ਸ਼ੰਭੂ ਬਾਰਡਰ ‘ਤੇ ਜੰਗ ਵਰਗਾ ਮਾਹੌਲ ਬਣਾਈ ਰੱਖਣਾ ਦੇਸ਼ ਲਈ ਮੰਦਭਾਗਾ- ਬੀਬੀ ਜਗੀਰ ਕੌਰ
Thursday, Feb 22, 2024 - 07:03 PM (IST)
ਜਲੰਧਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਖਨੌਰੀ ਬਾਰਡਰ ‘ਤੇ ਪੰਜਾਬ ਦੇ ਨੌਜਵਾਨ ਦੀ ਹਰਿਆਣਾ ਪੁਲਸ ਦੀ ਗੋਲੀ ਲੱਗਣ ਨਾਲ ਹੋਈ ਮੌਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਇੱਥੋਂ ਜਾਰੀ ਕੀਤੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਸ਼ੁੱਭਕਰਨ ਸਿੰਘ ਕਿਸਾਨ ਅੰਦੋਲਨ ਦੇ ਦੂਜੇ ਪੜਾਅ ਦਾ ਪਹਿਲਾ ਸ਼ਹੀਦ ਹੈ ਜਿਹੜਾ ਸਰਕਾਰੀ ਗੋਲੀ ਦਾ ਸ਼ਿਕਾਰ ਹੋਇਆ ਹੈ।
ਬੀਬੀ ਜਗੀਰ ਕੌਰ ਨੇ ਇਸ ਨੌਜਵਾਨ ਕਿਸਾਨ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਨੈਸ਼ਨਲ ਹਾਈਵੇ ‘ਤੇ ਇਸ ਤਰ੍ਹਾਂ ਦੀਆਂ ਸਖ਼ਤ ਰੋਕਾਂ ਲਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ 13 ਫਰਵਰੀ ਤੋਂ ਦੋ-ਤਿੰਨ ਦਿਨ ਪਹਿਲਾਂ ਹੀ ਸ਼ੰਭੂ ਬੈਰੀਅਰ ‘ਤੇ ਆਪਣੇ ਹੀ ਦੇਸ਼ ਦੇ ਅੰਨਦਾਤਿਆਂ ਦੇ ਰਾਹ ਵਿੱਚ ਕਿੱਲ ਗੱਡ ਦਿੱਤੇ ਸਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਚੋਣਾਂ ਤੋਂ ਐਨ ਪਹਿਲਾਂ ਇੰਨੀ ਸਖ਼ਤੀ ਕਰਕੇ ਕਿਸਾਨੀ ਅੰਦੋਲਨ ਨੂੰ ਦਬਾਉਣ ਦੇ ਯਤਨ ਕਰਨੇ ਕਿਸੇ ਵੱਡੀ ਸ਼ਾਜਿਸ਼ ਦਾ ਹਿੱਸਾ ਲੱਗ ਰਹੇ ਹਨ।
ਇਹ ਵੀ ਪੜ੍ਹੋ- ਬੈਂਕ ਮੈਨੇਜਰ ਵੱਲੋਂ ਮਾਰੀ ਕਰੋੜਾਂ ਦੀ ਠੱਗੀ ਦਾ ਮਾਮਲਾ : 2 ਦਿਨਾਂ 'ਚ ਭੈਣ ਦਾ ਵਿਆਹ, ਘਰ ਗਿਰਵੀ ਰੱਖਣ ਦੀ ਆਈ ਨੌਬਤ
ਬੀਬੀ ਜਗੀਰ ਕੌਰ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਕਦੇਂ ਵੀ ਕਿਸੇ ਦੇਸ਼ ਨੇ ਆਪਣੇ ਹੀ ਲੋਕਾਂ ਵਿਰੁੱਧ ਅਜਿਹੀਆਂ ਸਖ਼ਤ ਰੋਕਾਂ ਨਹੀਂ ਲਾਈਆਂ। ਦੇਸ਼ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਐਲਾਨ ‘ਤੇ ਭਰੋਸਾ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਖੇਤੀ ਦੇ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਤਾਂ ਸਿਰਫ ਯਾਦ ਕਰਵਾਉਣ ਲਈ ਇਹ ਸੰਘਰਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਕ ਜਮਹੂਰੀ ਦੇਸ਼ ਵਿੱਚ ਨਿਹੱਥੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲ਼ੇ ਦਾਗਣੇ ਅਤੇ ਮੀਡੀਆ ਦੇ ਇੱਕ ਹਿੱਸੇ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਬਾਕੀ ਨਾ ਛੱਡਣਾ ਤਾਂ ਸਮਝ ਤੋਂ ਬਾਹਰ ਨਜ਼ਰ ਆ ਰਿਹਾ ਹੈ। ਬੀਬੀ ਜਗੀਰ ਕੌਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿੱਚ ਬਣ ਰਹੇ ਤਣਾਅ ਦੇ ਮਾਹੌਲ ਨੂੰ ਸ਼ਾਂਤ ਕਰਨ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ। ਦੇਸ਼ ਦਾ ਅੰਨਦਾਤਾ ਮਿਹਨਤ ਕਰਨ ਤੋਂ ਬਾਅਦ ਹੀ ਆਪਣੇ ਹੱਕ ਮੰਗ ਰਿਹਾ ਹੈ, ਉਸ ਨਾਲ ਦੁਸ਼ਮਣਾਂ ਵਾਲਾ ਵਿਵਹਾਰ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ- NOC ਜਾਰੀ ਕਰਨ ਬਦਲੇ 20,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਬੈਂਕ ਮੈਨੇਜਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e