ਦੋਸ਼ੀ ਏਜੰਟ ਔਰਤ ਨੇ ਪਤੀ ਨੂੰ ਬਚਾਉਣ ਲਈ ਲੋਕਲ ਪ੍ਰਧਾਨ ਨਾਲ ਮਿਲ ਕੇ ਪੀੜਤਾ ਖਿਲਾਫ ਦਿੱਤੀ ਝੂਠੀ ਸ਼ਿਕਾਇਤ

01/14/2019 6:45:10 AM

ਜਲੰਧਰ,   (ਮ੍ਰਿਦੁਲ)-  ਕੈਨੇਡਾ  ਭੇਜਣ ਦੇ ਨਾਂ ’ਤੇ 12 ਲੱਖ ਰੁਪਏ ਠੱਗਣ ਦੇ ਮਾਮਲੇ ’ਚ ਹੁਣ ਨਵਾਂ ਮੋੜ ਆ ਗਿਆ ਹੈ। ਇਸ ਵਾਰ ਤਾਂ ਇਕ ਟ੍ਰੈਵਲ ਏਜੰਟ ਜੋੜੇ ਨੇ ਇਕ ਨਵਾਂ ਹੀ ਤਰੀਕਾ ਅਪਣਾ ਲਿਆ ਹੈ ਤਾਂ ਕਿ ਪੀੜਤਾਂ ਨਾਲ ਉਨ੍ਹਾਂ ਦਾ ਰਾਜ਼ੀਨਾਮਾ ਹੋ ਸਕੇ। ਦੋਸ਼ੀ ਟ੍ਰੈਵਲ ਏਜੰਟ ਸਤਨਾਮ ਰਾਮ ਦੀ ਪਤਨੀ ਨੇ ਇਕ ਲੋਕਲ ਪ੍ਰਧਾਨ ਦੀ ਮਦਦ ਨਾਲ ਕੇਸ ’ਚ ਪੀੜਤਾ ਭੁਪਿੰਦਰ ਕੌਰ ਖਿਲਾਫ ਐੱਸ. ਐੱਸ. ਪੀ. ਨਵਜੋਤ  ਸਿੰਘ ਮਾਹਲ ਨੂੰ ਝੂਠੀ ਸ਼ਿਕਾਇਤ ਦੇ ਕੇ ਪੀੜਤਾ ਨੂੰ ਹੀ ਟ੍ਰਵੈਲ ਏਜੰਟ ਬਣਾ ਦਿੱਤਾ ਹੈ, ਜਿਸ ਦੀ ਜਾਂਚ ਫਿਲਹਾਲ ਐੱਸ. ਐੱਸ. ਪੀ. ਦਫਤਰ ’ਚ ਵਿਚਾਰ ਅਧੀਨ ਹੈ। ਇਹ ਝੂਠੀ ਸ਼ਿਕਾਇਤ ਪੁਲਸ ਨੂੰ ਇਸ ਲਈ ਦਿੱਤੀ ਗਈ ਤਾਂ ਕਿ ਦੋਸ਼ੀ ਟ੍ਰੈਵਲ ਏਜੰਟ ਪਤੀ ਨੂੰ ਜੇਲ ਤੋਂ  ਜ਼ਮਾਨਤ ਮਿਲ ਸਕੇ।
ਦਰਸਅਲ ਬੀ. ਡੀ. ਏ. ਇਨਕਲੇਵ ਦੀ ਰਹਿਣ ਵਾਲੀ ਭੁਪਿੰਦਰ  ਕੌਰ ਨੇ ਦੱਸਿਆ ਕਿ ਸਾਲ 2014 ’ਚ ਗਗਨਦੀਪ ਸਿੰਘ ਨੂੰ ਕੈਨੇਡਾ ਭੇਜਣਾ ਸੀ, ਜਿਸ ਨੂੰ ਲੈ ਕੇ ਨਕੋਦਰ ਦੇ ਇਕ ਟ੍ਰੈਵਲ ਏਜੰਟ ਜੋੜੇ ਜੋਤੀ ਅਰੋੜਾ ਅਤੇ ਉਸ ਦੇ ਪਤੀ ਸਤਨਾਮ ਰਾਮ  ਨੇ ਉਨ੍ਹਾਂ ਦੇ ਬੇਟੇ ਗਗਨਦੀਪ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ ਮਲੇਸ਼ੀਆ ਭੇਜ ਕੇ ਬੰਧਕ ਬਣਾ ਲਿਆ।  ਬੇਟੇ ਨੂੰ ਛੱਡਣ ਦੇ ਬਦਲੇ ਦੋਸ਼ੀਆਂ ਨੇ 2 ਲੱਖ ਰੁਪਏ ਲਏ। ਜਦ ਪੀੜਤਾ ਭੁਪਿੰਦਰ ਕੌਰ ਨੇ ਇਸ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਸ ਨੇ ਦੋਸ਼ੀ ਜੋੜੇ ’ਤੇ ਕੇਸ ਦਰਜ ਕੀਤਾ। 
ਹੁਣ ਤਾਜ਼ਾ ਆਲਮ  ਇਹ ਹੈ ਕਿ  ਉਕਤ ਦੋਸ਼ੀਆਂ ਨੇ ਇਕ ਨਵਾਂ ਕਾਰਨਾਮਾ ਕਰ ਦਿੱਤਾ ਹੈ। ਦੋਸ਼ੀ ਪਤਨੀ ਜੋਤੀ ਅਰੋੜਾ ਨੇ ਨਕੋਦਰ ਦੇ ਇਕ ਲੋਕਲ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਜਸਵਿੰਦਰ ਸਿੰਘ ਜੱਸਾ ਨਾਲ ਮਿਲ ਕੇ ਭੁਪਿੰਦਰ ਕੌਰ ਖਿਲਾਫ ਸ਼ਿਕਾਇਤ ਦਿੱਤੀ, ਜਿਸ ’ਚ ਪੀੜਤ ਇਕ ਗੌਤਮ ਪੁੱਤਰ ਰਾਕੇਸ਼ ਕੁਮਾਰ ਵਾਸੀ ਗ੍ਰੀਨ ਐਵੇਨਿਊ ਦੇ ਰੂਪ ’ਚ ਸ਼ਿਕਾਇਤ  ਦਿੱਤੀ ਹੈ,  ਜਿਸ ਤੋਂ ਬਾਅਦ ਜਦ ਪੁਲਸ ਦੇ ਕੋਲ ਇਹ ਸ਼ਿਕਾਇਤ  ਦਿੱਤੀ ਗਈ ਤਾਂ ਹਾਈ ਕੋਰਟ ’ਚ ਦੋਸ਼ੀ ਏਜੰਟ ਜੋਤੀ ਅਰੋੜਾ ਨੇ ਆਪਣੇ ਪਤੀ ਸਤਨਾਮ ਰਾਮ ਨੂੰ ਜ਼ਮਾਨਤ ਦਿਵਾ ਦਿੱਤੀ, ਜਦਕਿ ਹਾਈ ਕੋਰਟ ਦੋਸ਼ੀ ਸਤਨਾਮ ਨੂੰ ਪਿਛਲੇ ਸਾਲ ਤੋਂ ਜ਼ਮਾਨਤ ਨਹੀਂ ਦੇ ਰਹੀ ਸੀ।  ਜਦ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਭੁਪਿੰਦਰ ਕੌਰ  ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਠੱਗੀ ਕੀਤੀ ਗਈ ਹੈ। 
ਕੇਸ ’ਚ ਪੀੜਤ ਗੌਤਮ ਕੁਮਾਰ ਅਸਲ ’ਚ ਸੁਭਾਨਾ ਪਿੰਡ ਦਾ ਰਹਿਣਾ ਵਾਲਾ ਹੈ, ਜੋ ਖੁਦ ਪੁਲਸ ਦੇ ਸਾਹਮਣੇ ਪੇਸ਼ ਹੋਇਆ ਤੇ ਐੱਨ. ਆਰ. ਆਈ. ਭੁਪਿੰਦਰ ਕੌਰ ਨੂੰ  ਅਸਲ  ਕਹਾਣੀ ਦੱਸੀ, ਜਿਸ ’ਚ ਪਤਾ  ਲੱਗਾ ਕਿ ਦੋਸ਼ੀ ਏਜੰਟ  ਜੋਤੀ ਅਰੋੜਾ ਨੇ ਆਪਣੇ ਪਤੀ  ਸਤਨਾਮ ਨੂੰ ਬਚਾਉਣ ਲਈ ਨਕੋਦਰ ਦੇ ਇਕ ਲੋਕਲ ਪ੍ਰਧਾਨ ਅਸ਼ਵਨੀ ਕੁਮਾਰ ਜੋ ਕਿ ਡ੍ਰੀਮ ਬਿਲਡਰ ਦੇ ਨਾਂ ਨਾਲ ਪ੍ਰਾਪਰਟੀ ਡੀਲਰ ਹੈ, ਨਾਲ ਮਿਲ ਕੇ ਸ਼ਿਕਾਇਤ ’ਚ ਪ੍ਰਧਾਨ ਅਸ਼ਵਨੀ ਕੁਮਾਰ ਨੇ  ਗੌਤਮ ਨੂੰ ਪੀੜਤ ਬਣਾਇਆ ਅਤੇ ਸ਼ਿਕਾਇਤ ’ਚ  ਪਤਾ ਅਤੇ ਫੋਨ ਨੰਬਰ ਆਪਣਾ ਹੀ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ। ਉਥੇ  ਦੂਜੇ ਪਾਸੇ ਐੱਨ. ਆਰ. ਆਈ. ਭੁਪਿੰਦਰ ਕੌਰ ਨੇ ਦੱਸਿਆ ਕਿ ਉਕਤ ਦੋਸ਼ੀ ਅੌਰਤ ਜੋਤੀ ਕਾਫੀ ਸ਼ਾਤਿਰ ਹੈ। ਉਸ ਨੇ ਜੇਲ ’ਚ ਬੰਦ ਆਪਣੇ ਪਤੀ ਸਤਨਾਮ ਰਾਮ ਨੂੰ  ਬਚਾਉਣ ਲਈ ਖੁਦ ਆਪਣੇ ਪਤੀ ਨੂੰ ਐਕਸ ਪਾਰਟੀ ਤਲਾਕ ਵੀ ਦੇ ਦਿੱਤਾ ਤਾਂ ਕਿ ਬਾਕੀ ਲੋਕ ਉਸ ਦੇ ਖਿਲਾਫ ਸ਼ਿਕਾਇਤ ਨਾ ਦੇ ਸਕਣ।
 


Related News