ਸੈਕਸ ਸ਼ੋਸ਼ਣ ''ਚ ਦੋਸ਼ੀ ਪਾਏ ਜਾਣ ''ਤੇ ਪੋਪ ਨੇ ਸਾਬਕਾ ਕਾਰਡੀਨਲ ਦੇ ਸਾਰੇ ਅਧਿਕਾਰ ਖੋਹੇ

02/21/2019 10:13:36 AM

ਜਲੰਧਰ (ਕਮਲੇਸ਼)— 50 ਸਾਲ ਪਹਿਲਾਂ ਇਕ ਨਾਬਾਲਗ ਲੜਕੀ  ਨਾਲ ਸੈਕਸ ਸ਼ੋਸ਼ਣ ਦੇ ਦੋਸ਼ ਵਿਚ  ਘਿਰੇ ਸਾਬਕਾ ਕਾਰਡੀਨਲ ਥਿਓਡੋਰ ਮੈਕਕਾਰਿਕ  ਦੇ ਸਾਰੇ ਅਧਿਕਾਰ ਪੋਪ ਫਰਾਂਸਿਸ ਨੇ ਖੋਹ ਲਏ  ਹਨ। ਰੋਮਨ ਕੈਥੋਲਿਕ ਚਰਚ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇਸ ਸੰਦਰਭ ਵਿਚ  ਵੈਟੀਕਨ ਨੇ ਖੁਦ ਬਿਆਨ ਜਾਰੀ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ।

ਜੁਲਾਈ 2018 ਵਿਚ  ਵੈਟੀਕਨ ਕਾਲਜ ਆਫ ਕਾਰਡੀਨਲਸ ਤੋਂ ਅਸਤੀਫਾ ਦੇਣ ਵਾਲੇ 88 ਸਾਲ ਦੇ ਕਾਰਡੀਨਲ ਮੈਕਕਾਰਿਕ  ਪਹਿਲੇ ਅਜਿਹੇ ਕਾਰਡੀਨਲ ਹਨ ਜਿਨ੍ਹਾਂ ਕੋਲੋਂ ਸ਼ੋਸ਼ਣ ਦੇ ਦੋਸ਼ਾਂ ਕਾਰਨ ਸਾਰੇ ਅਧਿਕਾਰ ਖੋਹ  ਲਏ ਗਏ। ਇਸ ਤੋਂ ਬਾਅਦ ਮੈਕਕਾਰਿਕ ਨੂੰ ਮਿਸਟਰ ਕਹਿ ਕੇ ਸੰਬੋਧਨ ਕੀਤਾ ਜਾਵੇਗਾ।

ਪੋਪ ਵਲੋਂ ਜਾਰੀ ਬਿਆਨਾਂ ਅਨੁਸਾਰ ਮੈਕਕਾਰਿਕ ਨੂੰ  ਇਕ ਨਾਬਾਲਗ ਲੜਕੀ ਦੇ ਸੈਕਸ ਸ਼ੋਸ਼ਣ ਦੇ  ਮਾਮਲੇ ਵਿਚ ਜਨਵਰੀ 'ਚ ਵੈਟੀਕਨ ਕੋਰਟ ਵਲੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ। ਫਰਵਰੀ ਵਿਚ  ਪੋਪ ਵਲੋਂ ਇਸ ਮਾਮਲੇ ਦੀ ਪੁਸ਼ਟੀ ਕੀਤੀ ਗਈ ਅਤੇ ਨਾਲ ਹੀ ਇਹ ਸਪੱਸ਼ਟ ਕੀਤਾ ਗਿਆ ਕਿ ਅੱਗੇ  ਇਸ ਮਾਮਲੇ ਦੇ ਸਬੰਧ ਵਿਚ ਕੋਈ ਸੁਣਵਾਈ ਨਹੀਂ ਹੋਵੇਗੀ। ਸਾਬਕਾ ਕਾਰਡੀਨਲ ਮੈਕਕਾਰਿਕ  ਨਾਬਾਲਿਗਾ ਅਤੇ ਹੋਰ ਬਾਲਿਗਾਂ ਨਾਲ ਆਪਣੀ ਸ਼ਕਤੀ ਦੀ ਗਲਤ ਵਰਤੋਂ ਕਰਦਿਆਂ ਯੌਨ ਦੁਰਵਿਵਹਾਰ  ਕਰਦਾ ਸੀ ਅਤੇ ਕੈਥੋਲਿਕ ਚਰਚ ਦੇ ਨਿਯਮਾਂ ਅਨੁਸਾਰ ਉਹ 6ਵੇਂ ਹੁਕਮ ਖਿਲਾਫ ਦੋਸ਼ੀ ਪਾਇਆ  ਗਿਆ ਸੀ। ਪੋਪ ਵਲੋਂ ਕੀਤੇ ਐਲਾਨ ਤੋਂ ਠੀਕ ਬਾਅਦ 21 ਤੋਂ 24 ਫਰਵਰੀ ਤਕ  ਵੈਟੀਕਨ ਕਾਨਫਰੰਸ ਹੈ ਜਿੱਥੇ ਦੁਨੀਆ ਭਰ ਦੇ ਬਿਸ਼ਪ ਇਕੱਠੇ ਹੋਣਗੇ। ਕਾਨਫਰੰਸ ਵਿਚ ਇਹ ਚਰਚਾ  ਹੋਵੇਗੀ ਕਿ ਕਿਵੇਂ ਚਰਚ ਦੇ ਅੰਦਰ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਜੁਲਾਈ 'ਚ ਹੀ ਮੈਕਕਾਰਿਕ  ਦੇ  ਪ੍ਰੈਕਟਿਸ ਕਰਨ 'ਤੇ ਲਾਈ ਗਈ ਸੀ ਰੋਕ
ਕਾਰਡੀਨਲ  ਮੈਕਕਾਰਿਕ ਨੂੰ ਪਿਛਲੇ ਸਾਲ ਜੁਲਾਈ ਵਿਚ ਵੈਟੀਕਨ ਵਲੋਂ ਪਾਦਰੀ ਦੇ ਤੌਰ 'ਤੇ  ਪ੍ਰੈਕਟਿਸ ਕਰਨ 'ਤੇ ਰੋਕ ਲਾਈ ਗਈ ਸੀ ਜਿਸ ਤੋਂ ਬਾਅਦ ਮੈਕਕਾਰਿਕ ਨੇ ਕਾਰਡੀਨਲ ਦੇ ਅਹੁਦੇ  ਤੋਂ ਅਸਤੀਫਾ ਦੇ ਦਿੱਤਾ ਸੀ। ਮੈਕਕਾਰਿਕ ਇਸ ਸਮੇਂ ਕੈਨਸਸ ਵਿਚ ਰਹਿ ਰਿਹਾ ਹੈ।

ਮੈਕਕਾਰਿਕ 'ਤੇ ਬਾਲਿਗਾਂ ਨਾਲ ਵੀ ਸੈਕਸ ਸਬੰਧ ਬਣਾਉਣ ਦਾ ਲੱਗ ਚੁੱਕਾ ਹੈ ਦੋਸ਼
ਨਾਬਾਲਿਗਾਂ ਨਾਲ ਦੁਰ-ਵਿਵਹਾਰ ਦੇ ਦੋਸ਼ਾਂ ਵਿਚ ਘਿਰੇ ਮੈਕਕਾਰਿਕ 'ਤੇ ਬਾਲਿਗਾਂ ਨਾਲ ਵੀ ਸੈਕਸ ਸਬੰਧ ਬਣਾਉਣ ਦੇ ਦੋਸ਼ ਲੱਗੇ ਸਨ।

1940 ਤੋਂ ਹੁਣ ਤੱਕ ਸੈਕਸ ਸੋਸ਼ਣ ਵਿਚ 300 ਪਾਦਰੀਆਂ ਦੀ  ਸ਼ਮੂਲੀਅਤ
ਅਮਰੀਕੀ  ਸੂਬਾ ਪੈਨਸਿਲਵੇਨੀਆ ਦੇ ਇਸਤਗਾਸਾ ਨੇ ਵੇਖਿਆ ਕਿ 1940 ਤੋਂ ਹੁਣ ਤੱਕ ਬਾਲ ਸ਼ੋਸ਼ਣ ਵਿਚ  300 ਪਾਦਰੀ ਸ਼ਾਮਲ ਰਹੇ ਹਨ ਤੇ ਇਨ੍ਹਾਂ ਅਪਰਾਧਾਂ ਨੂੰ ਬਿਸ਼ਪਾਂ ਵਲੋਂ ਲੁਕਾਉਣ ਦੀ ਪੂਰੀ  ਕੋਸ਼ਿਸ਼ ਕੀਤੀ ਗਈ ਤੇ ਕਈ ਮਾਮਲਿਆਂ ਵਿਚ ਉਹ ਕਾਮਯਾਬ ਵੀ ਹੋ ਗਏ ਸਨ। ਅਮਰੀਕੇ ਦੇ ਹੋਰ  ਸੂਬਿਆਂ ਦੇ ਇਸਤਗਾਸਾਵਾਂ ਨੇ ਵੀ ਇਸ ਤਰ੍ਹਾਂ ਦੀ ਜਾਂਚ ਕਰਨ ਦਾ ਐਲਾਨ ਕੀਤਾ ਹੈ। ਚਾਈਲ  ਵਿਚ ਡਾਇਓਸਿਸ ਵਿਚ ਸੈਕਸ ਸ਼ੋਸ਼ਣ ਦੇ ਮੁੱਦੇ ਸਾਬਿਤ ਹੋਣ ਤੋਂ ਬਾਅਦ ਪੋਪ ਨੇ ਪਿਛਲੇ ਸਾਲ  ਕਈ ਬਿਸ਼ਪਾਂ ਦੇ ਅਸਤੀਫੇ ਮਨਜ਼ੂਰ ਕਰ ਲਏ ਸਨ। 

ਕਾਰਡੀਨਲ ਦੇ ਅਸਤੀਫੇ ਦਾ ਇਕੋ-ਇਕ ਪਿਛਲਾ  ਮਾਮਲਾ 1927 ਵਿਚ ਸਾਹਮਣੇ ਆਇਆ ਸੀ, ਜਦੋਂ ਪੋਪ ਪਾਇਸ -11 ਨੇ ਫਰਾਂਸੀਸੀ ਕਾਰਡੀਨਲ  ਲੋਇਸ ਬਿਲੋਟ ਦੇ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਸੀ। ਕਾਰਡੀਨਲ ਪੋਪ ਸਲਾਹਕਾਰ ਦੇ ਤੌਰ 'ਤੇ  ਕੰਮ ਕਰਦੇ ਹਨ ਅਤੇ ਜੇਕਰ ਉਹ 80 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਨਵੇਂ ਪੋਂਟਿਫ ਦੀ ਚੋਣ  ਕਰਨ ਲਈ ਸੰਮੇਲਨ ਵਿਚ ਹਿੱਸਾ ਲੈ ਸਕਦੇ ਹਨ। ਮੈਕਕਾਰਿਕ ਕੌਮਾਂਤਰੀ ਮੰਚ 'ਤੇ ਸਰਗਰਮ ਸਭ  ਤੋਂ ਪ੍ਰਮੁੱਖ ਅਮਰੀਕੀ ਕਾਰਡੀਨਲਾਂ ਵਿਚੋਂ ਇਕ ਸਨ। ਭਾਵੇਂ ਅਧਿਕਾਰਤ ਤੌਰ 'ਤੇ ਸੇਵਾਮੁਕਤ  ਹੋਏ ਮੈਕਕਾਰਿਕ ਨੇ ਨਿਯਮਿਤ ਤੌਰ 'ਤੇ ਵਿਦੇਸ਼ ਯਾਤਰਾ ਕਰਨੀ ਜਾਰੀ ਰੱਖੀ ਹੈ ਜਿਨ੍ਹਾਂ  ਵਿਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਵੀ ਸ਼ਾਮਲ ਹਨ।


Shyna

Content Editor

Related News