ ਸਾਲ ਪਹਿਲਾਂ ਕਵੈਤ ਤੋਂ ਵਾਪਸ ਘਰ ਆਇਆ ਸੀ ਤੇ ਹੁਣ ਉਸਦਾ ਦੁਬਈ ਦਾ ਵੀਜ਼ਾ ਲੱਗਣ ਕਾਰਨ ਕੁਝ ਦਿਨਾਂ ਬਾਅਦ ਉਹ ਦੁਬਈ ਜਾਣ ਵਾਲਾ ਸੀ। ਮ੍ਰਿਤਕ ਅਪਣੇ ਪਿੱਛੇ ਅਪਣੇ ਮਾਤਾ, ਪਿਤਾ, ਧਰਮ ਪਤਨੀ, ਇਕ ਧੀ ਅਤੇ ਇਕ ਪੁੱਤਰ ਨੂੰ ਛੱਡ ਗਿਆ ਹੈ। ਪਲਵਿੰਦਰ ਦੀ ਮੌਤ ਦੀ ਖਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੋੜ ਗਈ ਹੈ।       
 


author

KamalJeet Singh

Content Editor

Related News