ਵਰਨਾ ਤੇ ਅੱਸੀ ਦੋਵੇਂ ਨਦੀਆਂ ਦਾ ਦੂਸ਼ਿਤ ਪਾਣੀ ਕਰ ਰਿਹੈ ਗੰਗਾਂ ਨੂੰ ਮੈਲੀ

02/20/2019 7:42:41 PM

ਸੁਲਤਾਨਪੁਰ ਲੋਧੀ,(ਸੋਢੀ) : ਗੰਗਾ ਨਦੀ 'ਚ ਬਨਾਰਸ ਇਲਾਕੇ ਦੀਆਂ ਪੈਣ ਵਾਲੀਆਂ ਛੋਟੀਆਂ ਨਦੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਵਰਨਾ ਤੇ ਅੱਸੀ ਨਦੀਆਂ ਗੰਗਾ 'ਚ ਮਿਲਦੀਆਂ ਹਨ ਤੇ ਇਨ੍ਹਾਂ ਦਾ ਪਾਣੀ ਬਹੁਤ ਜ਼ਿਆਦਾ ਦੂਸ਼ਿਤ ਹੈ। ਜਦਕਿ ਸ਼ਹਿਰ ਦਾ ਨਾਂ ਵੀ ਇਨ੍ਹਾਂ ਦੋਵਾਂ ਨਦੀਆਂ ਦੇ ਨਾਂ 'ਤੇ ਹੀ ਵਾਰਾਨਸੀ ਪਿਆ ਸੀ। ਇਸ ਸੰਬੰਧੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਆਈ. ਆਈ. ਟੀ. ਦੇ ਡਾਇਰੈਕਟਰ ਡਾ. ਪ੍ਰਭਾਤ ਕੁਮਾਰ ਅਤੇ ਬਨਾਰਸ ਸ਼ਹਿਰ ਦੇ ਤਲਾਬਾਂ ਨੂੰ ਬਚਾਉਣ ਲਈ ਜਨ ਅੰਦੋਲਨ ਚਲਾ ਰਹੇ ਲਲਿਤ ਮਾਲਵੀਆ ਅਤੇ ਕੁਪਿੰਦਰ ਤਿਵਾੜੀ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਰਨਾ ਅਤੇ ਅੱਸੀ ਨਦੀਆਂ ਦੀ ਹਾਲਤ ਤੋਂ ਜਾਣੂ ਕਰਵਾਇਆ। ਜਨ ਅੰਦੋਲਨ ਚਲਾ ਰਹੇ ਲਲਿਤ ਮਾਲਵੀਆ ਤੇ ਕੁਪਿੰਦਰ ਤਿਵਾੜੀ ਨੇ ਦੱਸਿਆ ਕਿ ਇਤਿਹਾਸਕ ਬਨਾਰਸ ਸ਼ਹਿਰ ਦੇ ਕਈ ਧਾਰਮਿਕ ਗ੍ਰੰਥਾਂ 'ਚ ਇਥੇ 155 ਤਲਾਬਾਂ ਦਾ ਜ਼ਿਕਰ ਆਉਂਦਾ ਹੈ ਪਰ ਨਗਰ ਕੌਂਸਲ ਦੇ ਰਿਕਾਰਡ ਅਨੁਸਾਰ ਸਿਰਫ 10 ਹੀ ਤਲਾਬ ਬਚੇ ਹਨ ਕਿਉਂਕਿ ਬਹੁਤੇ ਰਾਜਨੀਤੀ ਦੀ ਭੇਂਟ ਚੜ੍ਹਦਿਆਂ ਕਬਜ਼ਿਆਂ ਹੇਠ ਆ ਚੁੱਕੇ ਹਨ। ਨਜਾਇਜ਼ ਕਬਜ਼ੇ ਛੁਡਾਉਣ ਲਈ ਕੀਤੇ ਜਾ ਰਹੇ ਸੰਘਰਸ਼ ਕਾਰਨ ਉਨ੍ਹਾਂ ਨੂੰ ਝੂਠੇ 12 ਤੋਂ ਵੱਧ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

PunjabKesariਆਈ. ਆਈ. ਟੀ. ਦੇ ਡਾਇਰੈਕਟਰ ਡਾ. ਪ੍ਰਭਾਤ ਕੁਮਾਰ ਨੇ ਦੱਸਿਆ ਕਿ ਵਰਨਾ ਨਦੀ ਨੂੰ ਬਚਾਉਣ ਲਈ ਸਰਕਾਰ ਹੁਣ ਤੱਕ 200 ਕਰੋੜ ਰੁਪਏ ਖਰਚ ਚੁੱਕੀ ਹੈ, ਜਿਸ ਨਾਲ ਇਸ ਦੇ ਕੰਢੇ ਮਜ਼ਬੂਤ ਤੇ ਸੁੰਦਰ ਬਣਾਏ ਗਏ ਹਨ। ਇਨ੍ਹਾਂ ਨਦੀਆਂ ਦੀ ਹਾਲਤ ਦੇਖਣ 'ਤੇ ਸੰਤ ਸੀਚੇਵਾਲ ਨੇ ਕਿਹਾ ਕਿ ਨਦੀਆਂ ਦੇ ਕੰਢਿਆਂ ਨੂੰ ਸੁੰਦਰ ਬਣਾਉਣ ਤੋਂ ਪਹਿਲਾਂ ਇਸ 'ਚ ਪੈਂਦੇ ਦੂਸ਼ਿਤ ਪਾਣੀਆਂ ਨੂੰ ਰੋਕਣ ਦਾ ਪ੍ਰੋਜੈਕਟ ਅਮਲ 'ਚ ਲਿਆਉਣ ਦੀ ਲੋੜ ਹੈ। ਸੰਤ ਸੀਚੇਵਾਲ ਨੇ ਇਨ੍ਹਾਂ ਦੋ ਨਦੀਆਂ ਦੇ ਨਾਲ-ਨਾਲ 8 ਤਲਾਬਾਂ ਦਾ ਵੀ ਦੌਰਾ ਕੀਤਾ, ਜਿਨ੍ਹਾਂ ਦੀ ਹਾਲਤ ਬੜੀ ਗੰਭੀਰ ਬਣੀ ਹੋਈ ਸੀ। ਉਨ੍ਹਾਂ ਦੱਸਿਆ ਕਿ ਪਵਿੱਤਰ ਕਾਲੀ ਵੇਈਂ, ਜਿਸ ਦਾ ਇਤਿਹਾਸ 'ਚ ਵੀ ਜ਼ਿਕਰ ਆਉਂਦਾ ਹੈ, ਵੇਈਂ ਨਦੀ ਨੂੰ ਬਾਬੇ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ 'ਚ ਵੀ ਪਿੰਡਾਂ ਸ਼ਹਿਰਾਂ ਦੇ ਗੰਦੇ ਪਾਣੀ ਪੈ ਰਹੇ ਸਨ ਪਰ ਜਨ ਅੰਦੋਲਨ ਛੇੜੇ ਜਾਣ ਨਾਲ ਸੂਬੇ ਦੀ ਸਰਕਾਰ 'ਤੇ ਵੀ ਦਬਾਅ ਬਣਿਆ ਕਿ ਉਹ ਨਦੀ 'ਚ ਗੰਦਾ ਪਾਣੀ ਪੈਣ ਤੋਂ ਰੋਕਣ ਲਈ ਸੀਵਰੇਜ ਟਰੀਟਮੈਂਟ ਪਲਾਂਟ ਲਾਵੇ ਅਤੇ ਇਨ੍ਹਾਂ ਪਲਾਂਟਾਂ ਦਾ ਸੋਧਿਆ ਹੋਇਆ ਪਾਣੀ ਖੇਤੀ ਨੂੰ ਲੱਗੇ। ਇਸ ਮੌਕੇ ਉਨ੍ਹਾਂ ਨਾਲ ਗੁਰਦੁਆਰਾ ਟਾਹਲੀ ਸਾਹਿਬ ਤੋਂ ਸੰਤ ਦਇਆ ਸਿੰਘ, ਯੂਪੀ ਦੇ ਸਾਬਕਾ ਡੀ. ਜੀ. ਪੀ. ਆਰਐਨ ਸਿੰਘ, ਇੰਦੌਰ ਤੋਂ ਸੰਜੇ ਗੁਪਤਾ, ਅਨੁਰਾਗ ਓਹਰੀ, ਗੁਰਵਿੰਦਰ ਸਿੰਘ ਬੋਪਾਰਾਏ, ਵਿਕਾਸ ਸਿੰਘ, ਅਮਿਤ ਸਿੰਘ ਅਤੇ ਆਰਐਨ ਸ਼ੁਕਲਾ ਸਮੇਤ ਹੋਰ ਮਾਹਿਰ ਵੀ ਹਾਜ਼ਰ ਸਨ।


Related News