ਪੰਜਾਬ ਵਿਰੁੱਧ ਚੇਨਈ ਦੀਆਂ ਨਜ਼ਰਾਂ ਹਰ ਵਿਭਾਗ ’ਚ ਬਿਹਤਰ ਪ੍ਰਦਰਸ਼ਨ ਕਰਨ ’ਤੇ

04/30/2024 6:56:20 PM

ਚੇਨਈ, (ਭਾਸ਼ਾ)– ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਕਮੀ ਨਾਲ ਜੂਝ ਰਹੀ ਚੇਨਈ ਸੁਪਰ ਕਿੰਗਜ਼ ਦੀ ਟੀਮ ਬੁੱਧਵਾਰ ਨੂੰ ਇੱਥੇ ਪੰਜਾਬ ਕਿੰਗਜ਼ ਵਿਰੁੱਧ ਉਤਰੇਗੀ ਤਾਂ ਉਸਦੀਆਂ ਨਜ਼ਰਾਂ ਖੇਡ ਦੇ ਸਾਰੇ ਵਿਭਾਗਾਂ ਵਿਚ ਇਕਜੁੱਟ ਪ੍ਰਦਰਸ਼ਨ ਕਰਨ ’ਤੇ ਟਿਕੀਆਂ ਹੋਣਗੀਆਂ। ਸੁਪਰ ਕਿੰਗਜ਼ ਦੇ 9 ਮੈਚਾਂ ਵਿਚੋਂ 10 ਅੰਕ ਹਨ ਜਿਹੜੇ ਲਖਨਊ ਸੁਪਰ ਜਾਇੰਟਸ, ਸਨਰਾਈਜ਼ਰਜ਼ ਹੈਦਰਾਬਾਦ ਤੇ ਦਿੱਲੀ ਕੈਪੀਟਲਸ ਦੇ ਬਰਾਬਰ ਹਨ ਤੇ ਸਾਬਕਾ ਚੈਂਪੀਅਨ ਟੀਮ ਨਿਸ਼ਚਿਤ ਰੂਪ ਨਾਲ ਜਿੱਤ ਦੇ ਨਾਲ ਇਨ੍ਹਾਂ ਟੀਮਾਂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰੇਗੀ। ਸਾਬਕਾ ਚੈਂਪੀਅਨ ਸੁਪਰ ਕਿੰਗਜ਼ ਦੀ ਚਿੰਤਾ ਹਾਲਾਂਕਿ ਵੱਧ ਗਈ ਹੈ ਕਿਉਂਕਿ ਪੰਜਾਬ ਕਿੰਗਜ਼ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ 262 ਦੌੜਾਂ ਦੇ ਟੀ-20 ਕ੍ਰਿਕਟ ਇਤਿਹਾਸ ਦੇ ਸਭ ਤੋਂ ਵੱਡੇ ਟੀਚੇ ਨੂੰ ਹਾਸਲ ਕਰਨ ਤੋਂ ਬਾਅਦ ਇਸ ਮੁਕਾਬਲੇ ਵਿਚ ਉਤਰ ਰਹੀ ਹੈ। ਪੰਜਾਬ ਕਿੰਗਜ਼ ਦੇ 9 ਮੈਚਾਂ ਵਿਚੋਂ 6 ਅੰਕ ਹਨ।

ਚੇਪਾਕ ਹਾਲਾਂਕਿ ਸੁਪਰ ਕਿੰਗਜ਼ ਦਾ ਗੜ੍ਹ ਹੈ, ਜਿੱਥੇ ਗੇਂਦਬਾਜ਼ਾਂ ਨੂੰ ਪਿੱਚ ਤੋਂ ਮਦਦ ਮਿਲਦੀ ਹੈ ਤੇ ਮੇਜ਼ਬਾਨ ਟੀਮ ਨੇ ਪਿਛਲੇ ਮੈਚ ਵਿਚ ਸਨਰਾਈਜ਼ਰਜ਼ ’ਤੇ 78 ਦੌੜਾਂ ਦੀ ਆਸਾਨ ਜਿੱਤ ਦਰਜ ਕੀਤੀ। ਚੇਨਈ ’ਚ ਉਸ ਰਾਤ ਤ੍ਰੇਲ ਨਹੀਂ ਪਈ ਸੀ ਤੇ ਬੱਲੇਬਾਜ਼ਾਂ ਵੱਲੋਂ 200 ਤੋਂ ਵੱਧ ਦਾ ਸਕੋਰ ਖੜ੍ਹਾ ਕਰਨ ਤੋਂ ਬਾਅਦ ਸੁਪਰ ਕਿੰਗਜ਼ ਦੇ ਗੇਂਦਬਾਜ਼ਾਂ ਨੇ ਆਪਣੀ ਸਟੀਕ ਤੇ ਵਿਲੱਖਣਤਾ ਨਾਲ ਭਰੀ ਗੇਂਦਬਾਜ਼ੀ ਨਾਲ ਸਨਰਾਈਜ਼ਰਜ਼ ਦੀ ਮਜ਼ਬੂਤ ਬੱਲੇਬਾਜ਼ੀ ਇਕਾਈ ਨੂੰ ਢਹਿ-ਢੇਰ ਕਰ ਦਿੱਤਾ। ਚੇਨਈ ਨੂੰ ਪੰਜਾਬ ਵਿਰੁੱਧ ਇਹ ਪ੍ਰਦਰਸ਼ਨ ਦੁਹਰਾਉਣਾ ਪਵੇਗਾ ਤੇ ਸਾਰਿਆਂ ਦੀਆਂ ਨਜ਼ਰਾਂ ਕਪਤਾਨ ਰਿਤੂਰਾਜ ਗਾਇਕਵਾੜ ’ਤੇ ਹੋਣਗੀਆਂ ਜਿਹੜਾ ਫਾਰਮ ਵਿਚ ਵਾਪਸੀ ਕਰ ਚੁੱਕਾ ਹੈ। ਗਾਇਕਵਾੜ ਨੇ ਆਪਣੀਆਂ ਪਿਛਲੀਆਂ ਦੋ ਪਾਰੀਆਂ ਵਿਚ 108 ਤੇ 09 ਦੌੜਾਂ ਬਣਾਈਆਂਂ ਹਨ ਤੇ ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਨੇ ਵੀ ਹੈਦਰਾਬਾਦ ਵਿਰੁੱਧ ਸੁਪਰ 32 ਗੇਂਦਾਂ ਵਿਚ 52 ਦੌੜਾਂ ਬਣਾ ਕੇ ਸਹੀ ਸਮੇਂ ’ਤੇ ਲੈਅ ਹਾਸਲ ਕਰ ਲਈ ਹੈ। ਹਾਲਾਂਕਿ ਸੁਪਰ ਕਿੰਗਜ਼ ਦੇ ਬੱਲੇਬਾਜ਼ੀ ਕ੍ਰਮ ਵਿਚ ਅਸਲੀ ਤੂਫਾਨ ਸ਼ਿਵਮ ਦੂਬੇ ਹੈ, ਜਿਸ ਨੇ ਇੰਪੈਕਟ ਪਲੇਅਰ ਦੇ ਰੂਪ ਵਿਚ ਆਉਂਦੇ ਹੀ ਵਿਰੋਧੀ ਬੱਲੇਬਾਜ਼ਾਂ ਨੂੰ ਢਹਿ-ਢੇਰੀ ਕੀਤਾ ਹੈ।

ਸਪਿਨ ਵਿਰੁੱਧ ਚੰਗਾ ਖੇਡਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਦੂਬੇ ਨੇ ਮੌਜੂਦਾ ਸੈਸ਼ਨ ਵਿਚ ਹੁਣ ਤਕ ਤੇਜ਼ ਗੇਂਦਬਾਜ਼ਾਂ ਵਿਰੁੱਧ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਆਪਣੀ ਬੱਲੇਬਾਜ਼ੀ ਦਾ ਚੰਗਾ ਨਮੂਨਾ ਪੇਸ਼ ਕੀਤਾ ਹੈ। ਦੂਬੇ ਨੇ ਹੁਣ ਤਕ 350 ਦੌੜਾਂ ਬਣਾਈਆਂ ਹਨ ਜਿਹੜਾ ਗਾਇਕਵਾੜ ਦੀਆਂ 447 ਦੌੜਾਂ ਤੋਂ ਬਾਅਦ ਸੁਪਰ ਕਿੰਗਜ਼ ਲਈ ਦੂਜੀਆਂ ਸਭ ਤੋਂ ਵੱਧ ਦੌੜਾਂ ਹਨ। ਉਸ ਨੇ ਇਹ ਦੌੜਾਂ 172.41 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਹਨ ਤੇ ਇਸ ਮਾਮਲੇ ਵਿਚ ਟੀਮ ਵਿਚ ਮਹਿੰਦਰ ਸਿੰਘ ਧੋਨੀ (259.45) ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਹਾਲਾਂਕਿ ਸੁਪਰ ਕਿੰਗਜ਼ ਦੀ ਸਲਾਮੀ ਜੋੜੀ ਅਸਥਿਰ ਬਣੀ ਹੋਈ ਹੈ। ਗਾਇਕਵਾੜ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਹੁਣ ਤਕ ਬਾਹਰ ਕੀਤੇ ਗਏ ਰਚਿਨ ਰਵਿੰਦਰ ਤੇ ਅਜਿੰਕਯ ਰਹਾਨੇ ਦੋਵੇਂ ਆਪਣੇ ਕਪਤਾਨ ਦਾ ਸਾਥ ਨਹੀਂ ਨਿਭਾਅ ਸਕੇ ਹਨ। ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਰਹਾਨੇ ਨੇ ਪਿਛਲੀਆਂ ਚਾਰ ਪਾਰੀਆਂ ਵਿਚ 5,36,1 ਤੇ 9 ਦੌੜਾਂ ਬਣਾਈਆਂ ਹਨ ਜਿਹੜਾ ਉਸਦੇ ਤਜਰਬੇ ਤੇ ਕਲਾ ਦੇ ਅਨੁਸਾਰ ਨਹੀਂ ਹੈ। ਹਾਲਾਂਕਿ ਪੂਰੀ ਸੰਭਾਵਨਾ ਹੈ ਕਿ ਟੀਮ ਉਸ ਨੂੰ ਹੋਰ ਮੌਕੇ ਦੇਵੇਗੀ। ਬੱਲੇਬਾਜ਼ੀ ਕੋਚ ਮਾਈਕਲ ਹਸੀ ਨੇ ਵੀ ਕਿਹਾ ਸੀ ਕਿ ਇਹ 35 ਸਾਲਾ ਬੱਲੇਬਾਜ਼ ਵੱਡੀਆਂ ਪਾਰੀਆਂ ਖੇਡਣ ਦੇ ਨੇੜੇ ਹੈ।

ਦੂਜੇ ਪਾਸੇ ਪੰਜਾਬ ਕਿੰਗਜ਼ ਦੀ ਟੀਮ ਰਿਕਾਰਡ ਟੀਚਾ ਹਾਸਲ ਕਰਨ ਤੋਂ ਬਾਅਦ ਲੈਅ ਜਾਰੀ ਰੱਖਦੇ ਹੋਏ ਅੰਕ ਸੂਚੀ ਵਿਚ ਮੌਜੂਦਾ 8ਵੇਂ ਸਥਾਨ ਤੋਂ ਅੱਗੇ ਵਧਣ ਨੂੰ ਬੇਤਾਬ ਹੋਵੇਗੀ। ਇਸਦੇ ਲਈ ਟੀਮ ਨੂੰ ਬੱਲੇਬਾਜ਼ਾਂ ਤੋਂ ਇਕ ਵਾਰ ਫਿਰ ਤੋਂ ਇਕਜੁੱਟ ਪ੍ਰਦਰਸ਼ਨ ਦੀ ਉਮੀਦ ਹੈ। ਜ਼ਿੰਮੇਵਾਰੀ ਇਕ ਵਾਰ ਫਿਰ ਨਾਈਟ ਰਾਈਡਰਜ਼ ਵਿਰੁੱਧ ਸੈਂਕੜੇ ਵਾਲੇ ਜਾਨੀ ਬੇਅਰਸੋਟ, ਸ਼ਸ਼ਾਂਕ ਸਿੰਘ ਤੇ ਪ੍ਰਭਸਿਮਰਨ ਸਿੰਘ ਦੇ ਮੋਢਿਆਂ ’ਤੇ ਹੋਵੇਗੀ। ਟੀਮ ਹਾਲਾਂਕਿ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਤੋਂ ਵੱਧ ਪ੍ਰਭਾਵਸ਼ਾਲੀ ਪ੍ਰਦਰਸ਼ਨ ਚਾਹੇਗੀ। ਪੰਜਾਬ ਕਿੰਗਜ਼ ਦਾ ਗੇਂਦਬਾਜ਼ੀ ਹਮਲਾ ਕੈਗਿਸੋ ਰਬਾਡਾ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ ਤੇ ਸੈਮ ਕਿਊਰੇਨ ਵਰਗੇ ਤਜਰਬੇਕਾਰ ਗੇਂਦਬਾਜ਼ ਦੀ ਮੌਜੂਦਗੀ ਦੇ ਬਾਵਜੂਦ ਥੋੜ੍ਹਾ ਕਮਜ਼ੋਰ ਦਿਸਦਾ ਹੈ। ਮਹਿਮਾਨ ਟੀਮ ਨੂੰ ਆਪਣੇ ਸਪਿਨਰਾਂ ਹਰਪ੍ਰੀਤ ਬਰਾੜ ਤੇ ਰਾਹੁਲ ਚਾਹਰ ਤੋਂ ਵੀ ਬਿਹਤਰ ਪ੍ਰਦਰਸ਼ਨ ਦੀ ਲੋੜ ਹੈ ਕਿਉਂਕਿ ਇਨ੍ਹਾਂ ਨੇ ਇਸ ਸੈਸ਼ਨ ਵਿਚ ਸਿਰਫ 7 ਵਿਕਟਾਂ ਲਈਆਂ ਹਨ।


Tarsem Singh

Content Editor

Related News