2 ਕਤਲਾਂ ਨੇ ਪੁਲਸ ਦੀ ਕਾਨੂੰਨ ਵਿਵਸਥਾ ’ਤੇ ਕੰਟਰੋਲ ਵਾਲੀ ਸਥਿਤੀ ਕੀਤੀ ਨਸ਼ਰ

07/26/2022 2:01:40 PM

ਜਲੰਧਰ/ਲਾਂਬੜਾ(ਮਾਹੀ, ਵਰਿੰਦਰ) : ਜਲੰਧਰ ਦੇ ਦਿਹਾਤੀ ਖੇਤਰ ਵਿਚ ਸੋਮਵਾਰ ਨੂੰ ਹੋਏ 2 ਕਤਲਾਂ ਨੇ ਪੁਲਸ ਦੀ ਕਾਨੂੰਨ ਵਿਵਸਥਾ ’ਤੇ ਪੁਲਸ ਦੇ ਕੰਟਰੋਲ ਦੀ ਸਥਿਤੀ ਨੂੰ ਨਸ਼ਰ ਕਰ ਕੇ ਰੱਖ ਦਿੱਤਾ ਹੈ। ਅੱਜ ਸਾਰਾ ਦਿਨ ਪੁਲਸ ਇਨ੍ਹਾਂ ਕਤਲਾਂ ਦੀ ਜਾਂਚ ਅਤੇ ਮੁਲਜ਼ਮਾਂ ਨੂੰ ਫੜਣ ’ਚ ਲੱਗੀ ਰਹੀ। ਦਿਹਾਤੀ ਪੁਲਸ ਦੇ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਚਿੱਟੀ ਵਿਚ ਸੋਮਵਾਰ ਸਵੇਰੇ ਇਕ ਵਗਦੇ ਸੂਏ ਕੋਲ ਇਕ ਵਿਅਕਤੀ ਦੀ ਗਲਾ-ਕੱਟੀ ਲਾਸ਼ ਮਿਲਣ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਐੱਸ. ਪੀ. (ਡੀ.) ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਕਰਤਾਰਪੁਰ ਸੁਰਿੰਦਰਪਾਲ ਧੋਗੜੀ ਅਤੇ ਥਾਣਾ ਇੰਚਾਰਜ ਅਮਨ ਸੈਣੀ, ਸੀ. ਆਈ. ਏ. ਇੰਚਾਰਜ ਜਸਵਿੰਦਰ ਸਿੰਘ, ਕ੍ਰਾਇਮ ਬ੍ਰਾਂਚ ਦਿਹਾਤੀ ਦੇ ਇੰਚਾਰਜ ਪੁਸ਼ਪ ਬਾਲੀ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਮੌਕੇ ’ਤੇ ਮੌਜੂਦ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ- ਤਲਵੰਡੀ ਸਾਬੋ 'ਚ ਵੱਡੀ ਵਾਰਦਾਤ: ਪਤੀ ਨੇ ਪਤਨੀ ਅਤੇ ਧੀ ਦਾ ਕੀਤਾ ਕਤਲ, ਪੁੱਤ ਨੇ ਭੱਜ ਕੇ ਬਚਾਈ ਜਾਨ

ਐੱਸ. ਪੀ. ਬਾਹੀਆ ਦੀ ਸੂਚਨਾ 'ਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ ਅਤੇ ਟੀਮ ਨੇ ਜਾਂਚ ਲਈ ਸੈਂਪਲ ਲਏ। ਜਾਣਕਾਰੀ ਅਨੁਸਾਰ ਪਿੰਡ ਚਿੱਟੀ ਦੇ ਸਰਪੰਚ ਤੀਰਥ ਸਿੰਘ ਜਦੋਂ ਸੂਏ ਨਾਲ ਸਵੇਰੇ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਨੇ ਖੂਨ ਨਾਲ ਲੱਥਪੱਥ ਲਾਸ਼ ਦੇਖੀ ਤੇ ਤੁਰੰਤ ਥਾਣਾ ਲਾਂਬੜਾ ਦੀ ਪੁਲਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੇ ਥਾਣਾ ਇੰਚਾਰਜ ਨੇ ਦੱਸਿਆ ਕਿ ਕਤਲ ਲਈ ਕਿਸੇ ਤੇਜ਼ਧਾਰ ਹਥਿਆਰ ਨਾਲ ਗਲਾ ਬੁਰੀ ਤਰ੍ਹਾਂ ਵੱਢ ਦਿੱਤਾ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾਇਆ ਹੈ।

7 ਘੰਟੇ ਬਾਅਦ ਇਸ ਤਰ੍ਹਾਂ ਹੋਈ ਮ੍ਰਿਤਕ ਦੀ ਪਛਾਣ : ਡੀ. ਐੱਸ. ਪੀ.

ਸਬ-ਡਿਵੀਜ਼ਨ ਕਰਤਾਰਪੁਰ ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕਿ ਜਦੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾਇਆ ਗਿਆ ਤਾਂ ਮ੍ਰਿਤਕ ਬਾਰੇ ਸਿਵਲ ਹਸਪਤਾਲ ਤੋਂ ਥੋੜ੍ਹੀ ਸੂਚਨਾ ਮਿਲੀ, ਜਿਸ ਦੇ ਆਧਾਰ ’ਤੇ ਪੁਲਸ ਅਵਤਾਰ ਨਗਰ ਪਹੁੰਚੀ ਤਾਂ ਮ੍ਰਿਤਕ ਦੀ ਪਛਾਣ ਵਿਸ਼ਾਲ (50) ਪੁੱਤਰ ਨਾਰਾਇਣ ਦੱਤ ਵਾਸੀ ਅਵਤਾਰ ਨਗਰ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਪੁਲਸ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਸ਼ਾਲ ਨੇ ਬੀਤੀ ਰਾਤ ਠੇਕੇ ’ਤੇ ਸ਼ਰਾਬ ਪੀਤੀ ਸੀ ਅਤੇ ਉਸ ਤੋਂ ਬਾਅਦ ਅੱਜ ਸਵੇਰੇ ਉਸ ਦੀ ਲਾਸ਼ ਮਿਲੀ।

ਇਹ ਵੀ ਪੜ੍ਹੋ- ਨੂਰਮਹਿਲ 'ਚ 5 ਸਾਲਾ ਬੱਚੀ ਨਾਲ ਵਾਪਰੀ ਅਣਹੋਣੀ, ਸੱਪ ਦੇ ਡੰਗਣ ਨਾਲ ਮੌਕੇ 'ਤੇ ਹੋਈ ਮੌਤ

ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਮ੍ਰਿਤਕ ਦੀ ਤਲਾਸ਼ੀ ਲੈਣ ’ਤੇ ਜੇਬ ’ਚੋਂ 90 ਰੁਪਏ, ਦੇਸੀ ਸ਼ਰਾਬ ਤੇ ਤੰਬਾਕੂ ਆਦਿ ਬਰਾਮਦ ਹੋਇਆ। ਉਨ੍ਹਾਂ ਮ੍ਰਿਤਕ ਦੀ ਸ਼ਨਾਖਤ ਲਈ 5 ਟੀਮਾਂ ਦਾ ਗਠਨ ਕੀਤਾ ਸੀ ਅਤੇ ਲਾਸ਼ ਮਿਲਣ ਦੇ 7 ਘੰਟੇ ਬਾਅਦ ਸ਼ਾਮ 4 ਵਜੇ ਦੇ ਕਰੀਬ ਮ੍ਰਿਤਕ ਦੀ ਪਛਾਣ ਕਰ ਕੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਥਾਣੇ ਪੁੱਜੇ।

ਪੁਲਸ ਥਿਊਰੀ-ਇਹ ਕੋਈ ਕ੍ਰਾਈਮ ਸਪਾਟ ਨਹੀਂ ਹੈ

ਪੁਲਸ ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਹੀ ਹੈ ਪਰ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ ਪਿੰਡ ਚਿੱਟੀ ਨੇੜੇ ਸੂਏ ਕੋਲੋਂ ਮਿਲੀ ਹੈ ਪਰ ਇਹ ਕੋਈ ਕ੍ਰਾਈਮ-ਸਪਾਟ ਨਹੀਂ ਹੈ, ਕਿਉਂਕਿ ਇੱਥੇ ਕੁਝ ਵੀ ਵੱਖਰਾ ਨਹੀਂ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਇੱਥੇ ਕੋਈ ਕਤਲ ਹੋਇਆ ਹੁੰਦਾ ਤਾਂ ਖੂਨ ਜਾਂ ਕਿਸੇ ਝੜਪ ਦੇ ਸਬੂਤ ਹੁੰਦੇ, ਜੋ ਉਨ੍ਹਾਂ ਨੂੰ ਨਹੀਂ ਮਿਲੇ ਹਨ।

ਸੀ. ਸੀ. ਟੀ. ਵੀ. ਫੁਟੇਜ ’ਚ ਵਿਸ਼ਾਲ ਇਕ ਵਿਅਕਤੀ ਨਾਲ ਜਾਂਦਾ ਦਿਖਾਈ ਦੇ ਰਿਹੈ

ਪੁਲਸ ਨੂੰ ਇਕ ਗਲੀ ’ਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਮਿਲੀ ਹੈ, ਜਿਸ ’ਚ ਵਿਸ਼ਾਲ ਇਕ ਵਿਅਕਤੀ ਨਾਲ ਜਾਂਦਾ ਨਜ਼ਰ ਆ ਰਿਹਾ ਹੈ। ਪੁਲਸ ਅਨੁਸਾਰ ਵਿਸ਼ਾਲ ਰਾਤ ਨੂੰ 9.05 ਮਿੰਟ ’ਤੇ ਘਰੋਂ ਨਿਕਲਿਆ ਸੀ। ਐੱਸ. ਪੀ. (ਡੀ) ਵਾਹੀਆ ਵੱਲੋਂ ਬਣਾਈਆਂ ਗਈਆਂ ਟੀਮਾਂ ਦੇਰ ਰਾਤ ਤੱਕ ਕਈ ਪਿੰਡਾਂ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ’ਚ ਰੁੱਝੀਆਂ ਰਹੀਆਂ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ’ਚ ਵਿਸ਼ਾਲ ਨਾਲ ਦਿਖਾਈ ਦੇਣ ਵਾਲੇ ਵਿਅਕਤੀ ਦੀ ਵੀ ਉਹ ਤਲਾਸ਼ ਕਰ ਰਹੀ ਹੈ। 

2 ਸਾਲ ਪਹਿਲਾਂ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਨਿੱਝਰਾਂ ’ਚ ਇਕ ਔਰਤ ਦਾ ਜਬਰ-ਜ਼ਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲਸ ਨੇ ਅਣਪਛਾਤੇ ਕਾਤਲਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ ਪਰ 2 ਸਾਲ ਬੀਤ ਜਾਣ ’ਤੇ ਵੀ ਇਹ ਕਤਲ ਅਜੇ ਤੱਕ ਅਣ-ਸੁਲਝਿਆ ਹੋਇਆ ਹੈ।

ਵਿਆਹ ਦੇ 3 ਮਹੀਨੇ ਬਾਅਦ ਹੋ ਗਿਆ ਸੀ ਵਿਸ਼ਾਲ ਦਾ ਤਲਾਕ

ਪੁਲਸ ਸੂਤਰਾਂ ਮੁਤਾਬਕ ਵਿਸ਼ਾਲ ਦਾ ਵਿਆਹ 2009 ’ਚ ਹੋਇਆ ਸੀ। ਪਤੀ-ਪਤਨੀ ਦੀ ਆਪਸੀ ਰੰਜਿਸ਼ ਕਾਰਨ 3 ਮਹੀਨੇ ਬਾਅਦ ਆਪਸੀ ਸਹਿਮਤੀ ਨਾਲ ਉਨ੍ਹਾਂ ਦਾ ਤਲਾਕ ਹੋ ਗਿਆ। ਉਦੋਂ ਤੋਂ ਵਿਸ਼ਾਲ ਆਪਣੇ ਭਰਾ ਦੇ ਪਰਿਵਾਰ ਨਾਲ ਰਹਿ ਰਿਹਾ ਸੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ,ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News