ਗਲਤ ਪਾਰਕ ਕੀਤੀਆਂ ਗੱਡੀਆਂ ਪੁਲਸ ਨੇ ਰਿਕਵਰੀ ਵੈਨ ਨਾਲ ਚੁਕਵਾਈਆਂ, ਕੱਟੇ ਚਲਾਨ

02/21/2020 4:16:48 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ): ਸਥਾਨਕ ਪੁਲਸ ਵਲੋਂ ਜਾਮ ਦਾ ਕਾਰਣ ਬਣੀਆਂ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਨੂੰ ਅੱਜ ਰਿਕਵਰੀ ਵੈਨ ਰਾਹੀਂ ਚੁੱਕ ਕੇ ਥਾਣੇ ਲਿਜਾਇਆ ਗਿਆ ਅਤੇ ਕਈ ਗੱਡੀਆਂ ਦੇ ਚਲਾਨ ਵੀ ਕੀਤੇ ਗਏ।ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਸਰਬਜੀਤ ਸਿੰਘ ਕੁਲਗਰਾਂ ਨੇ ਦੱਸਿਆ ਕਿ ਇੱਥੋਂ ਦੇ ਗੁ. ਭਗਤ ਰਵਿਦਾਸ ਚੌਕ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਉਤਰਾਈ, ਕਚਹਿਰੀ ਸੜਕ ਅਤੇ ਕਲਗੀਧਰ ਮਾਰਕੀਟ ਦੇ ਅੱਗੇ ਵਾਲੀਆਂ ਮੁੱਖ ਸੜਕਾਂ 'ਤੇ ਗਲਤ ਖੜ੍ਹੀਆਂ ਗੱਡੀਆਂ ਦੇ ਖਿਲਾਫ ਕਾਰਵਾਈ ਕਰਦਿਆਂ ਜਿੱਥੇ ਕਈ ਗੱਡੀਆਂ ਦੇ ਚਲਾਨ ਕੀਤੇ ਗਏ, ਉੱਥੇ ਹੀ ਕਈ ਗੱਡੀਆਂ ਨੂੰ ਰਿਕਵਰੀ ਵੈਨ ਰਾਹੀਂ ਚੁੱਕ ਕੇ ਪੁਲਸ ਚੌਕੀ ਵੀ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਇਨ੍ਹਾਂ ਮੁੱਖ ਸੜਕਾਂ 'ਤੇ ਗਲਤ ਪਾਰਕਿੰਗ ਦੀਆਂ ਉਨ੍ਹਾਂ ਕੋਲ ਕਈ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਸਬੰਧੀ ਪਿਛਲੇ ਦੋ ਦਿਨਾਂ ਤੋਂ ਟ੍ਰੈਫਿਕ ਪੁਲਸ ਮੁਲਾਜ਼ਮਾਂ ਵਲੋਂ ਲੋਕਾਂ ਨੂੰ ਇਹ ਗੱਡੀਆਂ ਇੱਥੇ ਨਾ ਖੜ੍ਹਾਉਣ ਸਬੰਧੀ ਚਿਤਾਵਨੀ ਵੀ ਦਿੱਤੀ ਗਈ ਸੀ ਪਰ ਫਿਰ ਵੀ ਕੁਝ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਜ ਨਹੀਂ ਆਏ ਤਾਂ ਅੱਜ ਸਾਨੂੰ ਇਹ ਸਖਤ ਕਾਰਵਾਈ ਕਰਨੀ ਪਈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਗਲਤ ਪਾਰਕਿੰਗ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅੱਗੋਂ ਵੀ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇਗੀ।

ਦੁਕਾਨਦਾਰਾਂ ਵਲੋਂ ਕੀਤੇ ਕਬਜ਼ੇ ਵੀ ਚੁਕਵਾਏ ਜਾਣ : ਬਰਾੜ
ਪੁਲਸ ਵਲੋਂ ਕੀਤੀ ਇਸ ਕਾਰਵਾਈ ਦੀ ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ਬਰਾੜ ਨੇ ਜਿੱਥੇ ਭਰਪੂਰ ਸ਼ਲਾਘਾ ਕੀਤੀ, ਉੱਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੁਲਸ ਕਾਰਵਾਈ ਕਰਨ ਲਈ ਇੰਨੀ ਹੀ ਦ੍ਰਿੜ੍ਹ ਹੈ ਤਾਂ ਸਥਾਨਕ ਮੇਨ ਬਾਜ਼ਾਰ ਵਿਚ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਸੜਕ 'ਤੇ ਕੀਤੇ ਕਬਜ਼ੇ ਵੀ ਖਤਮ ਕਰਵਾਏ ਤਾਂ ਜੋ ਸ਼ਹਿਰ ਵਾਸੀਆਂ ਨੂੰ ਬਾਜ਼ਾਰ ਵਿਚੋਂ ਲ਼ੰਘਣ ਲੱਗਿਆਂ ਹੁੰਦੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਉਨ੍ਹਾਂ ਅੱਗੇ ਕਿਹਾ ਕਿ ਗੁ. ਸਾਹਿਬਾਨ ਦੇ ਅੱਗੇ ਸੜਕਾਂ 'ਤੇ ਖੜ੍ਹਦੀਆਂ ਰੇਹੜੀਆਂ ਜੋ ਜਿੱਥੇ ਜਾਮ ਦਾ ਕਾਰਣ ਬਣਦੀਆਂ ਹਨ, ਉੱਥੇ ਹੀ ਗੁ. ਸਾਹਿਬਾਨ ਦੀ ਦਿੱਖ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਨੂੰ ਵੀ ਇਸ ਮੁਹਿੰਮ ਤਹਿਤ ਜਲਦੀ ਇੱਥੋਂ ਹਟਾਇਆ ਜਾਵੇ।


Shyna

Content Editor

Related News