ਪੇਸ਼ੀ ’ਤੇ ਲਿਆਂਦੇ ਜਾ ਰਹੇ ਮੁਲਜ਼ਮ ਨੇ ਆਟੋ ’ਚੋਂ ਛਾਲ ਮਾਰ ਕੇ ਕੀਤੀ ਭੱਜਣ ਦੀ ਕੋਸ਼ਿਸ਼, ਗ੍ਰਿਫ਼ਤਾਰ
Tuesday, May 13, 2025 - 08:20 AM (IST)

ਲੁਧਿਆਣਾ (ਪੰਕਜ) : ਸ਼ਿਮਲਾਪੁਰੀ ਪੁਲਸ ਵਲੋਂ ਵਾਹਨ ਚੋਰੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਗਏ 2 ਮੁਲਜ਼ਮਾਂ ’ਚੋਂ 1 ਨੇ ਅਦਾਲਤ ’ਚ ਲਿਜਾਂਦੇ ਸਮੇਂ ਆਟੋ ’ਚੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਮੁਲਾਜ਼ਮਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ।
ਦੱਸ ਦੇਈਏ ਕਿ ਸ਼ਿਮਲਾਪੁਰੀ ਪੁਲਸ ਨੇ ਐਤਵਾਰ ਨੂੰ ਵਾਹਨ ਚੋਰੀ ਦੀਆਂ ਘਟਨਾਵਾਂ ’ਚ ਸ਼ਾਮਲ ਹੋਣ ਦੇ ਦੋਸ਼ ’ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸੋਮਵਾਰ ਨੂੰ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਲੈ ਕੇ ਜਾ ਰਹੀ ਪੁਲਸ ਪਾਰਟੀ ਉਸ ਸਮੇਂ ਘਬਰਾਹਟ ’ਚ ਸੀ, ਜਦੋਂ ਇਕ ਦੋਸ਼ੀ ਨੇ ਮੌਕਾ ਪਾ ਕੇ ਜਗਰਾਓਂ ਪੁਲ ’ਤੇ ਆਟੋ ’ਚੋਂ ਛਾਲ ਮਾਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਦੀ ਇਸ ਹਰਕਤ ਬਾਰੇ ਪਤਾ ਲੱਗਦਿਆਂ ਹੀ ਪੁਲਸ ਕਰਮਚਾਰੀ ਤੁਰੰਤ ਹਰਕਤ ’ਚ ਆ ਗਏ ਅਤੇ ਉਸ ਦਾ ਪਿੱਛਾ ਕੀਤਾ ਅਤੇ ਕੁਝ ਦੂਰੀ ’ਤੇ ਜਾ ਕੇ ਉਸ ਨੂੰ ਫੜ ਲਿਆ।
ਇਹ ਵੀ ਪੜ੍ਹੋ : ਸਕਿਓਰਿਟੀ ਲਈ ਸ਼ੋਅਰੂਮ ਮਾਲਕ ਨੇ ਰਚਿਆ ਹੈਰਾਨੀਜਨਕ ਡਰਾਮਾ, ਪੁਲਸ ਨੇ ਕੀਤਾ ਪਰਦਾਫਾਸ਼
ਮੁਲਜ਼ਮਾਂ ਨੂੰ ਅਦਾਲਤ ’ਚ ਲਿਜਾਣ ਵਾਲੀ ਪੁਲਸ ਪਾਰਟੀ ਦੀ ਅਗਵਾਈ ਕਰ ਰਹੇ ਏ. ਐੱਸ. ਆਈ. ਸ਼ਲਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਤੇਜ ਸਿੰਘ ਗੁਰੀ ਪੁੱਤਰ ਰਣਜੀਤ ਸਿੰਘ ਅਤੇ ਪ੍ਰਿੰਸ ਬੱਗਾ ਪੁੱਤਰ ਜਗਦੀਸ਼ ਬੱਗਾ ਨੂੰ ਵਾਹਨ ਚੋਰੀ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡਾਕਟਰੀ ਜਾਂਚ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪੇਸ਼ੀ ਲਈ ਅਦਾਲਤ ਲਿਜਾਇਆ ਜਾ ਰਿਹਾ ਸੀ ਤਾਂ ਪ੍ਰਿੰਸ ਬੱਗਾ ਅਚਾਨਕ ਆਟੋ ’ਚੋਂ ਛਾਲ ਮਾਰ ਗਿਆ ਅਤੇ ਉਸ ਦਾ ਪਿੱਛਾ ਕਰ ਕੇ ਫੜ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8