ਖੰਨਾ ਤੋਂ ਫਰੀਦਾਬਾਦ ਤੱਕ ਚੱਲ ਰਹੇ ਜਾਅਲੀ ਕਰੰਸੀ ਰੈਕੇਟ ਦਾ ਪਰਦਾਫਾਸ਼
Sunday, Apr 06, 2025 - 01:35 AM (IST)

ਖੰਨਾ - ਖੰਨਾ ਤੋਂ ਫਰੀਦਾਬਾਦ ਤੱਕ ਚੱਲ ਰਹੇ ਜਾਅਲੀ ਕਰੰਸੀ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 3 ਮੁਲਜ਼ਮ ਖੰਨਾ ਦੇ ਰਹਿਣ ਵਾਲੇ ਹਨ। ਮਾਸਟਰਮਾਈਂਡ ਰਾਜੇਸ਼ ਬਬਲੂ ਖੰਨਾ ਦਾ ਰਹਿਣ ਵਾਲਾ ਹੈ, ਜੋ ਖੰਨਾ ਵਿਚ ਹੀ ਜਾਅਲੀ ਨੋਟ ਬਣਾ ਰਿਹਾ ਸੀ ਅਤੇ ਉਸ ਦੇ ਸਾਥੀ ਉਨ੍ਹਾਂ ਨੂੰ ਫਰੀਦਾਬਾਦ ਵਿਚ ਚਲਾ ਰਹੇ ਸਨ। ਇਸ ਦੌਰਾਨ ਫਰੀਦਾਬਾਦ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਖੰਨਾ ਵਿਚ ਛਾਪਾ ਮਾਰਿਆ ਅਤੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਜਾਅਲੀ ਨੋਟ ਬਣਾਉਣ ਲਈ ਵਰਤੇ ਜਾ ਰਹੇ ਲੈਪਟਾਪ, ਪ੍ਰਿੰਟਰ ਅਤੇ ਡਾਈ ਜ਼ਬਤ ਕੀਤੀ।
ਏ. ਸੀ. ਪੀ. ਕ੍ਰਾਈਮ ਅਮਨ ਯਾਦਵ ਨੇ ਕਿਹਾ ਕਿ ਬਡਖਲ ਕ੍ਰਾਈਮ ਬ੍ਰਾਂਚ ਨੂੰ ਸੂਚਨਾ ਮਿਲੀ ਸੀ ਕਿ ਇਕ ਗਿਰੋਹ ਫਰੀਦਾਬਾਦ ਵਿਚ ਨਕਲੀ ਨੋਟ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ’ਤੇ ਟੀਮ ਨੇ 2 ਮੁਲਜ਼ਮਾਂ ਯੋਗੇਸ਼ ਅਤੇ ਵਿਸ਼ਨੂੰ ਨੂੰ ਗ੍ਰਿਫ਼ਤਾਰ ਕੀਤਾ, ਜੋ ਨਕਲੀ ਨੋਟ ਚਲਾ ਰਹੇ ਸਨ।
ਉਨ੍ਹਾਂ ਕੋਲੋਂ 1,94,000 ਰੁਪਏ (500 ਦੇ ਨਕਲੀ ਨੋਟ) ਬਰਾਮਦ ਕੀਤੇ ਗਏ, ਜਿਨ੍ਹਾਂ ਵਿਰੁੱਧ ਲੰਘੀ 1 ਅਪ੍ਰੈਲ ਨੂੰ ਸਦਰ ਪੁਲਸ ਸਟੇਸ਼ਨ ਬਲਭਗੜ੍ਹ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਰਿਮਾਂਡ ਦੌਰਾਨ ਉਨ੍ਹਾਂ ਨੇ ਖੰਨਾ ਦੇ ਰਹਿਣ ਵਾਲੇ ਸ਼ੁਭਮ ਅਤੇ ਪ੍ਰਗਟ ਦੇ ਨਾਂ ਦੱਸੇ। ਉਨ੍ਹਾਂ ਨੇ ਉਨ੍ਹਾਂ ਨੂੰ ਨਕਲੀ ਨੋਟ ਮੁਹੱਈਆ ਕਰਵਾਏ ਸਨ। ਇਸ ’ਤੇ ਕਾਰਵਾਈ ਕਰਦਿਆਂ ਕ੍ਰਾਈਮ ਬ੍ਰਾਂਚ ਬਡਕਲ ਦੀ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਖੰਨਾ ਤੋਂ ਗ੍ਰਿਫ਼ਤਾਰ ਕੀਤਾ।
ਜਦੋਂ ਉਨ੍ਹਾਂ ਤੋਂ ਰਿਮਾਂਡ ’ਤੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਖੰਨਾ ਦੇ ਰਹਿਣ ਵਾਲੇ ਰਾਜੇਸ਼ ਉਰਫ਼ ਬਬਲੂ ਦਾ ਨਾਂ ਦੱਸਿਆ ਅਤੇ ਕਿਹਾ ਕਿ ਰਾਜੇਸ਼ ਹੀ ਨਕਲੀ ਨੋਟ ਬਣਾਉਣ ਦਾ ਮਾਸਟਰਮਾਈਂਡ ਹੈ ਤੇ ਉਸ ਨੇ ਹੀ ਉਨ੍ਹਾਂ ਨੂੰ ਬਾਜ਼ਾਰ ਵਿਚ ਚਲਾਉਣ ਲਈ ਨਕਲੀ ਨੋਟ ਮੁਹੱਈਆ ਕਰਵਾਏ ਸਨ ਅਤੇ ਉਸ ਨੇ ਉਹ ਨੋਟ ਫਰੀਦਾਬਾਦ ਦੇ ਵਸਨੀਕ ਯੋਗੇਸ਼ ਅਤੇ ਵਿਸ਼ਨੂੰ ਨੂੰ ਦਿੱਤੇ ਸਨ, ਜੋ ਸ਼ਰਾਬ ਦੇ ਠੇਕਿਆਂ, ਪੈਟਰੋਲ ਪੰਪਾਂ ਅਤੇ ਛੋਟੀਆਂ ਦੁਕਾਨਾਂ ’ਤੇ ਚਲਾਉਂਦੇ ਸਨ। ਏ. ਸੀ. ਪੀ. ਯਾਦਵ ਨੇ ਕਿਹਾ ਕਿ ਮੁਲਜ਼ਮਾਂ ਨੇ 500 ਰੁਪਏ ਦੇ 12 ਨਕਲੀ ਨੋਟ ਬਾਜ਼ਾਰ ਵਿਚ ਚਲਾਏ ਸਨ।