ਚੋਰਾਂ ਨੇ ਸ਼ਹਿਰ ’ਚ ਮਚਾਈ ਦਹਿਸ਼ਤ, ਦਿਨ-ਦਿਹਾੜੇ ਘਰੋਂ ਉਡਾਇਆ ਲੱਖਾਂ ਦਾ ਸਾਮਾਨ

06/03/2023 2:46:41 AM

ਜਲੰਧਰ (ਵਰੁਣ) : ਸ਼ਹਿਰ ’ਚ ਚੋਰਾਂ ਨੇ ਦਹਿਸ਼ਤ ਮਚਾਈ ਹੋਈ ਹੈ। ਦਿਨ-ਬ-ਦਿਨ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਦੂਜੇ ਪਾਸੇ ਅੱਜ ਜਲੰਧਰ ਵਿਚ ਚੋਰੀ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਚੋਰਾਂ ਨੇ ਦਿਨ-ਦਿਹਾੜੇ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਦਾ ਸਾਮਾਨ ਲੁੱਟ ਲਿਆ। ਘਟਨਾ ਸ਼ਿਵ ਨਗਰ ਦੀ ਦੱਸੀ ਜਾ ਰਹੀ ਹੈ, ਜਿੱਥੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਇਆ ਹੈ। ਸ਼ਿਵ ਨਗਰ 'ਚ ਦਿਨ ਦਿਹਾੜੇ ਬਾਈਕ 'ਤੇ ਆਏ ਚੋਰਾਂ ਨੇ ਇਕ ਘਰ ਦੇ ਤਾਲੇ ਤੋੜ ਕੇ ਨਕਦੀ, ਸੋਨੇ ਦੇ ਗਹਿਣੇ ਅਤੇ ਐੱਲ. ਸੀ. ਡੀ. ਚੋਰੀ ਕਰ ਲਈ। ਘਰ ਦੇ ਮਾਲਕ ਰਾਮ ਸ਼ਰਨ ਨੇ ਦੱਸਿਆ ਕਿ ਉਸ ਦਾ ਲੜਕਾ ਸਵੇਰੇ 10 ਵਜੇ ਘਰ ਨੂੰ ਤਾਲਾ ਲਗਾ ਕੇ ਕੰਮ 'ਤੇ ਗਿਆ ਸੀ।

ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਪਿਆ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਸ ਨੇ ਦੱਸਿਆ ਕਿ ਚੋਰਾਂ ਨੇ ਘਰ ’ਚੋਂ 20 ਹਜ਼ਾਰ ਰੁਪਏ, ਐੱਲ. ਸੀ. ਡੀ., ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਜਦੋਂ ਉਸ ਨੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਦੇਖਿਆ ਕਿ 3 ਚੋਰ ਇਕ ਬਾਈਕ ’ਤੇ ਸਵਾਰ ਹੋ ਕੇ ਉਨ੍ਹਾਂ ਦੀ ਐੱਲ.ਸੀ.ਡੀ. ਨੂੰ ਵਿਚਾਲੇ ਰੱਖ ਕੇ ਜਾ ਰਹੇ ਸਨ। ਚੋਰਾਂ ਨੇ ਰਾਤ 1 ਵਜੇ ਦੇ ਕਰੀਬ ਘਰ ਨੂੰ ਨਿਸ਼ਾਨਾ ਬਣਾਇਆ। ਸੂਚਨਾ ਮਿਲਦੇ ਹੀ ਥਾਣਾ 1 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
 


Manoj

Content Editor

Related News