ਟਿੱਪਰ ਪਲਟਣ ਨਾਲ ਲੱਗੀ ਅੱਗ ਡਰਾਈਵਰ ਅਤੇ ਕੰਡਕਟਰ ਦੀਆਂ ਬਾਂਹਾਂ ਝੁਲਸੀਆਂ
Monday, Jun 17, 2019 - 05:24 AM (IST)

ਮੁਕੇਰੀਆਂ, (ਬਲਬੀਰ)- ਮੁਕੇਰੀਆਂ ਤੋਂ 1 ਕਿਲੋਮੀਟਰ ਦੂਰ ਜੀ. ਟੀ. ਰੋਡ ’ਤੇ ਓਹਰੀ ਮਾਰਬਲ ਨੇੜੇ ਬੀਤੀ ਰਾਤ ਇਕ ਟਿੱਪਰ ਦੇ ਪਲਟਣ ਨਾਲ ਲੱਗੀ ਅੱਗ ਕਾਰਨ ਡਰਾਈਵਰ ਅਤੇ ਕੰਡਕਟਰ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਜ਼ੇਰੇ ਇਲਾਜ ਟਿੱਪਰ ਦੇ ਡਰਾਈਵਰ ਰਫੀ ਪੁੱਤਰ ਗੁਲਾਮ ਹੁਸੈਨ ਵਾਸੀ ਮਾਮੂਨ ਕੈਂਟ ਅਤੇ ਕੰਡਕਟਰ ਯਾਕੂਬ ਵਾਸੀ ਨਲੂਆ (ਮੀਰਥਲ) ਨੇ ਦੱਸਿਆ ਕਿ ਰਾਤ ਦੇ ਕਰੀਬ 12 ਵਜੇ ਉਹ ਆਪਣਾ ਟਿੱਪਰ (ਪੀ ਬੀ 06 ਐੱਸ-2429) ਰੇਤਾ ਨਾਲ ਭਰ ਕੇ ਮੀਰਥਲ ਤੋਂ ਲੁਧਿਆਣਾ ਵੱਲ ਜਾ ਰਹੇ ਸਨ। ਜਦੋਂ ਉਹ ਉਕਤ ਘਟਨਾ ਵਾਲੀ ਥਾਂ Ý’ਤੇ ਪਹੁੰਚੇ ਤਾਂ ਅਚਾਨਕ ਟਿੱਪਰ ਦਾ ਟਾਇਰ ਫਟ ਗਿਆ ਅਤੇ ਉਹ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਿਆ। ਪਲਟਣ ਸਾਰ ਟਿੱਪਰ ਨੂੰ ਅੱਗ ਲੱਗ ਗਈ। ਜਿੰਨੀ ਦੇਰ ਨੂੰ ਉਹ ਟਿੱਪਰ ’ਚੋਂ ਬਾਹਰ ਨਿਕਲੇ ਓਨੀ ਦੇਰ ਨੂੰ ਉਨ੍ਹਾਂ ਦੀਆਂ ਬਾਂਹਾਂ ਅਤੇ ਬਾਕੀ ਸਰੀਰ ਬੁਰੀ ਤਰ੍ਹਾਂ ਝੁਲਸ ਗਏ। ਪੁਲਸ ਨੇ ਕੇਸ ਦਰਜ ਕਰ ਲਿਆ ਹੈ।