ਈ. ਡੀ. ਦੀ ਜਾਂਚ ’ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪੂਰਾ ਭਰੋਸਾ : ਸੁੱਖਾ ਲਾਲੀ

Monday, Dec 09, 2019 - 10:17 AM (IST)

ਈ. ਡੀ. ਦੀ ਜਾਂਚ ’ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪੂਰਾ ਭਰੋਸਾ : ਸੁੱਖਾ ਲਾਲੀ

ਜਲੰਧਰ (ਚੋਪੜਾ)— ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਇਕ ਸੁਤੰਤਰ ਕਾਰਜਭਾਰ ਸੰਸਥਾ ਹੈ ਅਤੇ ਈ. ਡੀ. ਅਧਿਕਾਰੀਆਂ ਨੇ ਹਮੇਸ਼ਾ ਹੀ ਆਪਣੀ ਡਿਊਟੀ ਦਾ ਪਾਲਣ ਕੀਤਾ ਹੈ। ਸੁੱਖਾ ਲਾਲੀ ਨੇ ਕਿਹਾ ਕਿ ਉਨ੍ਹਾਂ ਦੇ ਇੱਟਾਂ ਦੇ ਭੱਠੇ, ਪੈਟਰੋਲ ਪੰਪ ਤੋਂ ਇਲਾਵਾ ਖੇਤੀਬਾੜੀ ਦਾ ਕਾਰੋਬਾਰ ਹੈ, ਸਮੁੱਚਾ ਪਰਿਵਾਰ ਹਮੇਸ਼ਾ ਹੀ ਰਾਜਨੀਤੀ ਦੇ ਨਾਲ-ਨਾਲ ਸਮਾਜ ਸੇਵਾ ਨੂੰ ਸਮਰਪਿਤ ਰਿਹਾ ਹੈ। ਉਹ ਖੁਦ ਵੀ ਛੋਟੀ ਉਮਰ ’ਚ ਹੀ ਰਾਜਨੀਤੀ ’ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕਦੇ ਵੀ ਕਿਸੇ ਸਮਾਜ ਵਿਰੋਧੀ ਕੰਮਾਂ ’ਚ ਸ਼ਾਮਲ ਨਹੀਂ ਰਿਹਾ ਹੈ। ਕਾਂਗਰਸ ਦੇ ਜ਼ਿਲਾ ਪ੍ਰਧਾਨ ਹੋਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ਾ ਸਮੱਗਲਰਾਂ ਖਿਲਾਫ ਛੇੜੀ ਗਈ ਜੰਗ ’ਚ ਉਹ ਸੱਚੇ ਸਿਪਾਹੀ ਦੇ ਤੌਰ ’ਤੇ ਨਸ਼ੇ ਦਾ ਖਾਤਮਾ ਕਰਨ ’ਚ ਜੁਟੇ ਹੋਏ ਹਨ। ਡਰੱਗ ਮਨੀ ਅਤੇ ਹੋਰ ਨਾਜਾਇਜ਼ ਧੰਦਿਆਂ ਨਾਲ ਉਨ੍ਹਾਂ ਦੇ ਪਰਿਵਾਰ ਦਾ ਦੂਰ ਤੱਕ ਦਾ ਵੀ ਕੋਈ ਰਿਸ਼ਤਾ ਨਹੀਂ ਹੈ।

ਈ. ਡੀ. ਨੇ ਜੋ ਛਾਪੇਮਾਰੀ ਕੀਤੀ ਹੈ ਉਹ ਵਿਭਾਗ ਦਾ ਰੁਟੀਨ ਮੁੱਦਾ ਹੈ, ਅਸੀਂ ਵਿਭਾਗੀ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੰਦੇ ਹੋਏ ਉਨ੍ਹਾਂ ਦੇ ਸਾਹਮਣੇ ਸਾਰੀ ਸੱਚਾਈ ਪੇਸ਼ ਕੀਤੀ। ਹਾਲਾਂਕਿ ਈ. ਡੀ. ਅਧਿਕਾਰੀਆਂ ਨੇ ਵੀ ਉਨ੍ਹਾਂ ਨਾਲ ਨਰਮ ਵਿਵਹਾਰ ਕੀਤਾ ਸੀ। ਸੁੱਖਾ ਲਾਲੀ ਨੇ ਕਿਹਾ ਕਿ ਮੇਰੇ ਕਈ ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਕੈਨੇਡਾ ਅਤੇ ਹੋਰ ਦੇਸ਼ਾਂ ’ਚ ਰਹਿੰਦੇ ਹਨ, ਜਿਨ੍ਹਾਂ ਨਾਲ ਮੇਰਾ ਸੰਪਰਕ ਵੀ ਰਹਿੰਦਾ ਹੈ ਪਰ ਅਜਿਹਾ ਕੋਈ ਮਾਮਲਾ ਨਹੀਂ ਹੈ, ਜਿਸ ’ਚ ਉਨ੍ਹਾਂ ਨੇ ਕੋਈ ਨਾਜਾਇਜ਼ ਕੰਮ ਕੀਤਾ ਹੋਵੇ। ਈ. ਡੀ. ਅਧਿਕਾਰੀਆਂ ਨੂੰ ਵੀ ਮੇਰੇ ਘਰ ਜਾਂ ਦਫਤਰ ’ਚੋ ਕੋਈ ਇਤਰਾਜ਼ਯੋਗ ਦਸਤਾਵੇਜ਼ ਅਤੇ ਹੋਰ ਚੀਜ਼ ਨਹੀਂ ਮਿਲੀ ਹੈ। ਈ. ਡੀ. ਜਦੋਂ ਵੀ ਉਨ੍ਹਾਂ ਨੂੰ ਕਿਸੇ ਜਾਂਚ ਸਬੰਧ ’ਚ ਬੁਲਾਉਣਗੇ ਤਾਂ ਉਹ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਣਗੇ, ਕਿਉਂਕਿ ਮੈਂ ਆਪਣੇ ਰਾਜਨੀਤਕ ਕੈਰੀਅਰ ’ਚ ਹਮੇਸ਼ਾ ਹੀ ਦੇਸ਼ ਅਤੇ ਸਮਾਜ ਵਿਰੋਧੀਆਂ ਵਿਰੁੱਧ ਲੜਾਈ ਲੜੀ ਹੈ।

ਸੁੱਖਾ ਲਾਲੀ ਨੇ ਕਿਹਾ ਕਿ ਰਾਜਨੀਤੀ ’ਚ ਹੋਣ ਕਾਰਨ ਕਈ ਵਿਰੋਧੀ ਵੀ ਉਨ੍ਹਾਂ ਖਿਲਾਫ ਝੂਠਾ ਪ੍ਰਚਾਰ ਕਰਦੇ ਹਨ ਪਰ ਸੱਚਾਈ ਜਨਤਾ ਤੋਂ ਕਦੇ ਲੁਕੀ ਨਹੀਂ ਰਹਿੰਦੀ। ਮੇਰੇ 42 ਸਾਲਾਂ ਦੇ ਰਾਜਨੀਤਕ ਅਤੇ ਕਾਰੋਬਾਰੀ ਕੈਰੀਅਰ ’ਚ ਕਿਸੇ ਵੀ ਵਿਅਕਤੀ ਨੇ ਮੇਰੇ ’ਤੇ ਕੋਈ ਉਂਗਲੀ ਨਹੀਂ ਚੁੱਕੀ ਅਤੇ ਨਾ ਹੀ ਕੋਈ ਕੇਸ ਦਰਜ ਹੋਇਆ ਪਰ ਉਹ ਅਜਿਹੀਆਂ ਗੱਲਾਂ ਤੋਂ ਘਬਰਾਉਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਹੋਣ ਕਾਰਨ ਸਮਾਜ ਦੇ ਸਾਰੇ ਵਰਗ ਉਨ੍ਹਾਂ ਨੂੰ ਮਿਲਦੇ ਹਨ, ਕਿਸੇ ਵੀ ਵਿਅਕਤੀ ਦੇ ਚਿਹਰੇ ’ਤੇ ਉਸ ਦੇ ਕੰਮਾਂ ਦੀ ਕੋਈ ਪਛਾਣ ਨਹੀਂ ਲਿਖੀ ਹੁੰਦੀ, ਰਾਜਨੀਤਕ ਪ੍ਰੋਗਰਾਮਾਂ ’ਚ ਤਾਂ ਰੋਜ਼ਾਨਾ ਸੈਂਕੜੇ ਲੋਕਾਂ ਨਾਲ ਮੁਲਾਕਾਤ ਹੁੰਦੀ ਹੈ। ਅਜਿਹੇ ’ਚ ਜੇਕਰ ਕੋਈ ਵਿਅਕਤੀ ਕਿਸੇ ਮਾੜੇ ਕੰਮ ’ਚ ਹੈ ਤਾਂ ਉਸ ’ਚ ਉਨ੍ਹਾਂ ਦਾ ਕੋਈ ਵੀ ਕਸੂਰ ਨਹੀਂ ਹੈ। ਮੈਂ ਸਮਾਜ ਵਿਰੋਧੀ ਤਾਕਤਾਂ ਖਿਲਾਫ ਪਹਿਲਾਂ ਵੀ ਖੜ੍ਹਾ ਰਿਹਾ ਅਤੇ ਅੱਗੇ ਵੀ ਇੰਝ ਹੀ ਖਡ਼੍ਹਾ ਰਹਾਂਗਾ। ਈ. ਡੀ. ਦੀ ਜਾਂਚ ’ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪੂਰਾ ਭਰੋਸਾ ਹੈ ਅਤੇ ਅਧਿਕਾਰੀਆਂ ਦੀ ਨਿਰਪੱਖ ਜਾਂਚ ’ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਰਿਆਂ ਸਾਹਮਣੇ ਆ ਜਾਵੇਗਾ।
 


author

shivani attri

Content Editor

Related News