'ਸਿੱਖਸ ਫਾਰ ਜਸਟਿਸ ਦੀਆਂ ਨਜ਼ਰਾਂ ਪੰਜਾਬ ਦੇ ਗਰੀਬ ਤੇ ਅਨਪੜ੍ਹ ਨੌਜਵਾਨਾਂ 'ਤੇ'

12/07/2018 10:07:55 AM

ਜਲੰਧਰ (ਧਵਨ) – ਖਾਲਿਸਤਾਨ ਹਮਾਇਤੀ ਅਨਸਰਾਂ ਨੇ ਪਾਕਿਸਤਾਨ 'ਚ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਪਾਕਿਸਤਾਨ 'ਚ ਖਾਲਿਸਤਾਨੀ ਹਮਾਇਤੀਆਂ ਦੀਆਂ ਸਰਗਰਮੀਆਂ ਤੇਜ਼ ਹੋਣ ਦੇ ਸੰਕੇਤ ਇੰਟੈਲੀਜੈਂਸ ਏਜੰਸੀਆਂ ਨੂੰ ਮਿਲ ਰਹੇ ਹਨ। ਪੰਜਾਬ ਪੁਲਸ ਮੁਖੀ ਸੁਰੇਸ਼ ਅਰੋੜਾ ਦਾ ਵੀ ਮੰਨਣਾ ਹੈ ਕਿ 'ਸਿੱਖਸ ਫਾਰ ਜਸਟਿਸ' ਸੰਗਠਨ, ਜੋ ਰਿਫਰੈਂਡਮ 2020 ਲਈ ਕੰਮ ਕਰ ਰਿਹਾ ਹੈ, ਦੀਆਂ ਨਜ਼ਰਾਂ ਪੰਜਾਬ ਦੇ ਗਰੀਬ ਅਤੇ ਅਨਪੜ੍ਹ ਨੌਜਵਾਨਾਂ 'ਤੇ ਹਨ ਤਾਂ ਜੋ ਉਨ੍ਹਾਂ ਨੂੰ ਗੁੰਮਰਾਹ ਕਰ ਕੇ ਹਿੰਸਾ ਦੇ ਰਾਹ 'ਤੇ ਭੇਜਿਆ ਜਾ ਸਕੇ। ਪੰਜਾਬ ਦੇ ਨੌਜਵਾਨ ਹੁਣ ਪੂਰੀ ਤਰ੍ਹਾਂ ਚੌਕਸ ਹਨ। ਖਾਲਿਸਤਾਨੀ ਅਨਸਰਾਂ ਨੂੰ ਲੋਕਾਂ ਕੋਲੋਂ ਹਮਦਰਦੀ ਬਿਲਕੁਲ ਨਹੀਂ ਮਿਲ ਰਹੀ।

ਖਾਲਿਸਤਾਨ ਦੇ ਹਮਾਇਤੀਆਂ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ 'ਤੇ ਨਜ਼ਰਾਂ ਟਿਕਾਈਆਂ ਹੋਈਆਂ ਹਨ। ਹਰ ਸਾਲ ਪਾਕਿ ਸਥਿਤ ਧਾਰਮਿਕ ਥਾਵਾਂ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਭਾਰਤੀ ਸ਼ਰਧਾਲੂ ਜਾਂਦੇ ਹਨ। 'ਸਿੱਖਸ ਫਾਰ ਜਸਟਿਸ' ਸੰਗਠਨ ਦੀ ਹੁਣ ਕੋਸ਼ਿਸ਼ ਹੈ ਕਿ ਉਸ ਨੂੰ ਲਾਹੌਰ 'ਚ ਅਜਿਹੀ ਥਾਂ ਮਿਲ ਜਾਵੇ, ਜਿਥੇ ਉਹ ਆਪਣਾ ਦਫਤਰ ਸਥਾਪਿਤ ਕਰ ਸਕੇ। ਵਿਦੇਸ਼ ਮੰਤਰਾਲਾ ਨੇ 23 ਨਵੰਬਰ ਨੂੰ ਕਿਹਾ ਸੀ ਕਿ ਜਦੋਂ ਵੀ ਭਾਰਤੀ ਸ਼ਰਧਾਲੂ ਪਾਕਿ ਜਾਂਦੇ ਹਨ ਤਾਂ ਫਿਰਕੂ ਮੰਦਭਾਵਨਾ, ਅਸਹਿਣਸ਼ੀਲਤਾ ਅਤੇ ਦੇਸ਼ ਵਿਰੋਧੀ ਗੱਲਾਂ ਕਰਕੇ ਉਨ੍ਹਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭਾਰਤੀ ਸੁਰੱਖਿਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਾਕਿ ਦੀ ਏਜੰਸੀ ਆਈ. ਐੱਸ. ਆਈ. ਦੀ ਇਨ੍ਹਾਂ ਖਾਲਿਸਤਾਨੀ ਅਨਸਰਾਂ ਨੂੰ ਪੂਰੀ ਹਮਾਇਤ ਹਾਸਲ ਹੈ।'ਸਿੱਖਸ ਫਾਰ ਜਸਟਿਸ' ਨੇ 12 ਅਗਸਤ ਨੂੰ ਲੰਡਨ ਵਿਖੇ ਪੰਜਾਬ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਸੰਗਠਨ ਨੇ 2019 'ਚ ਪਾਕਿ 'ਚ ਕਈ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਬਣਾਈ। ਹੁਣ ਇਸ ਸੰਗਠਨ ਨੇ ਨਵੰਬਰ 2019 'ਚ ਸ੍ਰੀ ਕਰਤਾਰਪੁਰ ਸਾਹਿਬ ਜਾਂ ਸ੍ਰੀ ਨਨਕਾਣਾ ਸਾਹਿਬ 'ਚੋਂ ਕਿਸੇ ਇਕ ਥਾਂ 'ਤੇ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਭਾਰਤੀ ਖੁਫੀਆ ਏਜੰਸੀਆਂ ਅਤੇ ਸੁਰੱਖਿਆ ਏਜੰਸੀਆਂ ਚੌਕਸ ਹਨ। ਉਨ੍ਹਾਂ ਵਲੋਂ ਇਸ ਸੰਗਠਨ ਦੀਆਂ ਸਰਗਰਮੀਆਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।


rajwinder kaur

Content Editor

Related News