ਧੀਰ ਆਟੋ ਏਜੰਸੀ ਦਾ ਸ਼ਟਰ ਤੋੜ ਕੇ ਚੋਰਾਂ ਨੇ ਕੀਤੀ ਲੱਖਾਂ ਦੀ ਚੋਰੀ, ਤਿੰਨੋਂ ਚੋਰ CCTV ਕੈਮਰੇ ’ਚ ਕੈਦ

06/08/2024 5:51:57 PM

ਲਾਂਬੜਾ (ਵਰਿੰਦਰ)–ਥਾਣਾ ਲਾਂਬੜਾ ਅਧੀਨ ਆਉਂਦੇ ਹਾਈਵੇਅ ’ਤੇ ਸਥਿਤ ਪਿੰਡ ਭਗਵਾਨਪੁਰ ਵਿਚ ਮੋਟਰਸਾਈਕਲ ਏਜੰਸੀ ਵਿਚ ਬੀਤੀ ਦੇਰ ਰਾਤ ਚੋਰਾਂ ਨੇ ਧਾਵਾ ਬੋਲ ਦਿੱਤਾ ਅਤੇ ਸ਼ਟਰ ਤੋੜ ਕੇ ਏਜੰਸੀ ਦੇ ਅੰਦਰ ਦਾਖ਼ਲ ਹੋ ਗਏ। ਚੋਰਾਂ ਨੇ ਅੰਦਰ ਬਹੁਤ ਖੌਰੂ ਮਚਾਇਆ ਅਤੇ ਲੱਖਾਂ ਦੀ ਚੋਰੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਚੋਰੀ ਦੀ ਵਾਰਦਾਤ ਸੀ. ਸੀ. ਟੀ. ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਇਸ ਸਬੰਧੀ ਏਜੰਸੀ ਦੇ ਮਾਲਕ ਉਦੈ ਚੰਦਰ ਨਿਵਾਸੀ ਲਾਂਬੜਾ ਨੇ ਥਾਣਾ ਲਾਂਬੜਾ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਐੱਸ. ਐੱਚ. ਓ. ਬਲਬੀਰ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ ਤੇ ਜਾਂਚ ਸ਼ੁਰੂ ਕੀਤੀ।

ਜਾਣਕਾਰੀ ਦਿੰਦਿਆਂ ਪੀੜਤ ਉਦੈ ਚੰਦਰ ਨਿਵਾਸੀ ਲਾਂਬੜਾ ਨੇ ਦੱਸਿਆ ਕਿ ਪਿੰਡ ਭਗਵਾਨਪੁਰ ਵਿਚ ਉਨ੍ਹਾਂ ਦੀ ਧੀਰ ਆਟੋ ਮੋਬਾਇਲ ਏਜੰਸੀ ਹੈ ਅਤੇ ਉਹ ਇਸ ਜਗ੍ਹਾ ’ਤੇ ਲੱਗਭਗ 3 ਸਾਲਾਂ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਵਾਂਗ ਵੀਰਵਾਰ ਸ਼ਾਮੀਂ 7 ਵਜੇ ਦੇ ਲਗਭਗ ਏਜੰਸੀ ਨੂੰ ਬੰਦ ਕਰਕੇ ਆਪਣੇ ਘਰ ਚਲੇ ਗਏ। ਜਦੋਂ ਉਹ ਸਵੇਰੇ ਏਜੰਸੀ ਪੁੱਜੇ ਤਾਂ ਸ਼ਟਰ ਟੁੱਟਿਆ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਤੁਰੰਤ ਅੰਦਰ ਜਾ ਕੇ ਦੇਖਿਆ ਤਾਂ ਏਜੰਸੀ ਦੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਉਦੈ ਚੰਦਰ ਦੇ ਭਰਾ ਬ੍ਰਹਮ ਧੀਰ ਨੇ ਦੱਸਿਆ ਕਿ ਉਨ੍ਹਾਂ ਜਦੋਂ ਏਜੰਸੀ ਦੇ ਗੱਲੇ ਨੂੰ ਵੇਖਿਆ ਤਾਂ ਉਸ ਵਿਚੋਂ ਲਗਭਗ 88 ਹਜ਼ਾਰ ਦੀ ਨਕਦੀ, ਲੈਪਟਾਪ, ਨਵੇਂ ਮੋਟਰਸਾਈਕਲਾਂ ਦੀਆਂ ਬੈਟਰੀਆਂ ਅਤੇ ਈ-ਰਿਕਸ਼ਾ ਦੇ ਵੱਡੇ 14 ਬੈਟਰੇ ਚੋਰ ਚੋਰੀ ਕਰ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਚੋਰੀ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ- ਭੈਣ ਦੇ ਪਿੰਡ ਕਬੂਤਰਬਾਜ਼ੀ ਵੇਖਣ ਗਏ ਭਰਾ ਦੀ ਖੇਤਾਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼, ਮਚਿਆ ਚੀਕ-ਚਿਹਾੜਾ

PunjabKesari

ਉਦੈ ਨੇ ਦੱਸਿਆ ਕਿ ਜਦੋਂ ਉਨ੍ਹਾਂ ਏਜੰਸੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕੀਤਾ ਤਾਂ ਵੇਖਿਆ ਕਿ ਵੀਰਵਾਰ ਦੇਰ ਰਾਤ ਲਗਭਗ 1.30 ਵਜੇ ਚੋਰ ਸ਼ਟਰ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਏਜੰਸੀ ਵਿਚ ਰੱਖਿਆ ਸਾਮਾਨ ਇਕੱਠਾ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਚੋਰ 1.30 ਤੋਂ ਲੈ ਕੇ ਸਵੇਰੇ 3.30 ਵਜੇ ਤਕ ਏਜੰਸੀ ਵਿਚ ਖਿਲਾਰਾ ਪਾਉਂਦੇ ਰਹੇ ਅਤੇ ਸਾਰਾ ਸਾਮਾਨ ਇਕੱਠਾ ਕੀਤਾ ਅਤੇ ਚੋਰੀ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸੀ. ਸੀ. ਟੀ. ਵੀ. ਫੁਟੇਜ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਚੋਰਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ।
ਸੀ. ਸੀ. ਟੀ. ਵੀ. ਕੈਮਰਿਆਂ ਵਿਚ ਚੋਰਾਂ ਦੇ ਚਿਹਰੇ ਸਾਫ ਦਿਖਾਈ ਦੇ ਰਹੇ ਹਨ ਅਤੇ ਪੁਲਸ ਨੇ ਇਨ੍ਹਾਂ ਤਿੰਨਾਂ ਚੋਰਾਂ ਦੀ ਫੁਟੇਜ ਨਜ਼ਦੀਕੀ ਮੋਹਤਬਰਾਂ ਅਤੇ ਨੇੜਲੇ ਪੁਲਸ ਥਾਣਿਆਂ ਨੂੰ ਭੇਜੀ ਹੈ ਤਾਂ ਕਿ ਚੋਰਾਂ ਦੀ ਪਛਾਣ ਹੋ ਸਕੇ।
ਉਦੈ ਚੰਦਰ ਨੇ ਤੁਰੰਤ ਚੋਰੀ ਦੀ ਸੂਚਨਾ ਥਾਣਾ ਲਾਂਬੜਾ ਦੀ ਪੁਲਸ ਨੂੰ ਦਿੱਤੀ ਤਾਂ ਐੱਸ. ਐੱਚ. ਓ. ਬਲਬੀਰ ਿਸੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਮਾਮਲੇ ਨੂੰ ਹੱਲ ਕਰਨ ਲਈ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ। ਪੁਲਸ ਕੈਮਰਾ ਟੂ ਕੈਮਰਾ ਚੈੱਕ ਕਰ ਕੇ ਚੋਰਾਂ ਦਾ ਪਿੱਛਾ ਕਰ ਰਹੀ ਹੈ।

ਇਲਾਕੇ ’ਚ ਪੁਲਸ ਦੀ ਗਸ਼ਤ ਅਤੇ ਨਾਕੇ ਪੱਕੇ ਕੀਤੇ ਜਾਣ
ਇਲਾਕੇ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਦਿਹਾਤੀ ਦੇ ਐੱਸ. ਐੱਸ. ਪੀ. ਆਈ. ਪੀ. ਐੱਸ. ਅੰਕੁਰ ਗੁਪਤਾ ਨੂੰ ਅਪੀਲ ਕੀਤੀ ਹੈ ਕਿ ਇਲਾਕੇ ਵਿਚ ਪੁਲਸ ਦੀ ਗਸ਼ਤ ਅਤੇ ਨਾਕੇ ਪੱਕੇ ਕੀਤੇ ਜਾਣ ਤਾਂ ਕਿ ਚੋਰਾਂ ਅਤੇ ਲੁਟੇਰਿਆਂ ਦੀ ਨਕੇਲ ਕੱਸੀ ਜਾ ਸਕੇ। ਇਕ ਦੁਕਾਨਦਾਰ ਨੇ ਕਿਹਾ ਕਿ ਵਪਾਰ ਪਹਿਲਾਂ ਹੀ ਠੰਢਾ ਹੈ, ਉਪਰੋਂ ਚੋਰਾਂ ਦੀ ਮਾਰ ਪੈਣ ਨਾਲ ਦੁਕਾਨਦਾਰ ਦੀ ਕਮਰ ਟੁੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਕਿ ਏਜੰਸੀ ਦੇ ਮਾਲਕ ਸੁਖ ਦਾ ਸਾਹ ਲੈ ਸਕਣ।

ਇਹ ਵੀ ਪੜ੍ਹੋ- ਕੁਲਵਿੰਦਰ ਵੱਲੋਂ ਕੰਗਨਾ ਨੂੰ ਥੱਪੜ ਮਾਰਨ ਦਾ ਮਾਮਲਾ ਭਖਿਆ, ਨੌਕਰੀ ’ਤੇ ਬਹਾਲ ਨਾ ਕਰਨ ’ਤੇ ਦਿੱਤੀ ਚਿਤਾਵਨੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News