ਬਸਤੀ ਦਾਨਿਸ਼ਮੰਦਾਂ ''ਚ ਗੈਂਗਸਟਰ ਅਮਨੀ ਨੇ ਕੀਤਾ ਨੌਜਵਾਨ ''ਤੇ ਹਮਲਾ
Wednesday, Feb 06, 2019 - 01:06 PM (IST)

ਜਲੰਧਰ (ਮ੍ਰਿਦੁਲ)— ਬਸਤੀ ਦਾਨਿਸ਼ਮੰਦਾਂ ਦੇ ਕੋਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬਸਤੀ ਇਲਾਕੇ ਦੇ ਗੈਂਗਸਟਰ ਅਮਨਦੀਪ ਸਿੰਘ ਅਮਨੀ ਨੇ 18 ਸਾਲ ਦੇ ਨੌਜਵਾਨ 'ਤੇ ਹਮਲਾ ਕਰ ਦਿੱਤਾ। ਕਾਰਨ ਇਹ ਸੀ ਕਿ ਉਕਤ ਨੌਜਵਾਨ ਨੇ ਉਸ ਨਾਲ ਹੱਥ ਨਹੀਂ ਮਿਲਾਇਆ। ਥਾਣਾ 5 ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਜਸਕਰਨ ਦੇ ਭਰਾ ਅੰਮ੍ਰਿਤ ਨੇ ਦੱਸਿਆ ਕਿ ਉਨ੍ਹਾਂ ਦਾ ਰਾਇਲ ਸਵਿਮਿੰਗ ਪੂਲ ਹੈ। ਛੋਟਾ ਭਰਾ ਨਾਹਲਾ ਸਥਿਤ ਕੋਠੀ 'ਚ ਰਹਿੰਦਾ ਹੈ। ਉਹ ਬੀਤੀ ਰਾਤ 9 ਵਜੇ ਦੇ ਕਰੀਬ ਆਪਣੇ ਦੋਸਤਾਂ ਦੇ ਨਾਲ ਘੁੰਮਣ ਲਈ ਗਿਆ ਸੀ, ਜਿੱਥੇ ਗੈਂਗਸਟਰ ਅਮਨੀ, ਗੋਰਾ ਅਤੇ ਆਲੂ ਨਾਂ ਦੇ ਵਿਅਕਤੀ ਉਸ ਦੇ ਨਾਲ ਆਏ ਅਤੇ ਉਸ ਦੇ ਹੋਰ ਦੋਸਤਾਂ ਨਾਲ ਮਿਲਣ ਲੱਗੇ। ਇੰਨੇ 'ਚ ਜ਼ਖਮੀ ਜਸਕਰਨ ਸਿੰਘ ਨੇ ਉਸ ਨਾਲ ਹੱਥ ਨਹੀਂ ਮਿਲਾਇਆ, ਜਿਸ ਕਾਰਨ ਪਹਿਲਾਂ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਅਮਨੀ ਅਤੇ ਉਸ ਦੇ ਦੋਸਤਾਂ ਨੇ ਛੋਟੇ ਭਰਾ ਜਸਕਰਨ ਅਤੇ ਉਸ ਦੇ ਦੋਸਤ ਸ਼ਿਵਮ ਚੌਹਾਨ ਨੂੰ ਵੀ ਜ਼ਖਮੀ ਕਰ ਦਿੱਤਾ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਦਮਾਸ਼ ਅਮਨੀ ਅਤੇ ਉਸ ਦੇ ਦੋਸਤਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਨਾਲ ਉਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ। ਜਸਕਰਨ ਦਾ ਦੋਸਤ ਨਿੱਜੀ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈ। ਮਾਮਲੇ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ, ਜਿਥੇ ਏ. ਐੱਸ. ਆਈ. ਅਵਤਾਰ ਸਿੰਘ ਨੇ ਸਿਵਲ ਹਸਪਤਾਲ ਵਿਚ ਦਾਖਲ ਜਸਕਰਨ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਅਤੇ ਦੋਸ਼ੀਆਂ ਦੀ ਤਲਾਸ਼ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਕਾਫੀ ਕੇਸਾਂ 'ਚ ਵਾਂਟੇਡ ਹਨ ਅਮਨੀ ਅਤੇ ਹੋਰ ਦੋਸ਼ੀ
ਜ਼ਿਕਰਯੋਗ ਹੈ ਕਿ ਬਦਮਾਸ਼ ਅਮਨਦੀਪ ਸਿੰਘ ਉਰਫ ਅਮਨੀ 'ਤੇ ਥਾਣਾ 5 ਅਤੇ ਥਾਣਾ ਬਸਤੀ ਬਾਵਾ ਖੇਲ 'ਚ ਕਈ ਮਾਮਲੇ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਦੋਸ਼ੀ ਨੇ ਪਠਾਨਕੋਟ ਵਿਚ ਵੀ ਇਕ ਫਾਰਚੂਨਰ ਕਾਰ ਨੂੰ ਲੁੱਟਿਆ ਸੀ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ।