ਸਟ੍ਰਾਂਗ ਰੂਮਜ਼ ’ਚ ਰੱਖੀਆਂ EVM ਲਈ ਕੀਤੇ ਸਖ਼ਤ ਸੁਰੱਖਿਆ ਦੇ ਪ੍ਰਬੰਧ : ਡਿਪਟੀ ਕਮਿਸ਼ਨਰ
Wednesday, Feb 23, 2022 - 04:37 PM (IST)
ਜਲੰਧਰ (ਚੋਪੜਾ) : ਡੀ. ਸੀ. ਘਣਸ਼ਾਮ ਥੋਰੀ ਨੇ ਡਾਇਰੈਕਟਰ ਲੈਂਡ ਰਿਕਾਰਡਜ਼ ਦਫਤਰ, ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਅਤੇ ਮੈਰੀਟੋਰੀਅਸ ਸਕੂਲ ਦਾ ਦੌਰਾ ਕਰਕੇ ਉਥੇ ਸਥਾਪਿਤ ਸਟ੍ਰਾਂਗ ਰੂਮਜ਼ ਲਈ ਕੀਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਈ. ਵੀ. ਐੱਮਜ਼ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਸ, ਪੰਜਾਬ ਆਰਮਡ ਪੁਲਸ ਤੇ ਸੀ. ਏ. ਪੀ. ਐੱਫ. ਦੇ ਸੁਰੱਖਿਆ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਅਤੇ ਸਟ੍ਰਾਂਗ ਰੂਮਜ਼ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਵੀ ਜਾਇਜ਼ਾ ਲਿਆ।
ਡੀ. ਸੀ. ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਸਟੋਰ ਕਰਨ ਲਈ ਬਣਾਏ ਗਏ ਸਟ੍ਰਾਂਗ ਰੂਮਜ਼ 'ਚ ਕੀਤੇ ਸੁਰੱਖਿਆ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਉਂਦਿਆਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਟੋਰ ਕੀਤੀਆਂ ਈ. ਵੀ. ਐੱਮਜ਼ ਤੇ ਵੀ. ਵੀ. ਪੈਟ ਮਸ਼ੀਨਾਂ ਦੀ ਸੁਰੱਖਿਆ ਲਈ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਇਹ ਪ੍ਰਬੰਧ ਲਗਾਤਾਰ ਇੰਝ ਹੀ ਜਾਰੀ ਰਹਿਣਗੇ।
ਇਹ ਵੀ ਪੜ੍ਹੋ : ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਅਤੇ ਚੋਣ ਆਬਜ਼ਰਵਰਾਂ ਦੀ ਮੌਜੂਦਗੀ ਵਿਚ ਮਸ਼ੀਨਾਂ ਨੂੰ ਇਥੇ ਸਟੋਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਟ੍ਰਾਂਗ ਰੂਮਜ਼ ਨੂੰ ਪੂਰੀ ਤਰ੍ਹਾਂ ਸੀਲ ਕਰਨ ਦੇ ਕੰਮ ਨੂੰ ਯਕੀਨੀ ਬਣਾਇਆ ਗਿਆ। ਸਟ੍ਰਾਂਗ ਰੂਮਜ਼ ਹੁਣ 10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਉਮੀਦਵਾਰਾਂ ਤੇ ਆਬਜ਼ਰਵਰਾਂ ਦੀ ਹਾਜ਼ਰੀ ਵਿਚ ਖੋਲ੍ਹੇ ਜਾਣਗੇ। ਘਣਸ਼ਾਮ ਥੋਰੀ ਨੇ ਦੱਸਿਆ ਕਿ ਸਟ੍ਰਾਂਗ ਰੂਮਜ਼ 'ਚ ਈ. ਵੀ. ਐੱਮਜ਼ ਤੇ ਵੀ. ਵੀ. ਪੈਟ ਮਸ਼ੀਨਾਂ ਦੀ ਸੁਰੱਖਿਆ ਲਈ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਿੰਗ ਮਸ਼ੀਨਾਂ ਦੀ ਨਿਗਰਾਨੀ ਲਈ ਗਿਣਤੀ ਕੇਂਦਰਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਵਾਏ ਗਏ ਹਨ। ਕਿਸੇ ਵੀ ਸਮੇਂ ਈ. ਵੀ. ਐੱਮਜ਼ ਦੀ ਸੁਰੱਖਿਆ ਚੈੱਕ ਕਰਨ ਲਈ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਲਈ ਇਥੇ ਐੱਲ. ਈ. ਡੀ. ਸਕ੍ਰੀਨ ਵੀ ਲਾਈ ਗਈ ਹੈ।
ਇਸ ਦੌਰਾਨ ਉਨ੍ਹਾਂ ਰਿਟਰਨਿੰਗ ਅਧਿਕਾਰੀਆਂ ਨੂੰ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਲਈ ਨਿਰਧਾਰਿਤ ਜਗ੍ਹਾ ’ਤੇ ਵਾਟਰ ਪਰੂਫ ਟੈਂਟ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ, ਜਿਸ ਨਾਲ ਉਨ੍ਹਾਂ ਨੂੰ ਇਥੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਪਿੰਡ ਝਾਂਸ ਦੇ ਇਕ ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਹੋਇਆ ਭਾਰੀ ਨੁਕਸਾਨ
ਬਿਲਡਿੰਗ ਤੇ ਸਟ੍ਰਾਂਗ ਰੂਮਜ਼ ਲਈ ਤਿੰਨ-ਪੱਧਰੀ ਸੁਰੱਖਿਆ ਦੇ ਕੀਤੇ ਪ੍ਰਬੰਧ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਟ੍ਰਾਂਗ ਰੂਮਜ਼ ਦੀ ਪੁਖਤਾ ਸੁਰੱਖਿਆ ਨੂੰ ਲੈ ਕੇ ਤਿੰਨ-ਪੱਧਰੀ ਪ੍ਰਬੰਧ ਕੀਤੇ ਗਏ ਹਨ, ਜਿਸ ਨੂੰ 3 ਵੱਖ-ਵੱਖ ਹਿੱਸਿਆਂ 'ਚ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾਇਰੈਕਟਰ ਲੈਂਡ ਰਿਕਾਰਡਜ਼ ਦਫਤਰ, ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਅਤੇ ਮੈਰੀਟੋਰੀਅਸ ਸਕੂਲ ਦੀ ਬਿਲਡਿੰਗ ਦੇ ਅੰਦਰ ਤੇ ਬਾਹਰ ਪੰਜਾਬ ਪੁਲਸ ਤੇ ਪੰਜਾਬ ਆਰਮਡ ਪੁਲਸ ਦੇ ਜਵਾਨਾਂ ਵੱਲੋਂ ਸੁਰੱਖਿਆ ਕਵਰ ਮੁਹੱਈਆ ਕੀਤਾ ਗਿਆ ਹੈ, ਜਦੋਂ ਕਿ ਅੰਦਰੂਨੀ ਸੁਰੱਖਿਆ ਕਵਰ ਸੀ. ਏ. ਪੀ. ਐੱਫ. ਦੇ ਜਵਾਨਾਂ ਵੱਲੋਂ ਦਿੱਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ