ਦੁਕਾਨ ’ਚੋਂ 10 ਲੱਖ ਦੀ ਕੀਮਤ ਦੀਆਂ ਬੈਟਰੀਆਂ ਸਣੇ ਹੋਰ ਸਾਮਾਨ ਚੋਰੀ
Friday, Feb 23, 2024 - 05:23 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਭਾਵੇਂ ਪੁਲਸ ਵੱਲੋਂ ਰਾਤ ਸਮੇਂ ਗਸ਼ਤ ਤੇਜ਼ ਕੀਤੇ ਜਾਣ ਦੇ ਹਰ ਸਮੇਂ ਦਾਅਵੇ ਕੀਤੇ ਜਾਂਦੇ ਹਨ ਪਰ ਬੀਤੀ ਰਾਤ ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ਜਿੱਥੋਂ ਕਿ ਹਰ ਸਮੇਂ ਭਾਰੀ ਟ੍ਰੈਫਿਕ ਗੁਜ਼ਰਦੀ ਹੈ, ਵਿਖੇ ਪਿੰਡ ਆਜਮਪੁਰ ਸਥਿਤ ਇਕ ਦੁਕਾਨ ’ਚੋਂ ਚੋਰ ਸ਼ਟਰ ਉਖਾਡ਼ ਕੇ ਅੰਦਰ ਪਏ ਲੱਖਾਂ ਦੀ ਕੀਮਤ ਦੇ ਸੋਲਰ, ਇਨਵਰਟਰ, ਦੋਪਹੀਆ ਅਤੇ ਭਾਰੀ ਵਾਹਨਾਂ ’ਚ ਲੱਗਣ ਵਾਲੇ ਬੈਟਰੇ ਅਤੇ ਬੈਟਰੀਆਂ ਸਣੇ ਹੋਰ ਸਾਮਾਨ ਚੋਰੀ ਕਰਕੇ ਰਫੂਚੱਕਰ ਹੋ ਗਏ। ਉਕਤ ਦੁਕਾਨ ਦੇ ਨਾਲ ਲੱਗਦੀ ਇਕ ਹੋਰ ਕਾਰਪੇਂਟਰ ਦੀ ਦੁਕਾਨ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ। ਇਕੋ ਸਮੇਂ 2 ਦੁਕਾਨਾਂ ’ਚ ਚੋਰੀ ਦੀ ਵਾਰਦਾਤ ਨੇ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੂਰਪੁਰਬੇਦੀ ਸ਼ਹਿਰ ਤੋਂ ਕੁਝ ਦੂਰੀ ’ਤੇ ਉਕਤ ਮੁੱਖ ਮਾਰਗ ’ਤੇ ਪੈਂਦੇ ਪਿੰਡ ਆਜਮਪੁਰ ਸਥਿਤ ਬੀ. ਐੱਸ. ਪਾਵਰ ਨਾਮੀ ਦੁਕਾਨ ’ਚੋਂ ਚੋਰ ਕਰੀਬ 10 ਲੱਖ ਰੁਪਏ ਦੀ ਕੀਮਤ ਦੇ ਵਾਹਨਾਂ ਨੂੰ ਲੱਗਣ ਵਾਲੇ ਬੈਟਰੇ, ਇਨਵਰਟਰ ਬੈਟਰੇ, ਮੋਟਰਸਾਈਕਲਾਂ ਦੀਆਂ ਬੈਟਰੀਆਂ ਅਤੇ ਸੋਲਰ ਬੈਟਰੀਆਂ ਆਦਿ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਪਿੰਡ ਸਸਕੌਰ ਨਾਲ ਸਬੰਧਤ ਦੁਕਾਨਦਾਰ ਬਲਜੀਤ ਕੁਮਾਰ ਨੇ ਦੱਸਿਆ ਕਿ ਉਕਤ ਚੋਰੀ ਹੋਣ ਸਬੰਧੀ ਉਸ ਨੂੰ ਗੁਆਂਢ ’ਚ ਕਾਰਪੇਂਟਰ ਦੀ ਦੁਕਾਨ ਕਰਦੇ ਵੇਦ ਪ੍ਰਕਾਸ਼ ਨਿਵਾਸੀ ਅਸਮਾਨਪੁਰ ਨੇ ਫੋਨ ਕਰਕੇ ਸੂਚਨਾ ਦਿੱਤੀ।
ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
ਉਸ ਨੇ ਦੱਸਿਆ ਕਿ ਜਦੋਂ ਉਸ ਨੇ ਸਵੇਰੇ ਆ ਕੇ ਵੇਖਿਆ ਤਾਂ ਦੁਕਾਨ ਦਾ ਮੂਹਰਲਾ ਸ਼ਟਰ ਜੈੱਕ ਦੀ ਸਹਾਇਤਾ ਨਾਲ ਉਖਾੜਿਆ ਹੋਇਆ ਸੀ। ਇਸ ਦੌਰਾਨ ਦੁਕਾਨ ’ਚ ਜਾਂਚ ਕਰਨ ’ਤੇ ਉਸ ਨੇ ਪਾਇਆ ਕਿ ਚੋਰ 37 ਗੱਡੀਆਂ ਅਤੇ ਇਨਵਰਟਰ ਵਾਲੇ 200 ਅਤੇ 150 ਐੱਮਪੀਅਰ ਦੇ ਵੱਡੇ ਬੈਟਰੇ, 35 ਕਾਰ ਵਾਲੀਆਂ ਬੈਟਰੀਆਂ, 50 ਮੋਟਰਸਾਈਕਲ ਦੀਆਂ ਬੈਟਰੀਆਂ ਅਤੇ 10 ਸੋਲਰ ਵਾਲੀਆਂ ਬੈਟਰੀਆਂ ਸਣੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਸਾਮਾਨ ਦੀ ਅੰਦਾਜ਼ਨ ਕੀਮਤ ਕਰੀਬ 10 ਲੱਖ ਰੁਪਏ ਬਣਦੀ ਹੈ। ਉਸ ਨੇ ਦੱਸਿਆ ਕਿ ਚੋਰ 22 ਫੁੱਟ ਦੀ ਉਚਾਈ ’ਚ ਦੁਕਾਨ ’ਚ ਲੱਗੇ ਡੀ. ਵੀ. ਆਰ. ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਉਖਾਡ਼ ਕੇ ਲੈ ਗਏ। ਦੁਕਾਨਦਾਰ ਨੇ ਦੱਸਿਆ ਕਿ ਇਕ ਬੈਟਰੇ ਦਾ ਵਜਨ ਕਰੀਬ 70 ਕਿਲੋਗ੍ਰਾਮ ਹੁੰਦਾ ਹੈ ਅਤੇ ਇੰਨੀ ਭਾਰੀ ਮਾਤਰਾ ’ਚ ਚੋਰੀ ਹੋਈਆਂ ਬੈਟਰੀਆਂ ਅਤੇ ਬੈਟਰੇ ਕਿਸੇ ਵਾਹਨ ’ਚ ਲੱਦ ਕੇ ਲਿਜਾਏ ਗਏ ਹਨ ਜਿਨ੍ਹਾਂ ਦੇ ਟਾਇਰਾਂ ਦੇ ਨਿਸ਼ਾਨ ਵੀ ਦਿਖ ਰਹੇ ਹਨ।
ਕਾਰਪੇਂਟਰ ਦੀ ਦੁਕਾਨ ’ਚੋਂ ਸ਼ਟਰ ਤੋਡ਼ ਕੇ ਡੀ. ਵੀ. ਆਰ. ਤੇ ਸੀ. ਸੀ. ਟੀ. ਵੀ. ਕੈਮਰੇ ਚੋਰੀ
ਉਕਤ ਦੁਕਾਨ ਦੇ ਬਿਲਕੁੱਲ ਨਾਲ ਲੱਗਦੀ ਇਕ ਹੋਰ ਕਾਰਪੇਂਟਰ ਦੀ ਦੁਕਾਨ ਦਾ ਵੀ ਚੋਰ ਸ਼ਟਰ ਤੋਡ਼ ਕੇ ਸੀ. ਸੀ. ਟੀ. ਵੀ. ਕੈਮਰੇ ਅਤੇ ਡੀ. ਵੀ. ਆਰ. ਚੋਰੀ ਕਰ ਕੇ ਲੈ ਗਏ। ਪਿੰਡ ਅਸਮਾਨਪੁਰ ਦੇ ਦੁਕਾਨਦਾਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵੀ ਉਕਤ ਬੈਟਰੀਆਂ ਵਾਲੀ ਦੁਕਾਨ ਦੇ ਬਿਲਕੁਲ ਨਾਲ ਸਥਿਤ ਹੈ। ਉਸਨੇ ਦੱਸਿਆ ਕਿ ਚੋਰ ਉਸਦਾ ਮੂਹਰਲਾ ਸ਼ਟਰ ਉਖਾਡ਼ ਕੇ ਦੁਕਾਨ ’ਚ ਤੀਸਰੀ ਮੰਜ਼ਿਲ ’ਤੇ ਲੱਗੇ ਡੀ. ਵੀ. ਆਰ. ਅਤੇ ਕੈਮਰੇ ਉਤਾਰ ਕੇ ਦੁਕਾਨ ਦੇ ਪਿਛਲੇ ਰਸਤੇ ਤੋਂ ਨਿਕਲ ਗਏ। ਉਸਨੇ ਦੱਸਿਆ ਕਿ ਬੈਟਰੀਆਂ ਵਾਲੇ ਦੁਕਾਨ ’ਚ ਹੋਈ ਚੋਰੀ ਸਬੰਧੀ ਵੀ ਉਸਨੇ ਹੀ ਦੁਕਾਨਦਾਰ ਨੂੰ ਸ਼ਟਰ ਟੁੱਟੇ ਹੋਣ ਸਬੰਧੀ ਫੋਨ ਕਰਕੇ ਸੂਚਨਾ ਦਿੱਤੀ ਸੀ। ਉਕਤ ਚੋਰੀਆਂ ਦੀ ਵਾਰਦਾਤ ਦਾ ਪਤਾ ਚੱਲਣ ’ਤੇ ਥਾਣਾ ਮੁਖੀ ਨੂਰਪੁਰਬੇਦੀ ਹਰਸ਼ ਮੋਹਨ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪੁਲਸ ਪਾਰਟੀ ਸਮੇਤ ਜਾਂਚ ’ਚ ਜੁਟ ਗਏ। ਮੁੱਖ ਮਾਰਗ ’ਤੇ ਵਾਪਰੀ ਉਕਤ ਚੋਰੀ ਦੀ ਘਟਨਾ ਨੇ ਦੁਕਾਨਦਾਰਾਂ ’ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸ਼ਹਿਰਵਾਸੀਆਂ ਨੇ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਪੁਲਸ ਦੀ ਰਾਤ ਸਮੇਂ ਦੀ ਗਸ਼ਤ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਦੁਕਾਨਦਾਰ ਤੇ ਸ਼ਹਿਰਵਾਸੀ ਚੈਨ ਦੀ ਨੀਂਦ ਸੋ ਸਕਣ।
ਇਹ ਵੀ ਪੜ੍ਹੋ: ਖਨੌਰੀ ਬਾਰਡਰ 'ਤੇ ਮਾਰੇ ਗਏ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਲੈਣ ਪੁੱਜੇ ਪਿੰਡ ਵਾਲਿਆਂ ਨੇ ਕੀਤਾ ਵੱਡਾ ਐਲਾਨ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।