ਟਿੱਪਰ ਅਪਰੇਟਰਾਂ ਅਤੇ ਮਾਈਨਿੰਗ ਠੇਕੇਦਾਰਾਂ ਵਿਚ ਵਧਣ ਲੱਗਾ ਤਣਾਓ

06/17/2020 1:00:41 PM

ਗੜਸ਼ੰਕਰ (ਸ਼ੋਰੀ) - ਇੱਥੋਂ ਦੇ ਨੰਗਲ ਰੋਡ ’ਤੇ ਪਿੰਡ ਕੋਟ ’ਚ ਪਿਛਲੇ ਕੁਝ ਮਹੀਨੇ ਪਹਿਲਾਂ ਮਾਈਨਿੰਗ ਵਿਭਾਗ ਵੱਲੋਂ ਲਾਏ ਗਏ ਕੰਡੇ ’ਤੇ ਪਿਛਲੇ ਹਫਤੇ ਪਹਿਲੀ ਵਾਰ ਮਾਈਨਿੰਗ ਵਿਭਾਗ ਨੇ ਹਿਮਾਚਲ ਤੋਂ ਆਉਣ ਵਾਲੇ ਰੇਤ ਬਜਰੀ ਦੇ ਟਿੱਪਰਾਂ ਨੂੰ ਰੋਕ ਕੇ ਚੈਕਿੰਗ ਕੀਤੀ ਸੀ। ਇਸ ਨਾਕੇ ’ਤੇ ਟਿੱਪਰਾਂ ਨੂੰ ਕਈ ਘੰਟੇ ਰੋਕਣ ਉਪਰੰਤ ਜਦ ਨੰਗਲ ਰੋਡ ’ਤੇ ਭਾਰੀ ਜਮਾਵੜਾ ਟਿੱਪਰਾਂ ਦਾ ਹੋ ਗਿਆ ਤਾਂ ਉਸਨੂੰ ਦੇਖਦੇ ਟਿੱਪਰਾਂ ਨੂੰ ਛੱਡ ਦਿੱਤਾ ਗਿਆ ਸੀ।

ਠੀਕ ਇਸੇ ਤਰ੍ਹਾਂ ਲੰਘੀ ਰਾਤ ਇਕ ਵਾਰ ਫਿਰ ਟਿੱਪਰਾਂ ਨੂੰ ਰੋਕਿਆ ਗਿਆ ਤੇ ਕਈ ਘੰਟਿਆਂ ਉਪਰੰਤ ਜਦ ਟਰੈਫਿਕ ਜਾਮ ਵਰਗੇ ਹਾਲਾਤ ਹੋ ਗਏ ਤਾਂ ਅੱਜ ਸਵੇਰੇ ਫਿਰ ਟਿੱਪਰਾਂ ਨੂੰ ਛੱਡ ਦਿੱਤਾ ਗਿਆ। ਟਿੱਪਰ ਆਪਰੇਟਰਾਂ ਨੇ ਕਿਹਾ ਕਿ ਇਹ ਸਭ ਗੁੰਡਾ ਟੈਕਸ ਲੈਣ ਲਈ ਬਣਾਏ ਜਾ ਰਹੇ ਦਬਾਅ ਦੀ ਰਣਨੀਤੀ ਦਾ ਹਿੱਸਾ ਹੈ। ਉਨ੍ਹਾਂ ਨੇ ਦੱਸਿਆ ਕਿ ਬਿਨਾਂ ਵਰਦੀ ਤੇ ਬਿਨਾਂ ਕਿਸੇ ਪਛਾਣ-ਪੱਤਰ ਦੇ ਦਰਜਨਾਂ ਨੌਜਵਾਨ ਟਿੱਪਰਾਂ ਨੂੰ ਘੇਰ ਲੈਂਦੇ ਹਨ ਤੇ ਫਿਰ ਕਾਗ਼ਜ਼ਾਂ ਦੀ ਮੰਗ ਕਰਦੇ ਹਨ।

ਇਸ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਂਦੇ ਹਿਮਾਚਲ ਕ੍ਰੈਸ਼ਰ ਯੂਨੀਅਨ ਦੇ ਆਗੂ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿਚ ਇਕ ਵੀ ਖੱਡ ਗ੍ਰੀਨ ਟ੍ਰੀਬਿਊਨਲ ਨਵੀਂ ਦਿੱਲੀ ਵੱਲੋਂ ਮਾਨਤਾ ਪ੍ਰਾਪਤ ਨਹੀਂ ਹੈ ਤਾਂ ਅਜਿਹੇ ਵਿਚ ਮਾਈਨਿੰਗ ਵਿਭਾਗ ਇਸ ਮਾਰਗ ’ਤੇ ਕੰਡਾ ਲਾ ਕੇ ਸਿਰਫ ਹਿਮਾਚਲ ਤੋਂ ਆਉਣ ਵਾਲੇ ਮਾਈਨਿੰਗ ਪ੍ਰੋਡਕਟ ਨੂੰ ਹੀ ਬੰਦ ਕਰਕੇ ਪੰਜਾਬ ਵਿਚ ਰੇਤ ਬਜਰੀ ਦੇ ਭਾਅ ਆਪਣੀ ਮਨਮਰਜ਼ੀ ਨਾਲ ਕਰਨਾ ਚਾਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਹਿਮਾਚਲ ਤੋਂ ਜੋ ਵੀ ਗੱਡੀਆਂ ਮਾਈਨਿੰਗ ਉਤਪਾਦ ਲੈ ਕੇ ਆਉਂਦੀਆਂ ਹਨ, ਉਨ੍ਹਾਂ ਕੋਲ ਜੀ.ਐੱਸ.ਟੀ. ਬਿੱਲ ਅਤੇ ਐੱਮ ਫਾਰਮ ਹੁੰਦਾ ਹੈ। ਅਜਿਹੇ ਹਾਲਾਤ ਵਿਚ ਗੱਡੀਆਂ ਨੂੰ ਰੋਕ ਕੇ ਸਿਰਫ਼ ਇਕ ਦਬਾਅ ਬਣਾਇਆ ਜਾ ਰਿਹਾ ਹੈ ਕਿ ਮਾਈਨਿੰਗ ਠੇਕੇਦਾਰਾਂ ਨੂੰ ਰਾਇਲਟੀ ਦੇ ਕੇ ਨਿਕਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਗੁੰਡਾ ਟੈਕਸ ਵਸੂਲਿਆ ਜਾਂਦਾ ਹੈ ਤਾਂ ਇਸ ਨਾਲ ਪੰਜਾਬ ਵਿਚ ਰੇਤ ਬਜਰੀ ਦੇ ਰੇਟ ਹੋਰ ਜ਼ਿਆਦਾ ਵੱਧ ਜਾਣਗੇ, ਜਿਸ ਨਾਲ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੋਵੇਗੀ।

ਜੋ ਵੀ ਵਾਹਨ ਓਵਰਲੋਡ ਹੋਵੇਗਾ ਉਸ ਦਾ ਚਲਾਨ ਕੱਟਿਆ ਜਾਵੇਗਾ
ਮਾਈਨਿੰਗ ਵਿਭਾਗ ਤੋਂ ਡੀ. ਐੱਸ. ਪੀ. ਸੁਖਜਿੰਦਰ ਸਿੰਘ ਨੇ ਸਪਸ਼ਟ ਸ਼ਬਦਾਂ ਵਿਚ ਦੱਸਿਆ ਕਿ ਪਿੰਡ ਕੋਟ ਵਿਚ ਕੁਝ ਓਵਰਲੋਡ ਟਿੱਪਰਾਂ ਨੂੰ ਮਾਈਨਿੰਗ ਉਤਪਾਦ ਲਿਜਾਂਦੇ ਹੋਏ ਅੱਜ ਰੋਕਿਆ ਗਿਆ ਅਤੇ ਇਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਰਗ ’ਤੇ ਜੋ ਵੀ ਵਾਹਨ ਓਵਰਲੋਡ ਚੱਲੇਗਾ, ਉਸ ਦਾ ਚਲਾਨ ਕੱਟਿਆ ਜਾਵੇਗਾ।


rajwinder kaur

Content Editor

Related News