ਮੰਗਾਂ ਨਾ ਮੰਨੀਆਂ ਤਾਂ 23 ਨੂੰ ਮੰਤਰੀ ਦੀ ਕੋਠੀ ਦਾ ਕਰਾਂਗੇ ਘਿਰਾਓ

02/04/2020 1:17:38 PM

ਹੁਸ਼ਿਆਰਪੁਰ (ਘੁੰਮਣ)— ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਜ਼ਿਲਾ ਹੁਸ਼ਿਆਰਪੁਰ ਦੀ ਮੀਟਿੰਗ ਨਿਗਰਾਨ ਇੰਜੀਨੀਅਰ ਦੇ ਦਫਤਰ ਵਿਖੇ ਜ਼ਿਲਾ ਪ੍ਰਧਾਨ ਜਤਿੰਦਰ ਸਿੰਘ ਬੱਧਣ ਅਤੇ ਜ਼ਿਲਾ ਜਨਰਲ ਸਕੱਤਰ ਮਨਜੀਤ ਸਿੰਘ ਦੇਸਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਸੂਬਾਈ ਆਗੂ ਕੁਲਦੀਪ ਸਿੰਘ ਬੁੱਢੇਵਾਲ, ਸੂਬਾਈ ਜਨਰਲ ਅਤੇ ਦਫਤਰੀ ਸਕੱਤਰ ਉਂਕਾਰ ਸਿੰਘ ਢਾਡਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰ ਕੇ ਜਿੱਥੇ ਠੇਕਾ ਆਧਾਰਿਤ ਕਾਮਿਆਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਸ਼ਾਮਲ ਕਰ ਕੇ ਰੈਗੂਲਰ ਕਰਨ ਅਤੇ ਹੋਰਨਾਂ ਮੰਗਾਂ ਸਬੰਧੀ ਚੱਲ ਰਹੇ ਸੰਘਰਸ਼ ਸਬੰਧੀ ਵਿਚਾਰ-ਚਰਚਾ ਕੀਤੀ, ਉੱਥੇ ਹੀ ਮੰਗਾਂ ਦਾ ਜਲਦ ਹੱਲ ਨਾ ਕਰਨ ਵਿਰੁੱਧ ਸੰਘਰਸ਼ ਨੂੰ ਫਿਰ ਤਿੱਖਾ ਕਰਨ ਦਾ ਫੈਸਲਾ ਲਿਆ ਗਿਆ।

ਮੀਟਿੰਗ ਨੂੰ ਸੰਬੋਧਨ ਕਰਦੇ ਬੁਲਾਰਿਆਂ ਨੇ ਕਿਹਾ ਕਿ ਸੂਬਾ ਸਰਕਾਰ ਜਬਰੀ ਪੰਚਾਇਤੀਕਰਨ ਕਰ ਕੇ ਕਾਮਿਆਂ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਕਰਨ ਵਿਚ ਲੱਗੀ ਹੋਈ ਹੈ। ਮੰਗਾਂ ਨੂੰ ਅਣਡਿੱਠ ਕਰਨ ਦੀ ਨਿੰਦਾ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਜਥੇਬੰਦੀ ਦੀ ਸਭ ਤੋਂ ਮੁੱਢਲੀ ਮੰਗ ਹੈ ਕਿ ਜਲ ਸਪਲਾਈ ਵਿਭਾਗ ਵੱਲੋਂ ਵਰਕਰਾਂ ਨੂੰ ਵਿਭਾਗ 'ਚ ਲੈਣ ਲਈ ਪਹਿਲਾਂ ਤੋਂ ਹੀ ਤਿਆਰ ਪ੍ਰਪੋਜ਼ਲ ਤੁਰੰਤ ਲਾਗੂ ਕੀਤੀ ਜਾਵੇ। ਇਸ ਦੇ ਨਾਲ ਹੀ ਕਿਰਤ ਕਾਨੂੰਨ ਮੁਤਾਬਕ ਤਨਖਾਹ ਦੇਣ, ਹਫਤਾਵਾਰੀ ਛੁੱਟੀ, ਈ. ਪੀ. ਐੱਫ. ਅਤੇ ਈ. ਐੱਸ. ਆਈ. ਲਾਗੂ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ।

ਬੁਲਾਰਿਆਂ ਨੇ ਦੱਸਿਆ ਕਿ 21 ਜਨਵਰੀ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ ਪੈਨਲ ਮੀਟਿੰਗ ਵਿਚ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਜੋ ਵੀ ਵਿਭਾਗ ਵੱਲੋਂ ਪ੍ਰਪੋਜ਼ਲ ਬਣਾਈ ਜਾਵੇਗੀ, ਉਸ ਦੀ ਜਾਣਕਾਰੀ ਜਥੇਬੰਦੀ ਨੂੰ 5 ਫਰਵਰੀ ਤੱਕ ਦਿੱਤੀ ਜਾਵੇਗੀ। ਜਥੇਬੰਦੀ ਵੱਲੋਂ ਵਿਭਾਗ ਨੂੰ 15 ਫਰਵਰੀ ਤੱਕ ਸਮਾਂ ਦਿੱਤਾ ਗਿਆ ਹੈ। ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ 23 ਫਰਵਰੀ ਨੂੰ ਪਰਿਵਾਰਾਂ ਅਤੇ ਬੱਚਿਆਂ ਸਮੇਤ ਜਲ ਸਪਲਾਈ ਮੰਤਰੀ ਰਜ਼ੀਆ ਸੁਲਤਾਨਾ ਦੀ ਕੋਠੀ ਦਾ ਫਿਰ ਤੋਂ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਹੁਸ਼ਿਆਰਪੁਰ ਦੇ ਵਰਕਰਾਂ ਨੇ ਜਥੇਬੰਦੀ ਵੱਲੋਂ ਆਉਣ ਵਾਲੇ ਸਮੇਂ ਵਿਚ ਕੀਤੇ ਜਾਣ ਵਾਲੇ ਸੰਘਰਸ਼ 'ਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ। ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ, ਬ੍ਰਾਂਚ ਪ੍ਰਧਾਨ ਰਜਤ ਕੁਮਾਰ, ਬ੍ਰਾਂਚ ਪ੍ਰਧਾਨ ਸੁਖਵਿੰਦਰ ਸਿੰਘ, ਜ਼ਿਲਾ ਖਜ਼ਾਨਚੀ ਮਨਦੀਪ ਸਿੰਘ, ਸਰਦਾਰੀ ਲਾਲ, ਮਹਿੰਗਾ ਸਿੰਘ, ਹਰਦੀਪ ਸਿੰਘ, ਸਰੂਪ ਲਾਲ, ਰਛਪਾਲ ਸਿੰਘ, ਕਮਲ ਕੁਮਾਰ ਅਤੇ ਅਮਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਥੀ ਹਾਜ਼ਰ ਸਨ।


shivani attri

Content Editor

Related News