ਮੱਧ ਪ੍ਰਦੇਸ਼ ਤੋਂ ਅਫੀਮ ਲਿਆ ਕੇ ਜਲੰਧਰ ''ਚ ਸਪਲਾਈ ਦੇਣ ਆਇਆ ਟਰੱਕ ਡਰਾਈਵਰ ਗ੍ਰਿਫਤਾਰ

03/05/2020 4:33:13 PM

ਜਲੰਧਰ (ਵਰੁਣ)— ਮੱਧ ਪ੍ਰਦੇਸ਼ ਤੋਂ ਅਫੀਮ ਖਰੀਦ ਕੇ ਜਲੰਧਰ ਸਪਲਾਈ ਦੇਣ ਆਏ ਟਰੱਕ ਡਰਾਈਵਰ ਨੂੰ ਸਪੈਸ਼ਲ ਆਪ੍ਰੇਸ਼ਨ ਯੂਨਿਟ (ਐੱਸ. ਓ. ਯੂ.) ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਕਾਰ 'ਚ ਸਪਲਾਈ ਦੇਣ ਆਇਆ ਸੀ ਜਿਸ ਨੂੰ ਲੰਮਾ ਪਿੰਡ ਚੌਕ ਤੋਂ ਕਾਬੂ ਕਰ ਲਿਆ ਗਿਆ। ਸਮੱਗਲਰ ਦੀ ਗੱਡੀ 'ਚੋਂ ਡੇਢ ਕਿਲੋ ਅਫੀਮ ਬਰਾਮਦ ਹੋਈ ਹੈ।

ਡੀ. ਸੀ. ਪੀ. ਅਮਰੀਕ ਸਿੰਘ ਨੇ ਦੱਸਿਆ ਕਿ ਐੱਸ. ਓ. ਯੂ. ਦੇ ਇੰਚਾਰਜ ਅਸ਼ਵਨੀ ਨੰਦਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਆਪਣੀ ਟੀਮ ਸਮੇਤ ਲੰਮਾ ਪਿੰਡ ਚੌਕ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਨੇ ਮਾਰੂਤੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਗੱਡੀ ਨੂੰ ਘੇਰ ਕੇ ਰੋਕ ਲਿਆ ਅਤੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਪੁਲਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੇ ਡੈਸ਼ ਬੋਰਡ 'ਚ ਰੱਖੀ ਡੇਢ ਕਿਲੋ ਅਫੀਮ ਬਰਾਮਦ ਹੋਈ। ਕਾਰ ਚਾਲਕ ਦੀ ਪਛਾਣ ਸੁਰੇਸ਼ ਕੁਮਾਰ ਪੁੱਤਰ ਮਣੀ ਰਾਮ ਵਾਸੀ ਮੀਰਕਾ ਹਿਸਾਰ (ਹਰਿਆਣਾ) ਵਜੋਂ ਹੋਈ ਹੈ।

ਪੁੱਛਗਿੱਛ 'ਚ ਪਤਾ ਲੱਗਾ ਕਿ ਮੁਲਜ਼ਮ ਮੱਧ ਪ੍ਰਦੇਸ਼ ਤੋਂ ਇਲਾਵਾ ਝਾਰਖੰਡ ਤੋਂ 1 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਫੀਮ ਲਿਆ ਕੇ ਇਥੇ ਮਹਿੰਗੇ ਰੇਟ 'ਤੇ ਵੇਚਦਾ ਸੀ। ਮੁਲਜ਼ਮ ਜਲੰਧਰ ਪਹਿਲੀ ਵਾਰ ਸਪਲਾਈ ਦੇਣ ਆਇਆ ਸੀ, ਜਦੋਂਕਿ ਲੁਧਿਆਣਾ ਸਮੇਤ ਬਠਿੰਡਾ, ਰਾਮਪੁਰਾ ਅਤੇ ਮੋਗਾ 'ਚ ਵੀ ਸਪਲਾਈ ਦੇ ਚੁੱਕਾ ਹੈ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਜਲੰਧਰ 'ਚ ਕਿਸ ਵਿਅਕਤੀ ਨੂੰ ਅਫੀਮ ਦੀ ਸਪਲਾਈ ਦੇਣ ਆਇਆ ਸੀ। ਸਮੱਗਲਰ 20 ਸਾਲਾਂ ਤੋਂ ਟਰੱਕ ਚਲਾਉਣ ਦਾ ਕੰਮ ਕਰ ਰਿਹਾ ਹੈ। ਇਸ ਦੌਰਾਨ ਉਹ ਨਸ਼ਾ ਸਪਲਾਈ ਦਾ ਧੰਦਾ ਕਰਨ ਲੱਗ ਗਿਆ ਅਤੇ ਜਦੋਂ ਵੀ ਉਹ ਟਰੱਕ ਲੈ ਕੇ ਝਾਰਖੰਡ ਜਾਂ ਮੱਧ ਪ੍ਰਦੇਸ਼ ਜਾਂਦਾ ਸੀ ਤਾਂ ਅਫੀਮ ਦੀ ਖੇਪ ਲੈ ਕੇ ਆਉਂਦਾ ਸੀ। ਮੁਲਜ਼ਮ ਨੂੰ ਪੁਲਸ ਨੇ ਇਕ ਦਿਨ ਦੇ ਰਿਮਾਂਡ 'ਤੇ ਲਿਆ ਹੈ।


shivani attri

Content Editor

Related News