ਜੀ. ਐੱਸ. ਟੀ. ਮੋਬਾਇਲ ਵਿੰਗ ਨੇ ਫੜਿਆ ਕਰੀਬ ਸਵਾ 3 ਕਰੋੜ ਰੁਪਏ ਕੀਮਤ ਦਾ 11 ਕਿਲੋ ਸੋਨਾ

01/13/2019 7:42:00 AM

ਜਲੰਧਰ,    (ਬੁਲੰਦ)-  ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਵਲੋਂ ਟੈਕਸ ਚੋਰਾਂ ’ਤੇ  ਸ਼ਿਕੰਜਾ ਕੱਸਣ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਇਸ ਸਿਲਸਿਲੇ ਵਿਚ ਅੱਜ ਵਿਭਾਗ ਦੇ  ਜੁਆਇੰਟ ਡਾਇਰੈਕਟਰ ਬੀ. ਕੇ. ਵਿਰਦੀ ਦੇ ਹੁਕਮਾਂ ’ਤੇ ਵਿਭਾਗ ਦੀ ਇਕ ਟੀਮ ਨੇ ਐੱਸ. ਟੀ.  ਓ. ਪਵਨ ਅਤੇ ਦਵਿੰਦਰ ਪੰਨੂ ਦੀ ਅਗਵਾਈ ਵਿਚ ਅੰਮ੍ਰਿਤਸਰ ਦੇ ਏਅਰਪੋਰਟ  ’ਤੇ ਇੰਡੀਗੋ  ਫਲਾਈਟ ਦੇ ਕਾਰਗੋ  ਰਾਹੀਂ  ਮੁੰਬਈ ਤੋਂ ਲਿਆਂਦੇ ਗਏ 11 ਕਿਲੋ ਸੋਨੇ ਦੇ 2 ਪਾਰਸਲ ਜ਼ਬਤ ਕੀਤੇ  ਹਨ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬੀ. ਕੇ. ਵਿਰਦੀ ਨੇ ਦੱਸਿਆ ਕਿ ਗੁਪਤ ਸੂਚਨਾ  ਮਿਲੀ ਸੀ ਕਿ ਮੁੰਬਈ ਤੋਂ 2 ਪਾਰਸਲਾਂ ਵਿਚ ਸੋਨਾ ਆ ਰਿਹਾ ਹੈ, ਜਿਸ ਤੋਂ ਬਾਅਦ ਅਧਿਕਾਰੀਆਂ  ਦੀ ਟੀਮ ਅੰਮ੍ਰਿਤਸਰ ਤਾਇਨਾਤ ਕੀਤੀ ਗਈ ਅਤੇ ਇਨ੍ਹਾਂ ਪਾਰਸਲਾਂ ਨੂੰ ਜ਼ਬਤ ਕੀਤਾ ਗਿਆ। ਇਹ  ਪਾਰਸਲ 2 ਕੋਰੀਅਰ ਬੁਆਏਜ਼ ਵਲੋਂ ਲਿਆਂਦੇ ਜਾ ਰਹੇ ਸਨ। ਉਨ੍ਹਾਂ ਕੋਲੋਂ ਪੁੱਛਗਿੱਛ ਵਿਚ  ਪਤਾ ਲੱਗਾ ਕਿ ਇਹ ਅੰਮ੍ਰਿਤਸਰ ਵਿਚ ਹੀ ਕਿਤੇ ਪਹੁੰਚਾਏ ਜਾਣੇ ਸਨ। ਵਿਰਦੀ ਨੇ ਦੱਸਿਆ ਕਿ  ਇਨ੍ਹਾਂ ਦੋਵਾਂ ਪਾਰਸਲਾਂ ਦੇ ਏਅਰਪੋਰਟ ਤੋਂ ਮਿਲੇ ਕਾਗਜ਼ਾਤ ਅਨੁਸਾਰ ਇਨ੍ਹਾਂ ਵਿਚ 11  ਕਿਲੋ ਸੋਨੇ ਦੇ ਗਹਿਣੇ ਹਨ, ਜਿਨ੍ਹਾਂ ਦੀ ਮਾਰਕੀਟ ਵੈਲਿਊ ਕਰੀਬ ਸਵਾ 3 ਕਰੋੜ ਰੁਪਏ ਹੈ।  ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਇਨ੍ਹਾਂ ਦੋਵਾਂ ਪਾਰਸਲਾਂ ਨੂੰ ਵੈਲਿਊਏਟਰਾਂ ਦੇ  ਸਾਹਮਣੇ ਖੋਲ੍ਹ ਕੇ ਇਨ੍ਹਾਂ ਦੀ ਸਹੀ ਵੈਲਿਊ ਦਾ ਪਤਾ ਲਾਇਆ ਜਾਵੇਗਾ ਅਤੇ ਅਗਲੀ ਕਾਰਵਾਈ  ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਏ. ਐੱਸ.  ਆਈ.  ਬਲਵਿੰਦਰ ਸਿੰਘ ਅਤੇ ਕਾ. ਰਮੇਸ਼ ਚੰਦਰ ਵੀ ਮੌਜੂਦ ਸਨ।


Related News