48 ਕਰੋੜ ਦੀ ਬੋਗਸ ਬਿਲਿੰਗ: ਸਕ੍ਰੈਪ ਕਾਰੋਬਾਰੀ ’ਤੇ GST ਦੀ ਛਾਪੇਮਾਰੀ ਨਾਲ ਕਈ ਇਕਾਈਆਂ ਦੀ ਵਧੀ ਬੇਚੈਨੀ

04/28/2023 10:49:15 AM

ਜਲੰਧਰ (ਪੁਨੀਤ)–ਸਟੇਟ ਜੀ. ਐੱਸ. ਟੀ. ਵੱਲੋਂ ਪਿਛਲੇ ਸਮੇਂ ਦੌਰਾਨ ਫੜੇ ਗਏ 48 ਕਰੋੜ ਦੀ ਬੋਗਸ ਬਿਲਿੰਗ ਦੇ ਸਕੈਂਡਲ ਨੂੰ ਲੈ ਕੇ ਵਿਭਾਗੀ ਜਾਂਚ ਅਜੇ ਚੱਲ ਰਹੀ ਹੈ, ਜਿਸ ਕਾਰਨ ਮੁਲਜ਼ਮਾਂ ਤੋਂ ਬਿੱਲ ਆਦਿ ਲੈਣ ਵਾਲੀਆਂ ਵਪਾਰਕ ਇਕਾਈਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਕ੍ਰਮ ਸੋਢਲ ਇਲਾਕੇ ਵਿਚ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਨੇੜੇ ਸਥਿਤ ਇਕ ਸਕ੍ਰੈਪ ਇਕਾਈ ਵਿਚ ਜੀ. ਐੱਸ. ਟੀ. ਦੀ ਛਾਪੇਮਾਰੀ ਦੀ ਖ਼ਬਰ ਨੇ ਕਈ ਇਕਾਈਆਂ ਦੀ ਬੇਚੈਨੀ ਵਧਾ ਦਿੱਤੀ ਹੈ। ਉਕਤ ਇਕਾਈ ’ਤੇ ਛਾਪੇਮਾਰੀ ਦੇ ਤਾਰ ਬੋਗਸ ਬਿਲਿੰਗ ਸਕੈਂਡਲ ਨਾਲ ਜੋੜੇ ਜਾ ਰਹੇ ਹਨ।

ਜਲੰਧਰ ਵਿਚ 48 ਕਰੋੜ ਦੀ ਬੋਗਸ ਬਿਲਿੰਗ ਦਾ ਸਕੈਂਡਲ ਫੜੇ ਜਾਣ ਤੋਂ ਬਾਅਦ ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸੇ ਲੜੀ ਵਿਚ ਕਈ ਇਕਾਈਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਅੱਜ ਛਾਪੇਮਾਰੀ ਦੀ ਚਰਚਾ ਦਾ ਬਾਜ਼ਾਰ ਗਰਮ ਰਿਹਾ ਅਤੇ ਕਈ ਉਦਯੋਗਪਤੀ ਇਕ-ਦੂਜੇ ਤੋਂ ਇਸ ਸਬੰਧੀ ਜਾਣਕਾਰੀ ਜੁਟਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਛਾਪੇਮਾਰੀ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ। ਪੰਜਾਬ ਸਰਕਾਰ ਦੀ ਛੁੱਟੀ ਹੋਣ ਕਰ ਕੇ ਸਟੇਟ ਜੀ. ਐੱਸ. ਟੀ. ਦਫ਼ਤਰ ਬੰਦ ਸੀ, ਜਿਸ ਕਾਰਨ ਆਫਿਸ ਤੋਂ ਕੁਝ ਪਤਾ ਨਹੀਂ ਚੱਲ ਸਕਿਆ। ਚਰਚਾ ਦੇ ਬਾਜ਼ਾਰ ਵਿਚ ਕਈ ਲੋਕਾਂ ਵੱਲੋਂ ਸੈਂਟਰਲ ਜੀ. ਐੱਸ. ਟੀ. ਵੱਲੋਂ ਛਾਪੇਮਾਰੀ ਦੀ ਗੱਲ ਕਹੀ ਜਾ ਰਹੀ ਹੈ, ਜਦਕਿ ਕਈ ਸੂਤਰ ਸਟੇਟ ਜੀ. ਐੱਸ. ਟੀ. ਦੀ ਕਾਰਵਾਈ ਦੱਸ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਕ੍ਰੈਪ ਕਾਰੋਬਾਰੀ ’ਤੇ ਛਾਪੇਮਾਰੀ ਲਈ ਪੁੱਜੀ ਟੀਮ ਵਿਚ ਵੱਡੀ ਗਿਣਤੀ ਵਿਚ ਅਧਿਕਾਰੀ ਸ਼ਾਮਲ ਸਨ ਅਤੇ ਇਕਾਈ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ ਤਾਂ ਕਿ ਇਸ ਦੀ ਭਿਣਕ ਕਿਸੇ ਨੂੰ ਨਾ ਲੱਗ ਸਕੇ।

ਇਹ ਵੀ ਪੜ੍ਹੋ : ਜਲੰਧਰ ਵਿਖੇ ਸਪਾ ਸੈਂਟਰ 'ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ 'ਚ ਮਿਲੀਆਂ ਕੁੜੀਆਂ, ਸਮੱਗਰੀ ਵੀ ਹੋਈ ਬਰਾਮਦ

ਆਈ. ਟੀ. ਸੀ. (ਇਨਪੁੱਟ ਟੈਕਸ ਕ੍ਰੈਡਿਟ) ਲੈਣ ਲਈ ਅੱਧੀ ਦਰਜਨ ਤੋਂ ਵੱਧ ਲੋਕਾਂ ਨੇ 9-10 ਫਰਜ਼ੀ ਫਰਮਾਂ ਖੋਲ੍ਹੀਆਂ ਅਤੇ ਧੜਾਧੜ ਜਾਅਲੀ ਬਿੱਲ ਕੱਟ ਕੇ 48 ਕਰੋੜ ਤੋਂ ਵੱਧ ਦਾ ਘਪਲਾ ਕਰ ਦਿੱਤਾ। ਇਸ ਮਾਮਲੇ ਵਿਚ ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਦੋਸ਼ੀ ਬਣਾਏ ਗਏ ਪੰਕਜ ਕੁਮਾਰ ਉਰਫ ਪੰਕਜ ਆਨੰਦ ਪੁੱਤਰ ਪ੍ਰਵੇਸ਼ ਆਨੰਦ ਨਿਵਾਸੀ ਕਾਲੀਆ ਕਾਲੋਨੀ (ਮੈਸਰਜ਼ ਪੀ. ਕੇ. ਟਰੇਡਿੰਗ ਕੰਪਨੀ) ਅਤੇ ਰਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਨਿਵਾਸੀ ਕੋਟ ਰਾਮਦਾਸ (ਗੁਰੂ ਹਰਰਾਏ ਟਰੇਡਿੰਗ ਕੰਪਨੀ) ਜੇਲ ਵਿਚ ਬੰਦ ਹਨ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਆਉਣ ਵਾਲੇ ਦਿਨਾਂ ਵਿਚ ਕਈਆਂ ਦੇ ਨਾਂ ਸਾਹਮਣੇ ਆਉਣਗੇ।

ਅੰਕੁਰ ਨਰੂਲਾ ’ਤੇ ਇਨਕਮ ਟੈਕਸ ਦੀ ਕਾਰਵਾਈ ਨੇ ਉਲਝਾਏ ਸਵਾਲ
ਉਥੇ ਹੀ, ਬੀਤੇ ਦਿਨੀਂ ਪਾਸਟਰ ਅੰਕੁਰ ਨਰੂਲਾ ਦੀ ਚਰਚ ਅਤੇ ਘਰ ’ਤੇ ਹੋਈ ਇਨਕਮ ਟੈਕਸ ਵਿਭਾਗ ਦੀ ਸਰਚ ਕਾਰਨ ਕਈ ਸਵਾਲ ਉਲਝਦੇ ਨਜ਼ਰ ਆ ਰਹੇ ਹਨ। ਸਕ੍ਰੈਪ ਕਾਰੋਬਾਰੀ ’ਤੇ ਹੋਈ ਕਾਰਵਾਈ ਨੂੰ ਇਨਕਮ ਟੈਕਸ ਦੀ ਕਾਰਵਾਈ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। 48 ਕਰੋੜ ਦੀ ਬੋਗਸ ਬਿਲਿੰਗ ਮਾਮਲੇ ਵਿਚ ਇਸਦੇ ਤਾਰ ਜੁੜਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਕਤ ਸਕੈਂਡਲ ਵਿਚ ਕਈ ਇਕਾਈਆਂ ਆਉਣ ਵਾਲੇ ਦਿਨਾਂ ਵਿਚ ਬੇਨਕਾਬ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ : ਪਿਓ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਵਿਦਾਈ ਵੇਲੇ ਮ੍ਰਿਤਕ ਦੇਹ ਨਾਲ ਲਿਪਟ ਭੁੱਬਾਂ ਮਾਰ ਰੋਏ ਪੁੱਤ ਸੁਖਬੀਰ ਬਾਦਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News