ਪੰਜਾਬ ਸਰਕਾਰ ਦੀ ‘ਫਰਿਸ਼ਤੇ ਸਕੀਮ’, ਜ਼ਖਮੀ ਨੂੰ ਹਸਪਤਾਲ ਲਿਆਓ  2000 ਦਾ ਇਨਾਮ ਪਾਓ

Wednesday, Dec 18, 2024 - 05:16 PM (IST)

ਪੰਜਾਬ ਸਰਕਾਰ ਦੀ ‘ਫਰਿਸ਼ਤੇ ਸਕੀਮ’, ਜ਼ਖਮੀ ਨੂੰ ਹਸਪਤਾਲ ਲਿਆਓ  2000 ਦਾ ਇਨਾਮ ਪਾਓ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੜਕ ਹਾਦਸਾ ਪੀੜਤਾਂ ਨੂੰ ਨਿਰਵਿਘਨ ਇਲਾਜ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ‘ਫਰਿਸ਼ਤੇ ਸਕੀਮ’ ਕੀਮਤੀ ਜਾਨਾਂ ਬਚਾਉਣ ਲਈ ਵਰਦਾਨ ਸਾਬਤ ਹੋ ਰਹੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.)  ਅਨੁਸਾਰ, ਭਾਰਤ ਵਿਚ ਹਰ ਰੋਜ਼ ਲਗਭਗ 1,400 ਸੜਕੀ ਹਾਦਸੇ ਅਤੇ 400 ਮੌਤਾਂ ਹੁੰਦੀਆਂ ਹਨ। ਜਦਕਿ ਇਕੱਲੇ ਪੰਜਾਬ ਵਿਚ ਹਰ ਸਾਲ ਲਗਭਗ 5,000 ਮੌਤਾਂ ਸੜਕੀ ਦੁਰਘਟਨਾਵਾਂ ਕਾਰਨ ਹੁੰਦੀਆਂ ਹਨ। ਫਰਿਸ਼ਤੇ ਸਕੀਮ ਦਾ ਉਦੇਸ਼ ਦੁਰਘਟਨਾ ਪੀੜਤਾਂ ਨੂੰ ਬਿਨਾਂ ਕਿਸੇ ਨਿਸ਼ਚਤ ਰਾਸ਼ੀ (ਕੈਪਿੰਗ ਅਮਾਊਂਟ) ਤੋਂ ਵਿਆਪਕ ਇਲਾਜ ਪ੍ਰਦਾਨ ਕਰਕੇ ਇਸ ਗੰਭੀਰ ਮੁੱਦੇ ਨੂੰ ਹੱਲ ਕਰਨਾ ਹੈ। ਸੂਬੇ ਦੀ ਇਹ ਮਹੱਤਵਪੂਰਨ ਸਕੀਮ, ਜਿਸਦਾ ਉਦੇਸ਼ ਸੜਕ ਕੰਢੇ ਹਾਦਸਿਆਂ ਵਿਚ ਸੱਟ ਲੱਗ ਜਾਣ ਕਾਰਨ ਹੋਣ ਵਾਲੀ ਮੌਤ ਦੀ ਫੀਸਦ ਨੂੰ ਘਟਾਉਣਾ ਹੈ ਅਤੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਤੁਰੰਤ, ਨਿਰਵਿਘਨ ਇਲਾਜ ਮੁਹੱਈਆ ਕਰਵਾਉਣਾ ਹੈ, ਨੂੰ 25 ਜਨਵਰੀ, 2024 ਨੂੰ ਨੋਟੀਫਾਈ ਕੀਤਾ ਗਿਆ ਸੀ। ਇਹ ਸਕੀਮ ਪੰਜਾਬ ਰਾਜ ਦੇ ਖੇਤਰ ਵਿਚ ਵਾਪਰੇ ਸਾਰੇ ਸੜਕ ਹਾਦਸਾ ਪੀੜਤਾਂ ਲਈ ਬਿਨਾਂ ਕਿਸੇ ਸ਼ਰਤ ਜਾਂ ਪੀੜਤਾਂ ਦੀ ਜਾਤ, ਧਰਮ, ਕੌਮੀਅਤ ਅਤੇ ਜਨਮ ਸਥਾਨ ਨੂੰ ਵਿਚਾਰੇ ਬਿਨਾਂ ਲਾਗੂ ਹੁੰਦੀ ਹੈ ਅਤੇ ਇਸ ਰਾਹੀਂ ਦੁਰਘਟਨਾ ਪੀੜਤਾਂ ਨੂੰ ਬਿਨਾਂ ਕਿਸੇ ਕੈਪਿੰਗ ਦੇ ਵਿਆਪਕ ਇਲਾਜ ਪ੍ਰਦਾਨ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਕਾਰਜਕਾਰੀ ਅਫਸਰ (ਸੀ.ਈ.ਓ.) ਸਟੇਟ ਹੈਲਥ ਏਜੰਸੀ (ਐੱਸ.ਐੱਚ.ਏ.) ਪੰਜਾਬ ਬਬੀਤਾ ਨੇ ਦੱਸਿਆ ਕਿ ਆਮ ਲੋਕਾਂ ਨੂੰ ਅੱਗੇ ਆਉਣ ਅਤੇ ਦੁਰਘਟਨਾ ਪੀੜਤਾਂ ਦੀ ਮਦਦ ਕਰਨ ਅਤੇ ਪੀੜਤਾਂ ਦੀ ਜਾਨ ਬਚਾਉਣ ਲਈ ਉਤਸ਼ਾਹਿਤ ਕਰਨ ਹਿੱਤ ਅਜਿਹੇ ‘ਫਰਿਸ਼ਤੇ’ ਨੂੰ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਪੇਚੀਦਗੀਆਂ ਅਤੇ ਪੁਲਸ ਪੁੱਛਗਿੱਛ ਤੋਂ ਵੀ ਛੋਟ ਦਿੱਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਸਵੈ-ਇੱਛਾ ਨਾਲ ਦੁਰਘਟਨਾ ਪੀੜਤਾਂ ਦੀ ਜਾਨ ਬਚਾਉਣ ਵਿਚ ਸਹਾਇਤਾ ਕਰਦਾ ਹੈ, ਨੂੰ ‘ਫਰਿਸ਼ਤਾ’ ਮੰਨਿਆ ਜਾਵੇਗਾ ਅਤੇ ਉਸ ਨੂੰ ਪ੍ਰਸ਼ੰਸਾ ਪੱਤਰ ਅਤੇ 2000 ਰੁਪਏ ਦੀ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਸੀ.ਈ.ਓ. ਨੇ ਕਿਹਾ ਕਿ ਸ਼ੁਰੂਆਤ ਤੋਂ ਲੈ ਕੇ ਇਸ ਸਕੀਮ ਨੇ ਸੜਕ ਹਾਦਸਿਆਂ ਦੇ ਨਤੀਜੇ ਵਜੋਂ ਹੁੰਦੀਆਂ ਮੌਤਾਂ ਦੀ ਦਰ ਨੂੰ ਘਟਾਉਣ ਵਿਚ ਆਪਣੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੇ ਹੋਏ, ਲਗਭਗ 223 ਦੁਰਘਟਨਾ ਪੀੜਤਾਂ ਨੂੰ ਮੁਫਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ, 66 ‘‘ਫਰਿਸ਼ਤੇ’’ ਰਾਜ ਸਿਹਤ ਏਜੰਸੀ  ਪੰਜਾਬ ਨਾਲ ਰਜਿਸਟਰ ਹੋਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ 26 ਤਾਰੀਖ਼ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ 16 ਫਰਿਸ਼ਤਿਆਂ ਦੇ ਨਿਰਸਵਾਰਥ ਯਤਨਾਂ ਨੂੰ ਮਾਨਤਾ ਦਿੰਦੇ ਹੋਏ 15 ਅਗਸਤ, 2024 ਨੂੰ ਉਨ੍ਹਾਂ ਨੂੰ ਪ੍ਰਤੀ ਪੀੜਤ 2000 ਰੁਪਏ ਦਾ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਦੇ ਕੇ ‘‘ਫਰਿਸ਼ਤੇ ਐਵਾਰਡ’’ ਨਾਲ ਸਨਮਾਨਿਤ ਕੀਤਾ  ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਕੀ ਫਰਿਸ਼ਤਿਆਂ ਨੂੰ ਵੀ  ਉਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਫਰਿਸ਼ਤੇ ਸਕੀਮ ਦੇ ਤਹਿਤ, 494 ਹਸਪਤਾਲਾਂ, ਜਿਨ੍ਹਾਂ ਵਿਚ 90 ਟਰਸ਼ਰੀ ਦੇਖਭਾਲ ਵਾਲੇ ਹਸਪਤਾਲ ਸ਼ਾਮਲ ਹਨ, ਨੂੰ ਖਾਸ ਤੌਰ ’ਤੇ ਰਾਸ਼ਟਰੀ ਅਤੇ ਰਾਜ ਮਾਰਗ/ਸੜਕਾਂ ਦੇ 30 ਕਿਲੋਮੀਟਰ ਦੇ ਹਿੱਸੇ ਨੂੰ ਕਵਰ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ ਤਾਂ ਜੋ ਗੰਭੀਰ ਸਮੇਂ ਦੌਰਾਨ ਇਲਾਜ ਨੂੰ ਯਕੀਨੀ ਬਣਾਇਆ ਜਾ ਸਕੇ। ਬਬੀਤਾ ਨੇ ਕਿਹਾ ਕਿ ਇਹ ਹਸਪਤਾਲ ਮੈਪਲ ਐਪਲੀਕੇਸ਼ਨ (ਇਕ ਮੋਬਾਈਲ ਐਪ) ਨਾਲ ਜੁੜੇ ਹਨ, ਜੋ ਕਿ ਲੋਕਾਂ ਨੂੰ ਨੇੜਲੇ ਸੂਚੀਬੱਧ ਹਸਪਤਾਲ ਵਿਚ ਦੀ ਸੁਖਾਲੇ ਢੰਗ ਨਾਲ ਭਾਲ ਕਰਨ ਵਿੱਚ ਮਦਦ ਕਰਦੀ ਹੈ। 

ਇਹ ਵੀ ਪੜ੍ਹੋ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਪੰਜਾਬ 'ਚ ਛੁੱਟੀ...

ਇਹ ਸਕੀਮ ਐਮਰਜੈਂਸੀ ਹੈਲਪਲਾਈਨਾਂ 108, 1033, ਅਤੇ 112 ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਨਾਲ ਵੀ ਜੁੜੀ ਹੋਈ ਹੈ, ਜਿਸ ਤਹਿਤ ਆਈ.ਟੀ. ਪ੍ਰਣਾਲੀਆਂ ਰਾਹੀਂ 30 ਕਿਲੋਮੀਟਰ ਦੇ ਘੇਰੇ ਵਿਚ ਪੈਂਦੇ ਨੇੜਲੇ ਹਸਪਤਾਲਾਂ ਦਾ ਪਤਾ ਲਗਾਉਣ ਅਤੇ ਸਮਾਂ ਰਹਿੰਦਿਆਂ ਪੀੜਤ ਨੂੰ ਹਸਪਤਾਲ ਪਹੁੰਚਾਉਣ ਦੀ ਸਹੂਲਤ ਉਪਲੱਬਧ ਹੈ। ਉਨ੍ਹਾਂ ਕਿਹਾ ਕਿ 108 ਐਂਬੂਲੈਂਸ ਦੇ ਸਟਾਫ ਨੂੰ ਦੁਰਘਟਨਾ ਦੇ ਪੀੜਤਾਂ ਨੂੰ ਨਜ਼ਦੀਕੀ ਹਸਪਤਾਲਾਂ ਤੱਕ ਪਹੁੰਚਾਉਣ ਅਤੇ ਪ੍ਰਬੰਧਨ ਲਈ ਸਿਖਲਾਈ ਦਿੱਤੀ ਗਈ ਹੈ। ਸੀ.ਈ.ਓ. ਨੇ ਕਿਹਾ ਕਿ ਜੇਕਰ ਕੋਈ ਸੂਚੀਬੱਧ ਹਸਪਤਾਲ ਭੁਗਤਾਨ ਦੀ ਮੰਗ ਕਰਦਾ ਹੈ ਤਾਂ ਲਾਭਪਾਤਰੀ ਐੱਸਐੱਚਏ ਪੰਜਾਬ ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਜਾਂ 104 ਮੈਡੀਕਲ ਹੈਲਪਲਾਈਨ ’ਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ  ਸਕਦੀ ਹੈ।

ਇਹ ਵੀ ਪੜ੍ਹੋ : ਲੋਕਾਂ ਲਈ ਖ਼ਤਰੇ ਦੀ ਘੰਟੀ, ਕੜਾਕੇ ਦੀ ਠੰਡ ਦਰਮਿਆਨ ਖੜ੍ਹੀ ਹੋਈ ਇਹ ਵੱਡੀ ਮੁਸੀਬਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News