ਮਕਸੂਦਾਂ ਮੰਡੀ ਦੇ ਬਾਹਰ ਟਰੱਕ ਵਾਲਿਆਂ ਨੇ ਔਰਤ ਨੂੰ ਕਾਬੂ ਕੀਤਾ

07/26/2019 2:52:40 AM

ਜਲੰਧਰ, (ਵਰੁਣ)- ਮਕਸੂਦਾਂ ਮੰਡੀ ’ਚ ਇਕ ਔਰਤ ਨੂੰ ਲੈ ਕੇ ਵੀਰਵਾਰ ਦੇਰ ਰਾਤ ਹੰਗਾਮਾ ਹੋ ਗਿਆ। ਮੰਡੀ ਦੇ ਬਾਹਰ ਖੜ੍ਹੇ ਹੋਣ ਵਾਲੇ ਟਰੱਕਾਂ ਦੇ ਡਰਾਈਵਰਾਂ ਨੇ ਇਕ ਔਰਤ ਨੂੰ ਕਾਬੂ ਕਰ ਕੇ ਦੋਸ਼ ਲਾਇਆ ਕਿ ਉਕਤ ਔਰਤ ਰਾਤ ਸਮੇਂ ਡਰਾਈਵਰਾਂ ਨੂੰ ਸਰੀਰਕ ਸਬੰਧ ਬਣਾਉਣ ਦੇ ਨਾਂ ’ਤੇ ਉਨ੍ਹਾਂ ਨੂੰ ਲੁੱਟਦੀ ਹੈ ਅਤੇ ਪਿਛਲੇ 4 ਸਾਲਾਂ ਤੋਂ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਕੰਮ ਕਰ ਰਹੀ ਹੈ। ਮਾਮਲਾ ਪੁਲਸ ਤਕ ਪੁੱਜਿਆ ਤਾਂ ਪੁਲਸ ਨੇ ਔਰਤ ਨੂੰ ਮੌਕੇ ’ਤੇ ਪਹੁੰਚ ਕੇ ਕਾਬੂ ਕਰ ਲਿਆ। ਟਰੱਕਾਂ ਦੇ ਡਰਾਈਵਰਾਂ ਨੇ ਦੋਸ਼ ਲਾਇਆ ਕਿ ਦੇਰ ਰਾਤ ਉਕਤ ਔਰਤ ਆਪਣੇ ਤਿੰਨ ਤੋਂ ਚਾਰ ਸਾਥੀਆਂ ਨਾਲ ਮਕਸੂਦਾਂ ਮੰਡੀ ਦੇ ਬਾਹਰ ਖੜ੍ਹੇ ਹੋਣ ਵਾਲੇ ਟਰੱਕ ਡਰਾਈਵਰਾਂ ਨੂੰ ਫਸਾਉਂਦੀ ਹੈ ਅਤੇ ਬਾਅਦ ਵਿਚ ਟਰੱਕ ਦੇ ਅੰਦਰ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਉਕਤ ਔਰਤ ਜਾਂ ਤਾਂ ਆਪਣੇ ਸਾਥੀਆਂ ਨੂੰ ਬੁਲਾ ਕੇ ਡਰਾਈਵਰਾਂ ਦੀ ਕੁੱਟ-ਮਾਰ ਕਰ ਕੇ ਅਤੇ ਧਮਕੀਆਂ ਦੇ ਕੇ ਉਨ੍ਹਾਂ ਕੋਲੋਂ ਪੈਸੇ ਵਸੂਲਦੀ ਹੈ ਜਾਂ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਡਰਾਈਵਰਾਂ ਦੇ ਪੈਸੇ ਅਤੇ ਕੱਪੜੇ ਤਕ ਲੈ ਕੇ ਫਰਾਰ ਹੋ ਜਾਂਦੀ ਹੈ। ਦੋਸ਼ ਹੈ ਕਿ 4 ਦਿਨ ਪਹਿਲਾਂ ਵੀ ਉਕਤ ਔਰਤ ਨੇ ਸੁੱਖਾ ਨਿਵਾਸੀ ਧਰਮਕੋਟ ਨਾਂ ਦੇ ਡਰਾਈਵਰ ਨੂੰ ਸਰੀਰਕ ਸਬੰਧ ਬਣਾਉਣ ਦੇ ਨਾਂ ’ਤੇ ਫਸਾਇਆ ਅਤੇ ਬਾਅਦ ਵਿਚ ਉਸ ਦਾ ਪਰਸ ਅਤੇ ਕੱਪੜੇ ਲੈ ਕੇ ਫਰਾਰ ਹੋ ਗਈ। ਪਰਸ ਵਿਚ 12,000 ਰੁਪਏ ਸਨ। ਇਸ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰ. 1 ਦੀ ਪੁਲਸ ਨੂੰ ਵੀ ਦਿੱਤੀ ਗਈ ਸੀ। ਟਰਾਂਸਪੋਰਟਰਾਂ ਨੇ ਵੀ ਉਕਤ ਔਰਤ ’ਤੇ ਦੋਸ਼ ਲਾਇਆ ਅਤੇ ਕਿਹਾ ਕਿ ਇਸ ਕਾਰਣ ਕੰਮ-ਕਾਜ ਵਿਚ ਫਰਕ ਪੈ ਰਿਹਾ ਹੈ ਅਤੇ ਡਰਾਈਵਰ ਇਥੇ ਆਉਣ ਲਈ ਮਨ੍ਹਾ ਕਰ ਦਿੰਦੇ ਹਨ।

ਉਧਰ ਥਾਣਾ ਨੰ. 1 ਦੀ ਏ. ਐੱਸ. ਆਈ. ਬਲਜੀਤ ਕੌਰ ਦਾ ਕਹਿਣਾ ਕਿ ਔਰਤ ਨੂੰ ਉਸ ਦੇ ਪਤੀ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਔਰਤ ਦੀ ਭੂਮਿਕਾ ਹੋਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਔਰਤ ਨੇ ਦੇਰ ਰਾਤ ਤਕ ਮੰਡੀ ਦੇ ਬਾਹਰ ਘੁੰਮਣ ਦੀ ਗੱਲ ਮੰਨੀ ਪਰ ਉਸ ਨੇ ਚੋਰੀ ਦੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ।


Bharat Thapa

Content Editor

Related News