ਸ਼ਰਾਬ ਪੀ ਕੇ ਘਰ ਵੜੇ ਵਿਅਕਤੀ ਨੂੰ ਚੋਰ ਸਮਝ ਕੁੱਟਿਆ, ਹੋ ਗਈ ਮੌਤ
Monday, May 19, 2025 - 06:08 PM (IST)

ਪਟਿਆਲਾ (ਬਲਜਿੰਦਰ) : ਸ਼ਰਾਬ ਪੀ ਕੇ ਘਰ ’ਚ ਵੜੇ ਵਿਅਕਤੀ ਨੂੰ ਬੰਨ੍ਹ ਕੇ ਕੁੱਟਮਾਰ ਕਰਨ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਤ੍ਰਿਪੜੀ ਦੀ ਪੁਲਸ ਨੇ ਕੁੱਟਮਾਰ ਕਰਨ ਦੇ ਦੋਸ਼ ’ਚ ਅੱਧੀ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਰਵੀ ਕੁਮਾਰ ਪੁੱਤਰ ਰਾਜੇਸ਼ ਕੁਮਾਰ, ਰਾਜੇਸ਼ ਕੁਮਾਰ ਪੁੱਤਰ ਬਨਵਾਰੀ ਲਾਲ ਵਾਸੀਆਨ ਮਕਾਨ ਨੰ. 26 ਗਲੀ ਨੰ. 4 ਵਿਕਾਸ ਨਗਰ ਪਟਿਆਲਾ, ਰਾਮ ਦਿਵਾਕਰ ਪੁੱਤਰ ਸੁਖਰਾਮ ਵਾਸੀ ਮਕਾਨ ਨੰ. 1/4 ਮਸਜਿਦ ਵਾਲੀ ਗਲੀ ਵਿਕਾਸ ਨਗਰ ਪਟਿਆਲਾ, ਸਤਨਾਮ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਕਾਨ ਨੰ. 01 ਗਲੀ ਨੰ. 5 ਵਿਕਾਸ ਨਗਰ ਪਟਿਆਲਾ. ਅਤੇ 2-3 ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ।
ਇਸ ਮਾਮਲੇ ’ਚ ਗੁਰਪ੍ਰੀਤ ਪੁੱਤਰ ਪਾਲ ਸਿੰਘ ਵਾਸੀ ਗਲੀ ਨੰ. 5 ਅਮਨ ਵਿਹਾਰ ਕਾਲੋਨੀ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਸਹੁਰਾ ਪਰਿਵਾਰ ਨਾਲ ਰਹਿੰਦਾ ਹੈ। ਬੀਤੀ 17 ਮਈ ਨੂੰ ਜਦੋਂ ਉਹ ਘਰ ਆਇਆ ਤਾਂ ਆਪਣੀ ਪਤਨੀ ਤੋਂ ਆਪਣੇ ਸਾਲੇ ਅਜੇ ਕੁਮਾਰ (ਉਮਰ 26 ਸਾਲ ਪੁੱਤਰ ਟਾਕਨ ਰਾਮ) ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਅਜੇ ਕੁਮਾਰ ਤਾਂ ਸਤਨਾਮ ਸਿੰਘ ਨਾਲ ਗਿਆ ਹੈ, ਜੋ ਦੋਵੇਂ ਅਕਸਰ ਸ਼ਰਾਬ ਪੀਣ ਦੇ ਆਦੀ ਸਨ। ਜਦੋਂ ਦੇਰ ਰਾਤ ਤੱਕ ਅਜੇ ਕੁਮਾਰ ਘਰ ਵਾਪਸ ਨਹੀਂ ਆਇਆ ਤਾਂ ਉਸ ਦੀ ਭਾਲ ਕਰਨ ਲੱਗਿਆ ਤਾਂ ਰਾਤ ਨੂੰ ਸ਼ਰਾਬ ਦੇ ਨਸ਼ੇ ’ਚ ਰਵੀ ਕੁਮਾਰ ਦੇ ਘਰ ਵੜ ਗਿਆ ਸੀ, ਜਿਸ ਨੂੰ ਚੋਰ ਸਮਝ ਕੇ ਪਰਿਵਾਰਕ ਮੈਂਬਰਾਂ ਸਤਨਾਮ ਸਿੰਘ ਅਤੇ ਕੁਝ ਮੁਹੱਲਾ ਨਿਵਾਸੀਆਂ ਨੇ ਰਵੀ ਦੇ ਘਰ ਦੇ ਬਾਹਰ ਖੜੇ ਟੈਂਪੂ ਨਾਲ ਬੰਨ੍ਹ ਕੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ’ਚ ਉਕਤ ਵਿਅਕਤੀਆਂ ਖਿਲਾਫ 103, 3(5) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।