ਛਠ ਪੂਜਾ ਕਾਰਨ ਨਹਿਰ ''ਚ ਛੱਡਿਆ ਗਿਆ ਪਾਣੀ ਕਿਨਾਰਾ ਤੋੜ ਵੜਿਆ ਖੇਤਾਂ ''ਚ, ਫ਼ਸਲਾਂ ਦਾ ਹੋਇਆ ਨੁਕਸਾਨ
Monday, Nov 20, 2023 - 06:08 PM (IST)
ਫਗਵਾੜਾ (ਜਲੋਟਾ)- ਬੀਤੀ ਰਾਤ ਕਰੀਬ 10 ਵਜੇ ਫਗਵਾੜਾ-ਦੁਸਾਂਝਾ ਨਹਿਰ ਦੇ ਅਚਾਨਕ ਟੁੱਟ ਜਾਣ ਨਾਲ ਇਲਾਕੇ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਛਠ ਪੂਜਾ ਤਿਉਹਾਰ ਕਾਰਨ ਨਹਿਰ ’ਚ ਪਾਣੀ ਛੱਡਿਆ ਗਿਆ ਸੀ ਅਤੇ ਪਾਣੀ ਨੂੰ ਅੱਗੇ ਜਾਣ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਬੋਰੀਆਂ ਦਾ ਬੰਨ੍ਹ ਬਣਾਇਆ ਗਿਆ ਸੀ। ਪਰ ਸ਼ਨੀਵਾਰ ਦੀ ਰਾਤ ਨੂੰ ਨਹਿਰ ਦਾ ਪਾਣੀ ਓਵਰਫਲੋਅ ਹੋ ਗਿਆ ਅਤੇ ਨਹਿਰ ਦਾ ਇਕ ਕਮਜ਼ੋਰ ਕਿਨਾਰਾ ਟੁੱਟ ਗਿਆ, ਜਿਸ ਨਾਲ ਪਾਣੀ ਨੇੜਲੇ ਖੇਤਾਂ ਤੇ ਘਰਾਂ ’ਚ ਵੜ ਗਿਆ ਜਿਸ ਕਾਰਨ ਕਿਸਾਨਾਂ ਦਾ ਤੇ ਘਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਨੇ ਦੱਸਿਆ ਕਿ ਰਾਤ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਪਹੁੰਚੀ ਅਤੇ ਉਨ੍ਹਾਂ ਆਪਣੇ ਤੌਰ ’ਤੇ ਹੀ ਪਾਣੀ ਦੇ ਬਹਾਅ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ- ਵਿਸ਼ਵ ਕੱਪ ਫਾਈਨਲ 'ਚ ਮਿਲੀ ਹਾਰ ਕਾਰਨ ਇਕ ਹੋਰ ਵੱਡਾ ਰਿਕਾਰਡ ਤੋੜਨ ਤੋਂ ਖੁੰਝੀ ਟੀਮ ਇੰਡੀਆ
ਗੱਲਬਾਤ ਕਰਦਿਆਂ ਸੀਨੀਅਰ ਕਿਸਾਨ ਆਗੂ ਸੰਤੋਖ ਸਿੰਘ ਲੱਖਪੁਰ, ਗੁਰਜਿੰਦਰ ਸਿੰਘ ਕੁਲਾਰ, ਸੁਖਬੀਰ ਸਿੰਘ ਕੁਲਾਰ, ਦੀਪਾ ਵਿਰਕ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 11 ਵਜੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਟੁੱਟੇ ਹੋਏ ਨਹਿਰ ਦੇ ਕਿਨਾਰੇ ਦੀ ਮੁਰੰਮਤ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਨਹਿਰ ਟੁੱਟਣ ਨਾਲ ਕਰੀਬ ਵੀਹ ਖੇਤਾਂ ਵਿਚ ਬੀਜੀ ਹੋਈ ਕਣਕ ਦੀ ਫਸਲ ਬਰਬਾਦ ਹੋਈ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਕਿਉਂਕਿ ਇਹ ਘਟਨਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੋਈ ਹੈ। ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਨਹਿਰ ਵਿਚ ਪਾਣੀ ਛੱਡਣ ਤੋਂ ਪਹਿਲਾਂ ਜਾਇਜ਼ਾ ਲੈ ਕੇ ਨਹਿਰ ਦੀ ਚੰਗੀ ਤਰ੍ਹਾਂ ਸਫਾਈ ਕਰਵਾਈ ਜਾਂਦੀ ਪਰ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਹੋਏ ਨੁਕਸਾਨ ਦੀ ਜਲਦੀ ਭਰਪਾਈ ਨਾ ਹੋਈ ਤਾਂ ਅੰਦੋਲਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਸਮੱਗਲਰਾਂ ਨੇ ਬਦਲੇ ਤਸਕਰੀ ਦੇ ਤਰੀਕੇ, ਛੋਟੇ ਡ੍ਰੋਨਸ ਦਾ ਕਰਨ ਲੱਗੇ ਇਸਤੇਮਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8