ਜਦੋਂ ਆਪਣੇ ਵਿਆਹ ’ਚ ਨਵ ਵਿਆਹੇ ਜੋੜੇ ਨੇ ਖ਼ੁਦ ਸ਼ਬਦ ਗਾਇਨ ਕੀਤਾ
Friday, Jan 10, 2025 - 09:45 PM (IST)
ਲੋਹੀਆਂ, (ਸੱਦੀ, ਮਨਜੀਤ)- ਆਪਣੇ ਖ਼ੁਦ ਦੇ ਵਿਆਹ ’ਚ ਜਿੱਥੇ ਦੁਲਹਾ-ਦੁਲਹਨ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀਆਂ ਵਿਉਂਤਾਂ ਬਣਾਉਂਦੇ ਹਨ ਤੇ ਆਏ ਮਹਿਮਾਨਾਂ ਦਾ ਸਵਾਗਤ ਕਰਨ ’ਚ ਮਸ਼ਰੂਫ ਰਹਿੰਦੇ ਹਨ ਉੱਥੇ ਹੀ ਕੁਝ ਇਨਸਾਨ ਅਜਿਹੇ ਵੀ ਹਨ, ਜੋ ਆਪਣੀ ਖੁਸ਼ੀ ਦੇ ਮੌਕੇ ’ਤੇ ਵੀ ਪ੍ਰਮਾਤਮਾ-ਵਾਹਿਗੁਰੂ ਨੂੰ ਨਹੀਂ ਭੁੱਲਦੇ ਤੇ ਹਮੇਸ਼ਾ ਯਾਦ ਰੱਖਦੇ ਹਨ।
ਇਸ ਦੀ ਉਦਾਹਰਣ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਬੀਤੇ ਦਿਨ ਇੱਥੋਂ ਦੇ ਨੇੜਲੇ ਪਿੰਡ ਮਾਣਕ ਦੇ ਵਸਨੀਕ ਬਰਜਿੰਦਰ ਸਿੰਘ ਢਿੱਲੋਂ ਦਸਤਾਰ ਕੋਚ ਦਾ ਆਨੰਦ ਕਾਰਜ ਬੀਬੀ ਰਾਜਵਿੰਦਰ ਕੌਰ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਨਡਾਲਾ ਵਿਖੇ ਪੂਰਨ ਗੁਰ ਸਿੱਖ ਮਰਿਆਦਾ ਨਾਲ ਹੋਇਆ। ਇਸ ਮੌਕੇ ਆਨੰਦ ਕਾਰਜ ਉਪਰੰਤ ਨਵ-ਵਿਆਹੀ ਜੋੜੀ ਬਰਜਿੰਦਰ ਸਿੰਘ ਢਿੱਲੋਂ ਕੋਚ ਤੇ ਉਨ੍ਹਾਂ ਦੀ ਸ਼ਰੀਕੇ ਹਯਾਤ ਰਾਜਵਿੰਦਰ ਕੌਰ ਨੇ ਖ਼ੁਦ ਸ਼ਬਦ ਗਾਇਨ ਕਰ ਕੇ ਵਿਆਹ ’ਚ ਹਾਜ਼ਰ ਸਮੂਹ ਪਰਿਵਾਰਾਂ ਨੂੰ ਬਾਣੀ ਨਾਲ ਜੋੜਿਆ।
ਇਸ ਮੌਕੇ ਨਵ-ਵਿਆਹੇ ਜੋੜੇ ਨੇ ਜਿੱਥੇ ਸ਼ਬਦ ਗਾਇਨ ਕਰ ਕੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲਿਆ ਉੱਥੇ ਹੀ ਹਾਜ਼ਰ ਸ਼ਖਸੀਅਤਾਂ ਤੇ ਸਾਰੇ ਬਰਾਤੀਆਂ ਦੀਆਂ ਵਧਾਈਆਂ ਕਬੂਲ ਕਰਦੇ ਹੋਏ ਅਸ਼ੀਰਵਾਦ ਪ੍ਰਾਪਤ ਕੀਤਾ, ਜਿਸ ਦੀ ਇਲਾਕੇ ’ਚ ਭਾਰੀ ਪ੍ਰਸ਼ੰਸਾ ਵੀ ਹੋ ਰਹੀ ਹੈ।