ਹਾਲ-ਏ-ਸਿਵਲ ਹਸਪਤਾਲ : ਰਾਤ ਵੇਲੇ ਲੈਬਾਰੇਟਰੀ ਸਟਾਫ਼ ਨਹੀਂ ਖੋਲ੍ਹਦਾ ਦਰਵਾਜ਼ਾ

Sunday, Feb 25, 2024 - 05:22 PM (IST)

ਜਲੰਧਰ (ਸ਼ੋਰੀ)- ਪੰਜਾਬ ਸਰਕਾਰ ਗਰਭਵਤੀ ਔਰਤਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ’ਚ ਜਣੇਪਾ ਮੌਤ ਦਰ (ਐੱਮ. ਐੱਮ. ਆਰ.) ਨੂੰ ਘੱਟ ਕੀਤਾ ਜਾ ਸਕੇ ਪਰ ਕੁਝ ਲਾਪ੍ਰਵਾਹ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਕਾਰਨ ਸਰਕਾਰ ਦੀਆਂ ਇਹ ਯੋਜਨਾਵਾਂ ਲਾਗੂ ਨਹੀਂ ਹੋ ਰਹੀਆਂ। ਇਸੇ ਤਰ੍ਹਾਂ ਦੀ ਇਕ ਮਿਸਾਲ ਸਿਵਲ ਹਸਪਤਾਲ ਦੀ ਲੈਬਾਰੇਟਰੀ ’ਚ ਤਾਇਨਾਤ ਇਕ ਟੈਕਨੀਸ਼ੀਅਨ ਨੇ ਰਾਤ ਦੀ ਡਿਊਟੀ ਸਮੇਂ ਦਿੱਤੀ, ਜਿਸ ਦੀ ਚਰਚਾ ਪੂਰੇ ਸਿਵਲ ਹਸਪਤਾਲ ’ਚ ਸੁਣਨ ਨੂੰ ਮਿਲ ਰਹੀ ਹੈ।

ਜਾਣਕਾਰੀ ਅਨੁਸਾਰ ਇਕ ਗਰਭਵਤੀ ਔਰਤ ਦਾ ਪਤੀ ਉਸ ਨੂੰ ਡਿਲਿਵਰੀ ਲਈ ਸਿਵਲ ਹਸਪਤਾਲ ਲੈ ਕੇ ਆਇਆ ਤਾਂ ਔਰਤ ਨੂੰ ਜੱਚਾ-ਬੱਚਾ ਹਸਪਤਾਲ ਦਾਖ਼ਲ ਕਰਵਾਇਆ। ਜਣੇਪੇ ’ਚ ਤੇਜ਼ੀ ਆਉਣ ਕਾਰਨ ਸਟਾਫ਼ ਨੇ ਗਰਭਵਤੀ ਔਰਤ ਦੇ ਖ਼ੂਨ ਦੇ ਨਮੂਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਤਾਂ ਜੋ ਉਸ ਦੀ ਜਣੇਪੇ ਤੋਂ ਪਹਿਲਾਂ ਟੈਸਟ ਦੀ ਰਿਪੋਰਟ ਆ ਸਕੇ। ਛੋਟਾ ਸਈਪੁਰ ਦੇ ਵਸਨੀਕ ਨੇ 22 ਤਰੀਕ ਨੂੰ ਦੁਪਹਿਰ 12 ਵਜੇ ਦੇ ਕਰੀਬ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਲੈਬਾਰਟਰੀ ’ਚ ਖੂਨ ਦਾ ਸੈਂਪਲ ਦਿੱਤਾ ਤਾਂ ਜਾਂਚ ਅਮਲੇ ਨੇ ਉਸ ਨੂੰ ਕੁਝ ਘੰਟਿਆਂ ਬਾਅਦ ਆਉਣ ਲਈ ਕਿਹਾ।

ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, ਆਦਮਪੁਰ ਹਵਾਈ ਅੱਡੇ ਤੋਂ ਇਸ ਤਾਰੀਖ਼ ਤੋਂ ਹੋਣਗੀਆਂ ਸ਼ੁਰੂ ਨਾਗਰਿਕ ਉਡਾਣਾਂ

ਜਿਵੇਂ ਹੀ ਪੀੜਤ 2 ਵਜੇ ਤੋਂ ਬਾਅਦ ਖ਼ੂਨ ਦੀ ਜਾਂਚ ਦੀ ਰਿਪੋਰਟ ਲੈਣ ਲਈ ਗਿਆ ਤਾਂ ਉਸ ਨੇ ਲੈਬਾਰੇਟਰੀ ਦਾ ਦਰਵਾਜ਼ਾ ਬੰਦ ਹੋਣ ਕਾਰਨ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਕਾਫ਼ੀ ਦੇਰ ਉਡੀਕ ਕਰਨ ਤੋਂ ਬਾਅਦ ਉਹ ਐਮਰਜੈਂਸੀ ਵਾਰਡ ’ਚ ਪਹੁੰਚ ਗਿਆ, ਜਿੱਥੇ ਡਿਊਟੀ ’ਤੇ ਮੌਜੂਦ ਡਾਕਟਰ ਨੇ ਸਾਰੀ ਗੱਲ ਸੁਣੀ ਤੇ ਸੁਰੱਖਿਆ ਅਮਲੇ ਨੂੰ ਲੈਬਾਰੇਟਰੀ ਦੇ ਬਾਹਰ ਪੀੜਤ ਦੀ ਮਦਦ ਲਈ ਲੈ ਗਏ। ਬੜੀ ਮੁਸ਼ਕਲ ਨਾਲ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਪਤਾ ਲੱਗਾ ਕਿ ਕਰਮਚਾਰੀ ਕੰਮ ਵਾਲੀ ਥਾਂ ’ਤੇ ਸੌਂ ਰਿਹਾ ਸੀ।

ਡਾਕਟਰ ਨੇ ਸੁਰੱਖਿਆ ਕਰਮਚਾਰੀ ਦੀ ਮਦਦ ਨਾਲ ਖੁਲ੍ਹਵਾਇਆ ਲੈਬਾਰਟਰੀ ਦਾ ਦਰਵਾਜ਼ਾ
ਉੱਥੇ ਹੀ ਇਸ ਤੋਂ ਨਾਰਾਜ਼ ਹੋ ਕੇ ਡਾਕਟਰ ਨੇ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਖ਼ਿਲਾਫ਼ ਵਟਸਐਪ ਗਰੁੱਪ ’ਚ ਸ਼ਿਕਾਇਤ ਵੀ ਕੀਤੀ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਰਾਤ 3.30 ਵਜੇ ਤੋਂ ਬਾਅਦ ਗਰਭਵਤੀ ਔਰਤ ਦੇ ਰਿਸ਼ਤੇਦਾਰ ਐਮਰਜੈਂਸੀ ਵਾਰਡ ’ਚ ਆਏ ਤੇ ਕਿਹਾ ਕਿ ਲੈਬਾਰੇਟਰੀ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਜਾ ਰਿਹਾ, ਜਿਸ ਤੋਂ ਬਾਅਦ ਉਸ ਨੇ ਸੁਰੱਖਿਆ ਕਰਮਚਾਰੀਆਂ ਨਾਲ ਲੈਬਾਰੇਟਰੀ ਦਾ ਦਰਵਾਜ਼ਾ ਖੜਕਾਇਆ, ਜਿਸ ਤੋਂ ਬਾਅਦ ਡਿਊਟੀ ’ਤੇ ਮੌਜੂਦ ਟੈਕਨੀਸ਼ੀਅਨ ਨੇ ਕਾਫ਼ੀ ਦੇਰ ਬਾਅਦ ਦਰਵਾਜ਼ਾ ਖੋਲ੍ਹਿਆ।

ਉੱਠੀ ਮੰਗ : ਐੱਮ. ਐੱਸ ਡਾ. ਗੀਤਾ ਰਾਤ ਨੂੰ ਵੀ ਹਸਪਤਾਲ ਦੀ ਕਰਨ ਚੈਕਿੰਗ
ਇਸ ਘਟਨਾ ਤੋਂ ਬਾਅਦ ਸਿਵਲ ਹਸਪਤਾਲ ’ਚ ਵਧੀਆ ਕੰਮ ਕਰ ਰਹੇ ਸਟਾਫ਼ ’ਚ ਇਹ ਗੱਲ ਸੁਣਨ ਨੂੰ ਮਿਲੀ ਕਿ ਲੋਕ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ (ਐੱਮ. ਐੱਸ.) ਡਾ. ਗੀਤਾ ਨੂੰ ਵੀ ਰਾਤ ਸਮੇਂ ਅਚਨਚੇਤ ਚੈਕਿੰਗ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਡਾ. ਗੀਤਾ ਨੂੰ ਮੈਡੀਕਲ ਸੁਪਰਡੈਂਟ ਵਜੋਂ ਚਾਰਜ ਸੰਭਾਲੇ ਕਰੀਬ 8 ਮਹੀਨੇ ਹੋ ਗਏ ਹਨ ਪਰ ਉਨ੍ਹਾਂ ਕਦੇ ਵੀ ਰਾਤ ਨੂੰ ਹਸਪਤਾਲ ਦੀ ਜਾਂਚ ਨਹੀਂ ਕੀਤੀ।

ਇਹ ਵੀ ਪੜ੍ਹੋ: ਪਠਾਨਕੋਟ 'ਚ ਵਪਾਰੀਆਂ ਨਾਲ CM ਭਗਵੰਤ ਮਾਨ ਦਾ ਸੰਵਾਦ, ਸੰਨੀ ਦਿਓਲ 'ਤੇ ਸਾਧੇ ਤਿੱਖੇ ਨਿਸ਼ਾਨੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News